NIA ਵੱਲੋਂ ਪੁੱਛਗਿੱਛ ਮਗਰੋਂ ਅਫ਼ਸਾਨਾ ਖ਼ਾਨ ਦਾ ਬਿਆਨ, ‘ਸੱਚੇ ਬੰਦੇ ਨੂੰ ਕੋਈ ਪਰਵਾਹ ਨਹੀਂ ਹੁੰਦੀ’
ਫ਼ਸਾਨਾ ਖ਼ਾਨ ਨੇ ਖੁਦ ਦੱਸਿਆ ਕਿ ਦੀਵਾਲੀ ਤੋਂ ਅਗਲੇ ਦਿਨ ਐਨਆਈਏ ਨੇ ਉਹਨਾਂ ਕੋਲੋਂ 5-6 ਘੰਟੇ ਪੁੱਛਗਿੱਛ ਕੀਤੀ।
ਚੰਡੀਗੜ੍ਹ: ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਬੀਤੇ ਦਿਨ ਰਾਸ਼ਟਰੀ ਜਾਂਚ ਏਜੰਸੀ ਏਜੰਸੀ (ਐਨਆਈਏ) ਨੇ ਮਸ਼ਹੂਰ ਪੰਜਾਬੀ ਗਾਇਕਾ ਅਤੇ ਮਰਹੂਮ ਗਾਇਕ ਦੀ ਮੂੰਹਬੋਲੀ ਭੈਣ ਅਫਸਾਨਾ ਖਾਨ ਕੋਲੋਂ ਪੁੱਛਗਿੱਛ ਕੀਤੀ। ਇਸ ਮਗਰੋਂ ਗਾਇਕਾ ਨੇ ਅੱਜ ਇੰਸਟਾਗ੍ਰਾਮ ’ਤੇ ਲਾਈਵ ਹੋ ਕੇ ਲੋਕਾਂ ਵੱਲੋਂ ਚੁੱਕੇ ਜਾ ਰਹੇ ਸਵਾਲਾਂ ਦੇ ਜਵਾਬ ਦਿੱਤੇ।
ਅਫ਼ਸਾਨਾ ਖ਼ਾਨ ਨੇ ਖੁਦ ਦੱਸਿਆ ਕਿ ਦੀਵਾਲੀ ਤੋਂ ਅਗਲੇ ਦਿਨ ਐਨਆਈਏ ਨੇ ਉਹਨਾਂ ਕੋਲੋਂ 5-6 ਘੰਟੇ ਪੁੱਛਗਿੱਛ ਕੀਤੀ। ਉਹਨਾਂ ਕਿਹਾ ਕਿ ਸੱਚੇ ਬੰਦੇ ਨੂੰ ਕੋਈ ਪਰਵਾਹ ਨਹੀਂ ਹੁੰਦੀ। ਅਫ਼ਸਾਨਾ ਖ਼ਾਨ ਨੇ ਕਿਹਾ, “ਮੈਂ ਇਸ ਗੱਲ ਤੋਂ ਬਹੁਤ ਖੁਸ਼ ਹਾਂ ਕਿ ਸਿੱਧੂ ਬਾਈ ਦਾ ਕੇਸ NIA ਕੋਲ ਚਲਾ ਗਿਆ ਹੈ। ਇਨਸਾਫ਼ ਦੀ ਮੰਗ ਹੁਣ ਇਕ ਸੱਚੀ ਏਜੰਸੀ ਕੋਲ ਹੈ”।
ਅਫ਼ਸਾਨਾ ਖਾਨ ਨੇ ਦਾਅਵਾ ਕੀਤਾ ਕਿ ਏਜੰਸੀ ਨੇ ਉਹਨਾਂ ਕੋਲੋਂ ਗਾਇਕੀ ਖੇਤਰ ਵਿਚ ਆਉਣ ਬਾਰੇ, ਸਿੱਧੂ ਮੂਸੇਵਾਲਾ ਨਾਲ ਰਿਸ਼ਤਿਆਂ ਅਤੇ ਸਿੱਧੂ ਮੂਸੇਵਾਲਾ ਨਾਲ ਆਏ ਵਰਗੇ ਸਬੰਧੀ ਸਵਾਲ ਪੁੱਛੇ। ਅਫ਼ਸਾਨਾ ਖ਼ਾਨ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਐੱਨਆਈਏ ਨੇ ਉਹਨਾਂ ਨੂੰ ਗੈਂਗਸਟਰਾਂ ਨਾਲ ਕਥਿਤ ਸੰਬੰਧਾਂ ਕਾਰਨ ਪੁੱਛਗਿੱਛ ਲਈ ਤਲਬ ਕੀਤਾ ਸੀ।
