ਐਲੀ ਮਾਂਗਟ ਨੇ ਜਨਮ-ਦਿਨ ਪਾਰਟੀ ‘ਚ ਹਵਾਈ ਫ਼ਾਇਰ ਕਰਨ ਦੇ ਦੋਸ਼ਾਂ ਨੂੰ ਨੁਕਾਰਿਆ, ਦਿੱਤੀ ਇਹ ਸਫ਼ਾਈ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਸਾਹਨੇਵਾਲ ਦੇ ਪਿੰਡ ਧਰੋੜ ‘ਚ ਬਰਥ-ਡੇਅ ਪਾਰਟੀ ਦੌਰਾਨ ਹਵਾਈ ਫ਼ਾਇਰ ਕਰਨ ਦੇ ਮਾਮਲੇ...

ਐਲੀ ਮਾਂਗਟ

ਲੁਧਿਆਣਾ: ਸਾਹਨੇਵਾਲ ਦੇ ਪਿੰਡ ਧਰੋੜ ‘ਚ ਬਰਥ-ਡੇਅ ਪਾਰਟੀ ਦੌਰਾਨ ਹਵਾਈ ਫ਼ਾਇਰ ਕਰਨ ਦੇ ਮਾਮਲੇ ਵਿਚ ਪੰਜਾਬ ਗਾਇਕ ਐਲੀ ਮਾਂਗਟ ਨੇ ਮੰਗਲਵਾਰ ਨੂੰ ਏਐਸਪੀ ਦੇ ਸਾਹਮਣੇ ਆਪਣੇ ਬਿਆਨ ਦਰਜ ਕਰਵਾਏ। ਐਲੀ ਮਾਂਗਟ ਨੇ ਸੋਸ਼ਲ ਮੀਡੀਆ ਉਤੇ ਵਾਇਰਲ ਹੋਈ ਬਰਥ-ਡੇਅ ਪਾਰਟੀ ਵਿਚ ਫਾਇਰਿੰਗ ਦੀ ਵੀਡੀਓ ਨੂੰ ਸ਼ੂਟਿੰਗ ਦੀ ਵੀਡੀਓ ਦੱਸਿਆ। ਉਸਦਾ ਦੋਸ਼ ਹੈ ਕਿ ਕਿਸੇ ਸ਼ਰਾਰਤੀ ਅਨਸਰ ਨੇ ਉਨ੍ਹਾਂ ਦਾ ਨਾਮ ਖ਼ਰਾਬ ਕਰਨ ਦੇ ਲਈ ਇਹ ਸਭ ਕੀਤਾ ਹੈ।

ਜ਼ਿਕਰਯੋਗ ਹੈ ਕਿ ਐਲੀ ਮਾਂਗਟ ਉਤੇ ਦੋਸਤ ਦੀ ਬਰਥ-ਡੇਅ ਪਾਰਟੀ ਵਿਚ ਉਸਦੇ ਪਿਤਾ ਦੀ 12 ਬੋਰ ਦੀ ਬੰਦੂਕ ਨਾਲ ਹਵਾਈ ਫਾਇਰਿੰਗ ਕਰਨ ਦਾ ਦੋਸ਼ ਹੈ। ਇਸੇ ਮਾਮਲੇ ਵਿਚ ਹੀ ਸ਼ਾਮਲ ਤਫ਼ਤੀਸ਼ ਹੋਣ ਦੇ ਲਈ ਗਾਇਕ ਐਲੀਮਾਂਗਟ ਇੱਥੇ ਪਹੁੰਚੇ ਸੀ। ਬਰਥ-ਡੇਅ ਪਾਰਟੀ ਵਿਚ ਐਲੀ ਨੇ ਅਪਣੇ ਦੋਸਤ ਦੀ ਬੰਦੂਕ ਨਾਲ ਹਵਾਈ ਫ਼ਾਇਰ ਕੀਤੇ ਸੀ। ਮਾਮਲਾ ਸਾਹਮਣੇ ਉਦੋਂ ਆਇਆ ਜਦੋਂ ਕਿਸੇ ਨੇ ਉਸਦੀ ਵੀਡੀਓ ਬਣਾ ਸੋਸ਼ਲ ਮੀਡੀਆ ਉਤੇ ਵਾਇਰਲ ਕਰ ਦਿੱਤੀ।

ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਕਾਰਵਾਈ ਦੇ ਡਰ ਨਾਲ ਐਲੀ ਦੇ ਦੋਸਤ ਭੁਪਿੰਦਰ ਸਿੰਘ ਦੇ ਪਿਤਾ ਗੁਰਬੰਤ ਸਿੰਘ ਘਟਨਾ ਵਿਚ ਇਸਤੇਮਾਲ ਬੰਦੂਕ ਤੇ ਕਾਰਤੂਸ ਨਹਿਰ ਵਿਚ ਸੁੱਟਣ ਦੇ ਲਈ ਨਿਕਲਿਆ। ਇਸ ਦੌਰਾਨ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਰਸਤੇ ਵਿਚ ਹੀ ਉਸਨੂੰ ਫੜ੍ਹ ਲਿਆ। ਉਸਦੇ ਕਬਜੇ ਤੋਂ ਉਕਤ ਬੰਦੂਕ ਤੇ 9 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਸੀ। ਇਸ ਮਾਮਲੇ ਵਿਚ ਥਾਣਾ ਸਾਹਨੇਵਾਲ ਨੇ ਐਲੀ, ਉਸਦੇ ਦੋਸਤ ਤੇ ਦੋਸਤ ਦੇ ਪਿਤਾ ਉਤੇ ਮਾਮਲੇ ਦਰਜ ਕੀਤਾ ਸੀ।