ਤੁਹਾਡਾ ਮਨਪਸੰਦ ਸਕੁਐਡ ਵਾਪਸ ਆ ਰਿਹਾ ਹੈ! “ਯਾਰ ਜਿਗਰੀ ਕਸੂਤੀ ਡਿਗਰੀ – ਦ ਫ਼ਿਲਮ”
7 ਅਗਸਤ 2026 ਨੂੰ ਲੱਗੇਗੀ ਸਿਨੇਮਾਘਰਾਂ ’ਚ!
ਓਮਜੀ ਸਿਨੇ ਵਰਲਡ ਨੇ ਟਰੋਲ ਪੰਜਾਬੀ ਦੇ ਸਹਿਯੋਗ ਨਾਲ “ਯਾਰ ਜਿਗਰੀ ਕਸੂਤੀ ਡਿਗਰੀ – ਦ ਫ਼ਿਲਮ” ਦਾ ਐਲਾਨ ਇੱਕ ਰੌਣਕਭਰੇ ਸਮਾਰੋਹ ਦੌਰਾਨ ਕੀਤਾ, ਜੋ ਸੀਜੀਸੀ ਲਾਂਡਰਾਂ ’ਚ ਹੋਇਆ। ਸੈਂਕੜਿਆਂ ਵਿਦਿਆਰਥੀਆਂ ਅਤੇ ਮੀਡੀਆ ਪ੍ਰਤਿਨਿਧੀਆਂ ਦੀ ਹਾਜ਼ਰੀ ਵਿਚ ਹੋਏ ਇਸ ਸ਼ਾਨਦਾਰ ਇਵੈਂਟ ਵਿੱਚ ਪੂਰੀ ਸਟਾਰ ਕਾਸਟ—ਪੁਖਰਾਜ ਭੱਲਾ, ਅੰਮ੍ਰਿਤ ਐਂਬੀ, ਪਵਨ ਜੋਹਲ, ਹਸ਼ਨੀਨ ਚੌਹਾਨ ਅਤੇ ਹੋਰ ਕਲਾਕਾਰਾਂ ਦੇ ਨਾਲ ਲੇਖਕ-ਨਿਰਦੇਸ਼ਕ ਰੈਬੀ ਟਿਵਾਣਾ ਅਤੇ ਪ੍ਰੋਡਿਊਸਰ ਮੁਨੀਸ਼ ਸਾਹਨੀ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ’ਤੇ ਖਾਸ ਐਲਾਨ ਟੀਜ਼ਰ ਜਾਰੀ ਕਰਕੇ ਫ਼ਿਲਮ ਦੀ ਰਿਲੀਜ਼ ਦੀ ਤਾਰੀਖ 7 ਅਗਸਤ 2026 ਦਾ ਅਧਿਕਾਰਿਕ ਐਲਾਨ ਕੀਤਾ ਗਿਆ।
ਪੰਜਾਬੀ ਮਨੋਰੰਜਨ ਦੀ ਦੁਨੀਆ ਦੀ ਸਭ ਦੀ ਮਨਪਸੰਦ ਵੈੱਬ ਸੀਰੀਜ਼ਾਂ ਵਿੱਚੋਂ ਇੱਕ “ਯਾਰ ਜਿਗਰੀ ਕਸੂਤੀ ਡਿਗਰੀ” ਦਰਸ਼ਕਾਂ ਦੇ ਦਿਲਾਂ ਵਿੱਚ ਖਾਸ ਥਾਂ ਬਣਾਈ ਹੋਈ ਹੈ, ਜਿਸ ਨੂੰ ਯੂ ਟਿਊਬ ’ਤੇ 550 ਮਿਲੀਅਨ ਤੋਂ ਵੱਧ ਵਿਊਜ਼ ਮਿਲੇ ਹਨ। ਹੁਣ ਇਹ ਫ਼ਿਲਮ ਉਸੇ ਕਹਾਣੀ ਨੂੰ ਅੱਗੇ ਵਧਾਏਗੀ—ਪੁਰਾਣੇ ਕਿਰਦਾਰਾਂ, ਕਾਲਜ ਦੀਆਂ ਯਾਦਾਂ ਤੇ ਦੋਸਤੀ ਦੇ ਜਜ਼ਬਾਤਾਂ ਨੂੰ ਇਕ ਨਵੀਂ ਉਡਾਨ ਦੇਵੇਗੀ, ਇਸ ਵਾਰ ਹੋਰ ਵੀ ਨਵੇਂ ਮੋੜਾਂ ਅਤੇ ਭਾਵਨਾਵਾਂ ਨਾਲ।
