ਬੱਬੂ ਮਾਨ ਨੇ ਅਪਣੇ ਗੀਤਾਂ ਰਾਹੀਂ ਹਰ ਮਸਲੇ ਨੂੰ ਉਘਾੜਿਆ 

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਬੱਬੂ ਮਾਨ ਗੀਤਾਂ ਦੇ ਨਾਲ-ਨਾਲ ਅਪਣੇ ਬੇਬਾਕ ਸੁਭਾਅ ਕਰਕੇ ਵੀ ਚਰਚਾ 'ਚ ਰਹਿੰਦੇ ਹਨ

babbu maan

ਸੰਗੀਤ ਦੇ ਖੇਤਰ ਵਿਚ ਵੱਖਰੀ ਪਹਿਚਾਣ ਬਣਾ ਚੁਕੇ ਬੱਬੂ ਮਾਨ ਨੇ ਅਪਣੀ ਬੇਮਿਸਾਲ ਗਾਇਕੀ ਨਾਲ ਦੇਸਾਂ ਵਿਦੇਸ਼ਾਂ 'ਚ ਪ੍ਰਸਿੱਧੀ ਖੱਟੀ। ਅੱਜ ਬੱਬੂ ਮਾਨ ਦਾ 42ਵਾਂ ਜਨਮਦਿਨ ਹੈ । ਬੱਬੂ ਮਾਨ ਦਾ ਜਨਮ 29 ਮਾਰਚ 1975 ਖੰਟ ਮਾਨਪੁਰ, ਪੰਜਾਬ 'ਚ ਹੋਇਆ ਸੀ।ਬੱਬੂ ਮਾਨ ਗੀਤਾਂ ਦੇ ਨਾਲ-ਨਾਲ ਆਪਣੇ ਬੇਬਾਕ ਸੁਭਾਅ ਕਰਕੇ ਵੀ ਚਰਚਾ 'ਚ ਰਹਿੰਦੇ ਹਨ। ਉਨ੍ਹਾਂ ਦੇ ਗੀਤ ਜਿਆਦਾਤਰ ਅਸਲੀਅਤ ਨੂੰ ਢੁਕਦੇ ਹਨ ਉਨ੍ਹਾਂ ਨੇ ਬਹੁਤ ਸਾਰੇ ਮਸਲਿਆਂ ਨੂੰ ਆਪਣੇ ਗੀਤਾਂ ਦਾ ਸ਼ਿੰਗਾਰ ਬਣਾਇਆ ਹੈ , ਫੇਰ ਭਾਵੇਂ ਮਸਲਾ ਸਮਾਜਿਕ ਹੋਵੇ, ਰਾਜਨੀਤਿਕ ਜਾਂ ਧਾਰਮਿਕ ਹੋਵੇ। 


ਆਪਣੇ ਇਸ ਸੁਭਾਅ ਕਾਰਨ ਬੇਸ਼ੱਕ ਉਹ ਕਈ ਵਾਰੀ ਵਿਵਾਦਾਂ 'ਚ ਫਸ ਚੁੱਕੇ ਹਨ ਪਰ ਉਨ੍ਹਾਂ ਦੀ ਕਲਮ ਵੱਲੋਂ ਚੁੱਕਿਆ ਹਰ ਮੁੱਦਾ ਵਿਚਾਰਨਯੋਗ ਹੁੰਦਾ ਹੈ।ਪੰਜਾਬੀ ਗਾਇਕਾਂ ਦੀ ਭੀੜ 'ਚ ਉਂਗਲਾਂ 'ਤੇ ਗਿਣੇ ਜਾਣ ਵਾਲੇ ਚੰਦ ਨਾਂ ਹਨ, ਜਿਹੜੇ ਸਮਾਜ ਦੇ ਪੈਰਾਂ 'ਚ ਖੁੱਭੇ ਸੂਲਾਂ ਵਰਗੇ ਮਸਲਿਆਂ ਨੂੰ ਗੀਤਾਂ 'ਚ ਪਰੋ ਕੇ ਪੇਸ਼ ਕਰਦੇ ਹਨ। ਵੱਖਰੇ ਵਿਸ਼ਿਆਂ ਬਾਰੇ ਬੇਬਾਕਤਾ ਨਾਲ ਲਿਖਣਾ ਤੇ ਗਾਉਣਾ ਹੀ ਬੱਬੂ ਮਾਨ ਨੂੰ ਬਾਕੀ ਗੀਤਕਾਰਾਂ, ਗਾਇਕਾਂ ਨਾਲੋਂ ਵੱਖਰੀ ਪਛਾਣ ਦਿੰਦਾ ਹੈ, ਜਿਹੜੀ ਹਰ ਕਿਸੇ ਨੂੰ ਨਸੀਬ ਨਹੀਂ ਹੁੰਦੀ। 


