ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ 'ਚ ਗੁਰਦਾਸ ਮਾਨ 'ਤੇ ਪਰਚਾ ਦਰਜ 

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਇੰਡੀਅਨ ਪੀਨਲ ਕੋਡ ਦੀ ਧਾਰਾ 295ਏ ਦੇ ਤਹਿਤ ਜਲੰਧਰ ਵਿਚ ਐੱਫ.ਆਈ.ਆਰ.ਦਰਜ

Gurdas Mann

ਚੰਡੀਗੜ੍ਹ - ਪਿਛਲੇ ਕਈ ਦਿਨਾਂ ਤੋਂ ਵਿਵਾਦਾਂ ਵਿਚ ਘਿਰੇ ਪੰਜਾਬੀ ਗਾਇਕ ਗੁਰਦਾਸ ਮਾਨ ਖਿਲਾਫ਼ ਅੱਜ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਪਿਛਲੇ ਕਈ ਦਿਨਾਂ ਤੋਂ ਸਿੱਖ ਸੰਗਠਨਾਂ ਨੇ ਧਰਨਾ ਲਗਾ ਕੇ ਗੁਰਦਾਸ ਮਾਨ 'ਤੇ ਪਰਚਾ ਦਰਜ ਕਰਵਾ ਦਿੱਤਾ ਹੈ। ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਦੇ ਖਿਲਾਫ਼ ਪੁਲਿਸ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵਿਚ ਇੰਡੀਅਨ ਪੀਨਲ ਕੋਡ ਦੀ ਧਾਰਾ 295ਏ ਦੇ ਤਹਿਤ ਜਲੰਧਰ ਵਿਚ ਐੱਫ.ਆਈ.ਆਰ.ਦਰਜ ਕੀਤੀ ਹੈ। 
ਇਹ ਐਫਆਈਆਰ ਅੰਮ੍ਰਿਤਸਰ ਦੇ ਪਰਮਜੀਤ ਸਿੰਘ ਅਕਾਲੀ ਪੁੱਤਰ ਸਤਨਾਮ ਸਿੰਘ ਵੱਲੋਂ ਦਰਜ ਕਰਵਾਈ ਗਈ ਹੈ, ਜੋ ਕਿ ਸਿੱਖ ਯੂਥ ਪਾਵਰ ਆਫ ਪੰਜਾਬ ਵਿਚ ਪੰਜ ਮੈਂਬਰੀ ਕਮੇਟੀ ਦਾ ਮੈਂਬਰ ਹੈ।

ਉਸ ਦਾ ਕਹਿਣਾ ਹੈ ਕਿ ਸਾਂਈ ਲਾਡੀ ਸ਼ਾਹ ਤੇ ਮੁਰਾਦਸ਼ਾਹ ਡੇਰੇ ਦੇ ਟਰੱਸਟ ਦੇ ਚੇਅਰਮੈਨ ਗੁਰਦਾਸ ਮਾਨ ਵੱਲੋਂ ਸਟੇਜ ‘ਤੇ ਗੀਤ ਗਾਉਂਦੇ ਹੋਏ ਸ੍ਰੀ ਗੁਰੂ ਅਮਰਦਾਸ ਜੀ ਦੀ ਤੁਲਨਾ ਬਾਬਾ ਲਾਡੀ ਸ਼ਾਹ ਨਾਲ ਕੀਤੀ ਗਈ ਅਤੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਪਵਿੱਤਰ ਗੁਰਬਾਣੀ ਦੀਆਂ ਪੰਕਤੀਆਂ ਦੀ ਬੇਅਦਬੀ ਕੀਤੀ ਗਈ ਹੈ। ਇਸ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਗੁਰਦਾਸ ਮਾਨ ਦੀ ਇਹ ਵੀਡੀਓ ਸੋਸ਼ਲ਼ ਮੀਡੀਆ ‘ਤੇ ਵਾਇਰਲ ਵੀ ਹੋਈ ਸੀ ਤੇ ਹੁਣ ਵੀ ਹੋ ਰਹੀ ਹੈ। ਇਸ ਨਾਲ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਹੈ, ਜਿਸ ਕਰਕੇ ਉਨ੍ਹਾਂ ਨੇ ਆਪਣੇ ਬਾਕੀ ਸਾਥੀਆਂ ਸਣੇ ਪੰਜਾਬੀ ਗਾਇਕ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।

