ਜਾਣੋ ਸਿੱਧੂ ਮੂਸੇਵਾਲੇ ਬਾਰੇ ਕੀ ਕਹਿੰਦੇ ਹਨ ਪਿੰਡ ਮੂਸੇ ਦੇ ਬਜ਼ੁਰਗ ?

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਆਪਣੇ ਗੀਤਾਂ ਦੇ ਨਾਲ ਥੋੜੇ ਹੀ ਸਮੇਂ ਵਿਚ ਵੱਡੀ ਪਹਿਚਾਣ ਬਣਾਉਣ ਵਾਲੇ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਨੂੰ ਨੌਜਵਾਨਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ।

sidhu moose wala

ਚੰਡੀਗੜ੍ਹ: ਆਪਣੇ ਗੀਤਾਂ ਦੇ ਨਾਲ ਥੋੜੇ ਹੀ ਸਮੇਂ ਵਿਚ ਵੱਡੀ ਪਹਿਚਾਣ ਬਣਾਉਣ ਵਾਲੇ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਨੂੰ ਨੌਜਵਾਨਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਸਿੱਧੂ ਮੂਸੇਵਾਲੇ ਨੇ 2017 ਵਿਚ ਆਪਣੇ ਮਿਊਜ਼ਿਕ ਕੈਰੀਅਰ ਦੀ ਸ਼ੁਰੂਆਤ "ਲਾਇਸੰਸ", "ਉੱਚੀਆਂ ਗੱਲਾਂ", "ਜੀ ਵੈਗਨ" ਤੇ "ਲਾਈਫਸਟਾਇਲ" ਆਦਿ ਗੀਤਾਂ ਨਾਲ ਕੀਤੀ ਸੀ।

ਸਿੱਧੂ ਮੂਸੇਵਾਲੇ ਨੂੰ ਸੋਸ਼ਲ ਮੀਡੀਆ ‘ਤੇ ਵੀ ਭਰਵਾਂ ਹੁੰਗਾਰਾ ਮਿਲਿਆ ਸੀ। ਹਾਲਾਂਕਿ ਕੁਝ ਸਮਾਂ ਪਹਿਲਾਂ ਸਿੱਧੂ ਮੂਸੇਵਾਲੇ ਦੇ ਗੀਤ ‘ਜੱਟੀ ਜਿਉਣੇ ਮੌੜ ਵਰਗੀ’ ਨੇ ਵਿਵਾਦ ਖੜ੍ਹਾ ਕੀਤਾ ਸੀ। ਇਸ ਨੂੰ ਲੈ ਕੇ ਪੰਥਕ ਧਿਰਾਂ ਅਤੇ ਸਿੱਖਾਂ ਵੱਲੋਂ ਸਿੱਧੂ ਮੂਸੇਵਾਲੇ ਦੀ ਸਖਤ ਨਿਖੇਧੀ ਵੀ ਕੀਤੀ ਗਈ। ਇਸ ਕਰਕੇ ਸਿੱਧੂ ਮੂਸੇਵਾਲਾ ਨੂੰ ਸੋਸ਼ਲ ਮੀਡੀਆ 'ਤੇ ਖੂਬ ਆਲੋਚਨਾ ਦਾ ਸ਼ਿਕਾਰ ਹੋਣਾ ਪੈ ਰਿਹਾ ਸੀ।

ਇਸ ਤੋਂ ਬਾਅਦ ਉਸ ਨੇ ਇੰਸਟਾਗ੍ਰਾਮ 'ਤੇ ਲਾਈਵ ਹੋ ਤੇ ਆਪਣੇ ਗਾਣੇ 'ਚ ਮਾਈ ਭਾਗੋ ਜੀ ਦਾ ਨਾਂ ਲੈਣ 'ਤੇ ਆਪਣੀ ਸਫਾਈ ਪੇਸ਼ ਕੀਤੀ ਸੀ ਤੇ ਨਾਲ ਹੀ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਕਰਕੇ ਫੈਨਸ ਤੋਂ ਮੁਆਫੀ ਵੀ ਮੰਗੀ ਸੀ। ਸਿੱਧੂ ਮੂਸੇਵਾਲਾ ਪੰਜਾਬ ਦੇ ਜ਼ਿਲ੍ਹਾ ਮਾਨਸਾ ਵਿਚ ਪੈਂਦੇ ਪਿੰਡ ਮੂਸੇ ਵਾਲੇ ਦਾ ਰਹਿਣ ਵਾਲਾ ਹੈ। ਉਸ ਦਾ ਪੂਰਾ ਨਾਂਅ ਸ਼ੁਭਦੀਪ ਸਿੰਘ ਸਿੱਧੂ ਹੈ।

ਸਿੱਧੂ ਮੂਸੇਵਾਲੇ ਦੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲਾ ਅਤੇ ਉਸ ਦੇ ਪਰਿਵਾਰ ਦਾ ਸੁਭਾਅ ਵਧੀਆ ਹੈ। ਸਿੱਧੂ ਮੂਸੇਵਾਲੇ ਦੇ ਪਿਤਾ ਪਿੰਡ ਮੂਸੇਵਾਲ ਦੇ ਸਰਪੰਚ ਹਨ। ਪਿੰਡ ਦੇ ਬਜ਼ੁਰਗਾਂ ਦਾ ਕਹਿਣਾ ਹੈ ਕਿ ਸ਼ੁਭਦੀਪ ਦੇ ਪਿਤਾ ਨੇ ਸਰਪੰਚ ਵਜੋਂ ਪਿੰਡ ਵਿਚ ਬਹੁਤ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਸਿੱਧੂ ਮੂਸੇ ਵਾਲਾ ਉਹਨਾਂ ਨੂੰ ਮਿਲਦਾ ਰਹਿੰਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਸ਼ੁਭਦੀਪ ‘ਤੇ ਬਹੁਤ ਮਾਣ ਹੈ। ਦੱਸ ਦਈਏ ਕਿ ਸਿੱਧੂ ਮੂਸੇਵਾਲੇ ਦੀ ਗਾਇਕੀ ਨੂੰ ਨੌਜਵਾਨਾਂ ਤੋਂ ਇਲਾਕਾ ਉਸ ਦੇ ਪਿੰਡ ਦੇ ਲੋਕ ਵੀ ਕਾਫੀ ਪਸੰਦ ਕਰਦੇ ਹਨ।