ਅਦਾਕਾਰ ਪੁਖਰਾਜ ਭੱਲਾ ਨੇ ਕਿਹਾ, “ਇਹ ਸਿਰਫ਼ ਫ਼ਿਲਮ ਨਹੀਂ, ਇਹ ਸਾਡੀ ਰਿਯੂਨਿਅਨ ਹੈ। ਜਿਹੜਾ ਪਿਆਰ ਫੈਨਾਂ ਨੇ ਸਾਨੂੰ ਦਿੱਤਾ, ਹੁਣ ਉਹ ਜਾਦੂ ਵਾਪਸ ਲੈ ਕੇ ਆ ਰਹੇ ਹਾਂ—ਵੱਡੇ ਪਰਦੇ ’ਤੇ।” ਨਿਰਦੇਸ਼ਕ ਰੈਬੀ ਟਿਵਾਣਾ ਨੇ ਕਿਹਾ, “ਯਾਰ ਜਿਗਰੀ ਕਸੂਤੀ ਡਿਗਰੀ” ਇੱਕ ਸੁਪਨਾ ਸੀ ਜੋ ਅਸੀਂ ਦਰਸ਼ਕਾਂ ਨਾਲ ਮਿਲ ਕੇ ਦੇਖਿਆ। ਉਹਨਾਂ ਦਾ ਪਿਆਰ ਇਸਨੂੰ ਇੱਕ ਮੂਵਮੈਂਟ ਬਣਾ ਗਿਆ। ਇਹ ਫ਼ਿਲਮ ਉਸ ਯਾਤਰਾ ਨੂੰ ਹੋਰ ਵੱਡੇ ਪੱਧਰ ‘ਤੇ ਮਨਾਉਣ ਦਾ ਤਰੀਕਾ ਹੈ।”
ਪ੍ਰੋਡਿਊਸਰ ਮੁਨੀਸ਼ ਸਾਹਨੀ ਨੇ ਕਿਹਾ, “ਇਸ ਸੀਰੀਜ਼ ਨੂੰ ਮਿਲਿਆ ਪਿਆਰ ਇਤਿਹਾਸਕ ਹੈ। ਇਸ ਨੂੰ ਸਿਨੇਮਾ ਘਰਾਂ ਤੱਕ ਲੈ ਜਾਣਾ ਕੁਦਰਤੀ ਕਦਮ ਹੈ, ਕਿਉਂਕਿ ਇਹ ਹਰ ਪੰਜਾਬੀ ਨੌਜਵਾਨ ਦੇ ਦਿਲ ਨਾਲ ਜੁੜੀ ਕਹਾਣੀ ਹੈ। ਹੁਣ ਅਸੀਂ ਇਸਨੂੰ ਗਲੋਬਲ ਪੱਧਰ ’ਤੇ ਲੈ ਕੇ ਜਾਣ ਲਈ ਤਿਆਰ ਹਾਂ।”
“ਯਾਰ ਜਿਗਰੀ ਕਸੂਟੀ ਡਿਗਰੀ –ਦ ਫ਼ਿਲਮ” ਯਾਦਾਂ, ਸੁਪਨਿਆਂ ਅਤੇ ਦੋਸਤੀ ਦਾ ਜਸ਼ਨ ਹੋਵੇਗੀ — ਕਲਾਸਰੂਮ ਤੋਂ ਸਿਨੇਮਾਘਰਾਂ ਤੱਕ ਦੀ ਇਹ ਯਾਤਰਾ 7 ਅਗਸਤ 2026 ਨੂੰ ਸ਼ੁਰੂ ਹੋਣ ਜਾ ਰਹੀ ਹੈ।