ਬੱਬੂ ਮਾਨ ਨੇ ਗਾਇਕੀ ਤੋਂ ਇਲਾਵਾ ਪਾਲੀਵੁੱਡ ਇੰਡਸਟਰੀ 'ਚ ਵੀ ਚੰਗੀ ਸ਼ੋਹਰਤ ਹਾਸਲ ਕੀਤੀ ਹੈ। ਬੱਬੂ ਮਾਨ ਪੰਜਾਬੀ ਫਿਲਮ 'ਵਾਘਾਂ' ਅਤੇ 'ਦਿਲ ਤੈਨੂ ਕਰਦਾ ਹੈ ਪਿਆਰ' ਨੂੰ ਵੀ ਆਪਣੀ ਆਵਾਜ਼ ਦੇ ਚੁੱਕੇ ਹਨ। 1998 'ਚ ਬੱਬੂ ਮਾਨ ਨੇ ਆਪਣੀ ਐਲਬਮ 'ਸੱਜਣ ਰੁਮਾਲ ਦੇ ਗਿਆ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਪਰ ਆਪਣੀ ਇਸ ਐਲਬਮ ਨਾਲ ਉਹ ਨਾਖੁਸ਼ ਸਨ। ਇਸ ਲਈ ਉਨ੍ਹਾਂ ਨੇ ਆਪਣੇ ਕਈ ਗਾਣਿਆਂ ਨੂੰ ਫਿਰ ਤੋਂ ਨਵੇਂ ਢੰਗ ਨਾਲ ਲਿਖਿਆ, ਜਿਨ੍ਹਾਂ 'ਚੋਂ ਕਾਫੀ ਗੀਤਾਂ ਨੂੰ ਉਨ੍ਹਾਂ ਦੀ ਅਗਲੀ ਐਲਬਮ 'ਚ ਦੁਬਾਰਾ ਪੇਸ਼ ਕੀਤਾ। 


ਸਾਲ 1999 'ਚ ਉਨ੍ਹਾਂ ਦੀ ਦੂਜੀ ਐਲਬਮ 'ਤੂੰ ਮੇਰੀ ਮਿਸ ਇੰਡਿਆ' ਰਿਲੀਜ਼ ਹੋਇਆ, ਜੋ ਲੋਕਾਂ ਨੂੰ ਕਾਫੀ ਪਸੰਦ ਆਈ। ਉਨ੍ਹਾਂ ਦੀ ਤੀਜੀ ਐਲਬਮ 'ਸਾਉਣ ਦੀ ਝੜੀ' ਸਾਲ 2001 'ਚ ਰਿਲੀਜ਼ ਹੋਈ ਸੀ। ਸਿਰਫ ਭਾਰਤ 'ਚ ਹੀ ਇਸ ਐਲਬਮ ਦੀ ਦੱਸ ਲੱਖ ਤੋਂ ਵੀ ਜ਼ਿਆਦਾ ਕਾਪੀਆਂ ਵੇਚੀਆਂ (ਸੇਲ ਹੋਈਆਂ) ਤੇ ਉਸ ਤੋਂ ਕਿਤੇ ਜ਼ਿਆਦਾ ਵਿਦੇਸ਼ਾਂ 'ਚ ਵੇਚੀਆਂ ਗਈਆਂ ਸਨ। ਸਾਲ 2003 'ਚ ਬੱਬੂ ਮਾਨ 'ਹਵਾਏ' ਫਿਲਮ ਲਈ ਐਕਟਰ ਅਤੇ ਸੰਗੀਤ ਨਿਰਦੇਸ਼ਕ ਦੇ ਰੂਪ 'ਚ ਚੁਣੇ ਗਏ।  ਇਸ ਤੋਂ ਬਾਅਦ ਬੱਬੂ ਮਾਨ ਦੀਆਂ ਰਿਲੀਜ਼ ਹੋਇਆਂ 'ਓਹੀ ਚੰਨ ਓਹੀ ਰਾਤਾਂ' ਅਤੇ 'ਪਿਆਸ' ਨੂੰ ਸਰੋਤਿਆਂ ਵਲੋਂ ਬੇਹੱਦ ਪਸੰਦ ਕੀਤਾ ਗਿਆ |

ਬੱਬੂ ਮਾਨ ਬਾਲੀਵੁੱਡ ਫਿਲਮ 'ਵਾਦਾ ਰਹਾ', 'ਕਰੂਕ' ਅਤੇ 'ਸਾਹਿਬ ਬੀਵੀ ਔਰ ਗੈਂਗਸਟਰ' ਨੂੰ ਦਾ ਪ੍ਰੋਡਕਸ਼ਨ ਵੀ ਕਰ ਚੁੱਕੇ ਹਨ। ਇਸ ਤੋਂ ਇਲਾਵਾ ਬੱਬੂ ਮਾਨ ਯਸ਼ ਚੋਪੜਾ ਦੀ ਫਿਲਮ 'ਚਲਤੇ-ਚਲਤੇ' ਲਈ ਗੀਤ ਵੀ ਲਿਖ ਵੀ ਚੁੱਕੇ ਹਨ।  ਬੱਬੂ ਮਾਨ ਨੂੰ ਪੰਜਾਬੀ ਸੰਗੀਤ ਦਾ ਮਿਰਜ਼ਾ ਵੀ ਕਿਹਾ ਜਾਂਦਾ ਹੈ |