ਜ਼ਿਕਰਯੋਗ ਹੈ ਕਿ ਗੁਰਦਾਸ ਮਾਨ ‘ਤੇ ਐਫਆਈਆਰ ਦੀ ਮੰਗ ਨੂੰ ਲੈ ਕੇ ਪਿਛਲੇ ਚਾਰ ਦਿਨਾਂ ਤੋਂ ਸਿੱਖ ਸੰਗਠਨ ਐਸਐਸਪੀ ਦਫਤਰ ਅੱਗੇ ਪ੍ਰਦਰਸ਼ਨ ਕਰ ਰਹੇ ਸਨ। ਨਕੋਦਰ ਤੋਂ ਕੁਝ ਸਿੱਖ ਸੰਗਠਨਾਂ ਨੇ ਮਾਮਲੇ ਵਿਚ ਜਲੰਧਰ-ਦਿੱਲੀ ਨੈਸ਼ਨਲ ਹਾਈਵੇ ਸਥਿਤ ਰਾਮਾ ਮੰਡੀ ਚੌਕ ਜਾਮ ਕਰ ਦਿੱਤਾ, ਜਿਸ ਕਰਕੇ ਸ਼ਹਿਰ ਵਾਸੀਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। 

Gurdas Mann apologizes for controversial statement

ਜ਼ਿਕਰਯੋਗ ਹੈ ਕਿ 20 ਅਗਸਤ ਦੀ ਰਾਤ ਨੂੰ ਨਕੋਦਰ ਵਿੱਚ ਇੱਕ ਧਾਰਮਿਕ ਆਯੋਜਨ ਦੌਰਾਨ ਗਾਇਕ ਗੁਰਦਾਸ ਮਾਨ ਨੇ ਡੇਰਾ ਮੁਖੀ ਨੂੰ ਸਿੱਖ ਗੁਰੂ ਦਾ ਅੰਸ਼-ਵੰਸ਼ ਦੱਸਿਆ। ਉਨ੍ਹਾਂ ਦੀ ਇਸ ਟਿੱਪਣੀ ਨੂੰ ਸਿੱਖ ਸੰਗਠਨਾਂ ਨੇ ਧਰਮ ਦੀ ਮਰਿਆਦਾ ਦੇ ਉਲਟ ਦੱਸਦੇ ਹੋਏ ਉਨ੍ਹਾਂ ਖਿਲਾਫ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਗੁਰਦਾਸ ਮਾਨ ਵੀਡੀਓ ਜਾਰੀ ਕਰਕੇ ਆਪਣੀ ਟਿੱਪਣੀ ਲਈ ਮਾਫੀ ਵੀ ਮੰਗ ਚੁੱਕੇ ਹਨ।

ਇਸ ਦੇ ਨਾਲ ਹੀ ਦੱਸ ਦਈਏ ਕਿ ਅਕਾਲ ਯੂਥ ਵੱਲੋਂ ਵੀ ਐਸ.ਐਸ.ਪੀ ਚੰਡੀਗੜ੍ਹ ਨੂੰ ਗੁਰਦਾਸ ਮਾਨ ਦੇ ਖਿਲਾਫ ਕੇਸ ਦਰਜ਼ ਕਰਨ ਲਈ ਦਰਖਾਸਤ ਦਰਜ਼ ਕਰਵਾਈ ਗਈ, ਇਸ ਮੌਕੇ ਤੇ ਅਕਾਲ ਯੂਥ ਦੇ ਆਗੂ ਭਾਈ ਜਸਵਿੰਦਰ ਸਿੰਘ ਰਾਜਪੁਰਾ ,ਭਾਈ ਗੁਰਦਿੱਤ ਸਿੰਘ, ਭਾਈ ਦਵਿੰਦਰ ਸਿੰਘ ਖਰੜ, ਐਡਵੋਕੇਟ ਹਰਨੇਕ ਸਿੰਘ, ਬਿੱਟੂ ਸਡਾਨਾ ਪੰਚਕੁਲਾ , ਐਡਵੋਕੇਟ ਰਮਨਦੀਪ ਸਿੰਘ ,ਗੁਰਸ਼ਰਨ ਸਿੰਘ, ਸਤਿੰਦਰ ਸਿੰਘ,ਕੁਲਵੰਤ ਸਿੰਘ, ਬਲਜੀਤ ਸਿੰਘ ,ਪਰਨਦੀਪ ਸਿੰਘ  ਅਤੇ ਹੋਰ ਵੱਡੀ ਗਿਣਤੀ 'ਚ ਸਿੱਖ ਨੌਜਵਾਨ ਹਾਜ਼ਰ ਸਨ।