actress Sonam Bajwa ਤੇ ਫ਼ਿਲਮ ‘ਪਿੱਟ ਸਿਆਪਾ’ ਦੀ ਟੀਮ ਖ਼ਿਲਾਫ਼ ਮੁਕੱਦਮਾ ਦਰਜ ਕਰਨ ਦੀ ਉਠੀ ਮੰਗ
ਇਤਿਹਾਸਕ ਮਸਜਿਦ ’ਚ ਫ਼ਿਲਮ ਦੀ ਸ਼ੂਟਿੰਗ ਕਰਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਲੱਗਿਆ ਇਲਜ਼ਾਮ
ਸਰਹਿੰਦ : ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਪੁਲਿਸ ਤੋਂ ਮੰਗ ਕੀਤੀ ਕਿ ਫਿਲਮ ਪਿੱਟ ਸਿਆਪਾ ਦੀ ਹੀਰੋਇਨ ਸੋਨਮ ਬਾਜਵਾ ਅਤੇ ਫਿਲਮ ਦੇ ਡਾਇਰੈਕਟਰ ਤੇ ਟੀਮ ਦੇ ਨਾਲ ਨਾਲ ਪੁਰਾਤਤਵ ਵਿਭਾਗ ਦੇ ਖ਼ਿਲਾਫ ਵੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮੁਕੱਦਮਾ ਦਰਜ ਕਰਕੇ ਅਤੇ ਤੁਰੰਤ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਜਾਵੇ ।
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਆਰੋਪ ਲਗਾਇਆ ਕਿ ਬੀਤੇ ਦਿਨੀ ਇੱਕ ਪੰਜਾਬੀ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਸੋਨਮ ਬਾਜਵਾ ਅਤੇ ਉਨ੍ਹਾਂ ਦੀ ਟੀਮ ਨੇ ਸਰਹਿੰਦ ਵਿੱਚ ਸਥਿਤ ਇਤਿਹਾਸਿਕ ਮਸਜਿਦ ਭਗਤ ਸਦਨਾ ਵਿੱਚ ਜਾ ਕੇ ਸ਼ੂਟਿੰਗ ਕੀਤੀ, ਜਦਕਿ ਕਿਸੇ ਵੀ ਮਸਜਿਦ ਵਿੱਚ ਸ਼ੂਟਿੰਗ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਭਗਤ ਸਦਨਾ ਦੇ ਨਾਮ ਤੇ ਬਣਾਈ ਗਈ ਇਹ ਮਸਜਿਦ ਇਤਿਹਾਸਿਕ ਹੈ, ਯਾਦ ਰਹੇ ਭਗਤ ਸਦਨਾ ਜੀ ਸਿੱਖ ਤੇ ਮੁਸਲਿਮ ਸਮਾਜ ਵਿੱਚ ਬੜੀ ਅਕੀਦੱਤ ਦੇ ਨਾਲ ਮੰਨੇ ਜਾਂਦੇ ਹਨ । ਭਗਤ ਸਦਨਾ ਜੀ ਦੀ ਬਾਣੀ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੁਸ਼ੋਭਿਤ ਹੈ। ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਇਤਿਹਾਸਿਕ ਮਸਜਿਦ ’ਚ ਸ਼ੂਟਿੰਗ ਕਰਕੇ ਮਸਜਿਦ ਦੀ ਪਵਿੱਤਰਤਾ ਭੰਗ ਕੀਤੀ ਗਈ ਹੈ ।
ਧਰਮ ਦੀ ਆਸਥਾ ਦੇ ਨਾਲ ਖਿਲਵਾੜ ਕੀਤਾ ਗਿਆ ਇਸ ਨੂੰ ਨਜ਼ਰ ਅੰਦਾਜ ਨਹੀਂ ਕੀਤਾ ਜਾ ਸਕਦਾ ਅਤੇ ਪੁਲਿਸ ਨੂੰ ਇਸ ਮਾਮਲੇ ’ਚ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਆਏ ਦਿਨ ਧਰਮ ਦੀ ਆਸਥਾ ਦੇ ਨਾਲ ਖਿਲਵਾੜ ਕਰਨਾ ਅਫਸੋਸਨਾਕ ਹੈ, ਇਸ ’ਤੇ ਕਾਨੂੰਨ ਬਣਨਾ ਚਾਹੀਦਾ ਹੈ । ਸ਼ਾਹੀ ਇਮਾਮ ਕਿਹਾ ਕਿ ਫਿਲਮ ਬਣਾਉਣ ਵਾਲੇ ਪਹਿਲਾਂ ਸਮਾਜ ਨੂੰ ਸੁਨੇਹਾ ਦਿੰਦੇ ਸਨ ਅਤੇ ਅੱਜ ਦੇ ਫਿਲਮ ਨਿਰਮਾਤਾ ਪੈਸੇ ਕਮਾਉਣ ਵੱਲ ਜ਼ਿਆਦਾ ਧਿਆਨ ਦਿੰਦੇ ਹਨ, ਨਾ ਕਿ ਸਮਾਜ ਸੁਧਾਰ ਵੱਲ । ਸ਼ਾਹੀ ਇਮਾਮ ਨੇ ਕਿਹਾ ਕਿ ਜੇਕਰ ਫਿਲਮ ਦੀ ਹੀਰੋਇਨ ਅਤੇ ਪ੍ਰੋਡਿਊਸਰ ਸਮਝਦਾਰ ਹੁੰਦੇ ਤਾਂ ਕਦੇ ਵੀ ਮਸਜਿਦ ਵਿੱਚ ਸ਼ੂਟਿੰਗ ਨਾ ਕਰਦੇ।