ਅਫ਼ਸਾਨਾ ਨੇ ਕਿਹਾ, "ਏਜੰਸੀ ਨੇ ਮੈਨੂੰ ਧਮਕਾਇਆ ਨਹੀਂ, ਰਵਾਇਆ ਨਹੀਂ, ਭਟਕਾਇਆ ਨਹੀਂ, ਬੱਸ ਸੱਚਾਈ ਪੁੱਛੀ ਕਿ ਕਿਵੇਂ ਗਾਇਕੀ ਦੀ ਸ਼ੁਰੂਆਤ ਹੋਈ, ਪਰਿਵਾਰ 'ਚ ਕੌਣ-ਕੌਣ, ਕਿੱਥੇ ਕਿੱਥੇ ਸ਼ੋਅ ਲਾਏ, ਸਿੱਧੂ ਨਾਲ ਕਿਵੇਂ ਪਿਆਰ ਪਿਆ"। ਅਫ਼ਸਾਨਾ ਖ਼ਾਨ ਨੇ ਕਿਹਾ ਕਿ ਕਈ ਲੋਕ 4 ਮਹੀਨੇ ਬਾਅਦ ਉੱਠ ਕੇ ਗੀਤ ਗਾਉਣ ਲੱਗ ਪਏ ਅਤੇ ਸ਼ਰਧਾਂਜਲੀਆਂ ਦੇਣ ਲੱਗ ਪਏ। ਉਹਨਾਂ ਕਿਹਾ ਕਿ ਗਾਣੇ ਕੱਢ ਕੇ ਜੇ ਸਿੱਧੂ ਬਾਈ ਨੂੰ ਇਨਸਾਫ਼ ਦਿਵਾਉਣਾ ਹੁੰਦਾ ਤਾਂ ਮੈਂ ਕਦੋਂ ਦੇ ਗੀਤ ਗਾ ਦਿੰਦੀ। ਮੈਂ ਪਹਿਲੇ ਦਿਨ ਤੋਂ ਉਹਨਾਂ ਦੇ ਨਾਲ ਹਾਂ। ਮੈਂ ਕੋਈ ਇੰਟਰਵਿਊ ਨਹੀਂ ਦਿੱਤੀ ਤੇ ਨਾ ਹੀ ਕੋਈ ਫੇਮ ਭਾਲਿਆ। ਬਾਈ ਸਿੱਧੂ ਮੈਨੂੰ ਭੈਣ ਵਾਲਾ-ਧੀ ਵਾਲਾ ਪਿਆਰ ਕਰਦਾ ਸੀ। ਇਸ ਤੁਸੀਂ ਵੀਡੀਓਜ਼ ਵਿਚ ਵੀ ਨਜ਼ਰ ਆਇਆ ਹੋਣਾ।"
ਅਫ਼ਸਾਨਾ ਖ਼ਾਨ ਨੇ ਉਮੀਦ ਜਤਾਈ ਕਿ ਐਨਆਈਏ ਕੋਲ ਕੇਸ ਜਾਣ ਤੋਂ ਬਾਅਦ ਸਿੱਧੂ ਮੂਸੇਵਾਲਾ ਨੂੰ ਜਲਦੀ ਇਨਸਾਫ਼ ਮਿਲੇਗਾ। ਇਸ ਦੇ ਨਾਲ ਹੀ ਉਹਨਾਂ ਨੇ ਝੂਠੀਆਂ ਖ਼ਬਰਾਂ ਫੈਲਾਉਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਉੱਤੇ ਵੀ ਗਲਤ ਇਲਜ਼ਾਮ ਨਹੀਂ ਲਗਾਉਣੇ ਚਾਹੀਦੇ।