ਮਾਂ-ਪੁੱਤ ਦੇ ਰਿਸ਼ਤੇ ਨੂੰ ਬਿਆਨ ਕਰਦੀ ਫ਼ਿਲਮ 'ਅਸੀਸ' 

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

22 ਜੂਨ ਨੂੰ ਰਿਲੀਜ਼ ਹੋਣ ਵਾਲੀ ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ

asees

ਰਾਣਾ ਰਣਬੀਰ ਦੀ ਅਦਾਕਾਰੀ ਦਾ ਲੋਹਾ ਪੂਰੀ ਪੰਜਾਬੀ ਫਿਲਮ ਇੰਡਸਟਰੀ ਮੰਨਦੀ ਹੈ ਅਤੇ ਇਸ ਵਾਰ ਰਾਣਾ ਰਣਬੀਰ 'ਅਸੀਸ' ਫਿਲਮ ਦੇ ਮਾਧਿਅਮ ਨਾਲ ਪੰਜਾਬੀ ਸਰੋਤਿਆਂ ਲਈ ਕੁੱਝ ਨਵਾਂ ਲੈ ਕੇ ਆਏ ਹਨ | 22 ਜੂਨ ਨੂੰ ਰਿਲੀਜ਼ ਹੋਣ ਵਾਲੀ ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ | ਇਹ ਫ਼ਿਲਮ ਮਾਂ-ਪੁੱਤ ਦੇ ਰਿਸ਼ਤੇ 'ਤੇ ਅਧਾਰਿਤ ਹੈ | ਇਸ ਫਿਲਮ ਵਿੱਚ ਇੱਕ ਪੁੱਤ ਆਪਣੀ ਮਾਂ ਦੀ ਸੇਵਾ ਕਰਦਾ ਦਿਖਾਈ ਦਿੰਦਾ ਹੈ ਜੋ ਕਿ ਅੱਜ ਦੇ ਜ਼ਮਾਨੇ ਵਿੱਚ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ |  

 ਫਿਲਮ 'ਅਸੀਸ' ਵਿੱਚ ਰਾਣਾ ਜੀ ਵੱਲੋਂ ਬੋਲੇ ਗਏ ਡਾਇਲੌਗ 'ਮਾਂ ਜੇ ਤੂੰ ਮਿੱਟੀ ਹੈ ਤਾਂ ਮੈਂ ਤੇਰੀ ਧੂੜ ਹਾਂ' ਨੇ  ਫਿਲਮ ਦਾ ਮੁੱਢ ਬੰਨ੍ਹ ਦਿੱਤਾ ਅਤੇ ਮਾਂ-ਪੁੱਤ ਪਵਿੱਤਰ ਰਿਸ਼ਤੇ ਦੇ ਸਹੀ ਅਰਥ ਬਿਆਨ ਕਰ ਦਿੱਤਾ ਹੈ | ਹਰ ਔਲਾਦ ਆਪਣੀ ਮਾਂ ਦੀ ਚਰਨਾਂ ਦੀ ਧੂੜ ਹੁੰਦੀ ਹੈ ਬਸ ਇਸ ਸੱਚਾਈ ਨੂੰ ਸਮਝਣ ਦੀ ਲੋੜ ਹੈ | ਇਸ ਫਿਲਮ ਦੀ ਕਹਾਣੀ ਜਿੰਦਗੀ ਦੇ ਝਮੇਲਿਆ,ਸਮੇ ਦੀਆਂ ਮਜਬੂਰੀਆਂ ਅਤੇ ਅਖੌਤੀ ਰੀਤੀ ਰਿਵਾਜਾ ਕਾਰਨ ਤਿੜਕਦੇ ਜਾ ਰਹੇ ਰਿਸ਼ਤਿਆ ਨੂੰ ਅਧਾਰ ਬਣਾਕੇ ਲਿਖੀ ਗਈ ਹੈ|

 ਇਸ ਫ਼ਿਲਮ ਦੇ ਨਿਰਦੇਸ਼ਨ ਦੇ ਨਾਲ ਰਾਣਾ ਰਣਬੀਰ ਨੇ  ਕਹਾਣੀ, ਸਕਰੀਨ ਪਲੇਅ ਅਤੇ ਡਾਇਲੋਗ ਵੀ ਖੁਦ ਹੀ ਲਿਖੇ ਹਨ | ਇਸ ਫ਼ਿਲਮ ਵਿੱਚ ਰਾਣਾ ਰਣਬੀਰ, ਨੇਹਾ ਪਵਾਰ, ਸਰਦਾਰ ਸੋਹੀ, ਪ੍ਰਦੀਪ ਸਰਾਂ, ਰੁਪਿੰਦਰ ਰੂਪੀ, ਕੁਲਜਿੰਦਰ ਸਿੱਧੂ, ਗੁਰਪ੍ਰੀਤ ਕੌਰ ਭੰਗੂ, ਸੀਮਾ ਕੌਸ਼ਲ, ਰਘਬੀਰ ਬੋਲੀ ਆਦਿ ਨੇ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ ਹਨ | 

ਜੇਕਰ ਇਸ ਫ਼ਿਲਮ ਦੇ ਸੰਗੀਤ ਦੀ ਗੱਲ ਕਰੀਏ ਤਾਂ 'ਅਸੀਸ' ਨੂੰ ਸੰਗੀਤ ਤੇਜਵੰਤ ਕਿਟੂ ਵਲੋ ਦਿੱਤਾ ਗਿਆ ਹੈ ਜਦੋਕਿ ਫਿਲਮ ਵਿਚਲੇ ਗੀਤ ਗਿੱਲ ਰੌਤਾਂ, ਅਮਰ ਕਵੀ, ਰਾਣਾ ਰਣਬੀਰ ਵਲੋ ਲਿਖੇ ਗਏ ਹਨ ਜਿੰਨਾ ਨੂੰ ਕੰਵਰ ਗਰੇਵਾਲ, ਲਖਵਿੰਦਰ ਵਡਾਲੀ,ਫਿਰੋਜ ਖਾਨ, ਪਰਦੀਪ ਸਰਾਂ ਅਤੇ ਗੁਲਤੇਜ ਅਖਤਰ ਵਲੋ ਗਾਇਆ ਗਿਆ ਹੈ।