ਦਿੱਲੀ ਸ਼ੋਅ ਨੂੰ ਲੈ ਕੇ ਐਮ.ਸੀ.ਡੀ. ਨੇ ਕਰਨ ਔਜਲਾ ਨੂੰ ਜਾਰੀ ਕੀਤੀ ਸਖ਼ਤ ਚੇਤਾਵਨੀ
ਕਿਹਾ : 'ਅਸਥਾਈ ਟਾਇਲਟ, ਸਾਲਿਡ ਵੇਸਟ ਮੈਨੇਜਮੈਂਟ ਦੇ ਨਿਯਮਾਂ ਦਾ ਪਾਲਣ ਕਰਨਾ ਹੋਵੇਗਾ'
ਨਵੀਂ ਦਿੱਲੀ : ਪੰਜਾਬੀ ਗਾਇਕ ਕਰਨ ਔਜਲਾ ਦੇ ਸੰਗੀਤ ਸਮਾਰੋਹ ਲਈ ਨੋਟਿਸ ਜਾਰੀ ਹੋਇਆ ਹੈ। ਇਹ ਸੰਗੀਤ ਸਮਾਰੋਹ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਚ ਹੋਣ ਵਾਲਾ ਹੈ। ਇਹ ਸੰਗੀਤ ਸਮਾਰੋਹ "ਪੀ-ਪੌਪ ਕਲਚਰ ਇੰਡੀਆ ਟੂਰ 2026" ਦੇ ਨਾਮ ਹੇਠ ਕਰਵਾਇਆ ਜਾ ਰਿਹਾ ਹੈ। ਐਮ.ਸੀ.ਡੀ. ਦੇ ਸਿਹਤ ਵਿਭਾਗ ਨੇ ਇਸ ਸ਼ੋਅ ਨੂੰ ਲੈ ਕੇ ਇਕ ਨੋਟਿਸ ਜਾਰੀ ਕੀਤਾ ਹੈ।ਨੋਟਿਸ ਵਿਚ ਅਸਥਾਈ ਪਖਾਨਿਆਂ, ਠੋਸ ਰਹਿੰਦ-ਖੂੰਹਦ ਪ੍ਰਬੰਧਨ ਨਿਯਮਾਂ ਦੀ ਪਾਲਣਾ, ਕਿਸੇ ਵੀ ਵੱਡੇ ਹਾਦਸੇ ਨੂੰ ਰੋਕਣ ਲਈ ਐਮਰਜੈਂਸੀ ਨਿਕਾਸ ਅਤੇ ਜਨਤਕ ਸੁਰੱਖਿਆ ਲਈ ਢੁਕਵੇਂ ਸੰਕੇਤਾਂ ਲਈ ਨਿਰਦੇਸ਼ ਦਿੱਤੇ ਗਏ ਹਨ।
ਦਿੱਲੀ ਦੀ ਚਾਈਲਡ ਪ੍ਰੋਟੈਕਸ਼ਨ ਯੂਨਿਟ ਨੇ ਉਨ੍ਹਾਂ ਦੇ ਗੀਤਾਂ ਨੂੰ ਲੈ ਕੇ ਸ਼ੋ ਦੇ ਆਯੋਜਕ ਨੂੰ ਨੋਟਿਸ ਜਾਰੀ ਕੀਤਾ ਹੈ। ਜਾਣਕਾਰੀ ਮੁਤਾਬਕ, ਡੀ.ਸੀ.ਪੀ.ਓ. ਸਾਊਥ ਈਸਟ ਦਿੱਲੀ ਨੇ 28 ਫਰਵਰੀ 2026 ਨੂੰ ਜਵਾਹਰਲਾਲ ਨਹਿਰੂ ਸਟੇਡੀਅਮ ਵਿੱਚ ਹੋਣ ਵਾਲੇ ਕਰਨ ਔਜਲਾ ਦੇ ਕਾਂਸਰਟ ਨੂੰ ਲੈ ਕੇ ਇੱਕ ਨੋਟਿਸ ਜਾਰੀ ਕੀਤਾ ਹੈ। ਨੋਟਿਸ ਵਿੱਚ ਕਿਹਾ ਗਿਆ ਹੈ ਕਿ ਕਾਂਸਰਟ ਦੌਰਾਨ ਸ਼ਰਾਬ, ਡਰੱਗਸ ਅਤੇ ਗੰਨ ਕਲਚਰ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਨਹੀਂ ਗਾਏ ਜਾਣੇ ਚਾਹੀਦੇ।
ਚਾਈਲਡ ਪ੍ਰੋਟੈਕਸ਼ਨ ਯੂਨਿਟ ਨੇ ਆਯੋਜਕ ਨੂੰ ਪ੍ਰੋਗਰਾਮ ਦੌਰਾਨ ਅਜਿਹੇ ਗੀਤਾਂ ਤੋਂ ਬਚਣ ਦੀ ਹਦਾਇਤ ਦਿੱਤੀ ਹੈ ਜਿਨ੍ਹਾਂ ਦਾ ਨਾਬਾਲਗਾਂ 'ਤੇ ਬੁਰਾ ਅਸਰ ਪੈ ਸਕਦਾ ਹੈ। ਇਸ ਨਾਲ ਹੀ, ਬੰਦੂਕ ਅਤੇ ਸ਼ਰਾਬ ਨਾਲ ਜੁੜੇ ਸ਼ਬਦਾਂ ਵਾਲੇ ਗੀਤਾਂ 'ਤੇ ਵੀ ਬੈਨ ਲਗਾਉਣ ਦੀ ਮੰਗ ਕੀਤੀ ਗਈ ਹੈ। ਹਾਲਾਂਕਿ, ਇਸ ਮਾਮਲੇ ਵਿੱਚ ਅਜੇ ਤੱਕ ਸਿੰਗਰ ਜਾਂ ਸਿੰਗਰ ਦੀ ਟੀਮ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਗਿਆ ਹੈ।