ਲੱਚਰ ਗਾਇਕੀ ਨੂੰ ਲੈ ਕੇ ਮਸ਼ਹੂਰ ਪੰਜਾਬੀ ਗਾਇਕਾਂ ਨਾਲ ਮੋਹਾਲੀ ਪੁਲਿਸ ਨੇ ਕੀਤੀ ਮੀਟਿੰਗ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਪੰਜਾਬ 'ਚ ਵਧਦੀ ਜਾ ਰਹੀ ਲੱਚਰ ਗਾਇਕੀ ਦੇ ਮੁੱਦੇ ਨੂੰ ਲੈ ਕੇ ਡੀ.ਜੀ.ਪੀ ਪੰਜਾਬ ਪੁਲਿਸ ਸੁਰੇਸ਼ ਅਰੋੜਾ ਨੇ ਮੋਹਾਲੀ 'ਚ ਪੰਜਾਬੀ ਗਾਇਕਾਂ ਨਾਲ ਇਕ ਮੀਟਿੰਗ ਕੀਤੀ।

Punjabi Singers Meeting with SSP Mohali Kuldeep Singh Chahal

ਜਲੰਧ੍ਰਰ:- ਪੰਜਾਬ 'ਚ ਦਿਨੋਂ-ਦਿਨ ਵਧਦੀ ਜਾ ਰਹੀ ਲੱਚਰ ਗਾਇਕੀ ਦੇ ਮੁੱਦੇ ਨੂੰ ਲੈ ਕੇ ਡਾਇਰੈਕਟਰ ਜਨਰਲ ਪੰਜਾਬ ਪੁਲਿਸ (ਡੀ.ਜੀ.ਪੀ) ਸੁਰੇਸ਼ ਅਰੋੜਾ ਨੇ ਮੋਹਾਲੀ 'ਚ ਪੰਜਾਬੀ  ਗਾਇਕਾਂ/ਕਲਾਕਾਰਾਂ ਨਾਲ ਇਕ ਮੀਟਿੰਗ ਕੀਤੀ। ਭਰੋਸੇਯੋਗ ਸੂਤਰਾਂ ਮੁਤਾਬਕ ਐੱਸ. ਐੱਸ. ਪੀ. ਮੋਹਾਲੀ ਕੁਲਦੀਪ ਸਿੰਘ ਚਾਹਲ ਨੇ ਮੀਟਿੰਗ ਕਰਵਾਉਣ ਦਾ ਮੁੱਖ ਮਕਸਦ ਇਹ ਦੱਸਿਆ ਕੇ, ਕੁਝ ਗਾਇਕ ਆਪਣੇ ਗੀਤਾਂ ਤੇ ਵੀਡੀਓ ਵਿੱਚ ਪੰਜਾਬ 'ਚ ਨਸ਼ਾ, ਗੈਂਗਸਟਰਾਂ ਅਤੇ ਬੰਦੂਕਾਂ ਦੇ ਸੱਭਿਆਚਾਰ ਨੂੰ ਬਹੁਤ ਵਧਾ ਚੜ੍ਹਾ ਕੇ ਪੇਸ਼ ਕਰਦੇ ਹਨ, ਜਿਸ ਨਾਲ ਨੌਜਵਾਨ ਪੀੜੀ 'ਤੇ ਹਨ ਸਾਰੇ ਗਾਣਿਆਂ ਦਾ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਨੌਜਵਾਨ ਪੀੜੀ ਵਿੱਚ ਅਜਿਹੇ ਗਾਣਿਆਂ ਦੇ ਰੁਝਾਨ ਨੂੰ ਰੋਕਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਪੰਜਾਬ ਪੁਲਿਸ ਨੇ ਇਸ ਕੰਮ ਲਈ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ ਤਾਂ ਕਿ ਇਸ ਮਾੜੇ ਰੁਝਾਨ ਨੂੰ ਸ਼ੁਰੂਆਤ ਵਿੱਚ ਰੋਕ ਲਿਆ ਜਾਵੇ।

ਡੀ. ਜੀ. ਪੀ. ਸੁਰੇਸ਼ ਅਰੋੜਾ ਦੇ ਹੁਕਮਾਂ ਮੁਤਾਬਕ ਕੁਲਦੀਪ ਸਿੰਘ ਐੱਸ. ਐੱਸ. ਪੀ. ਮੋਹਾਲੀ ਵੱਲੋਂ ਬੁਲਾਈ ਗਈ ਇਸ ਮੀਟਿੰਗ 'ਚ ਪੰਜਾਬ ਦੇ ਮਸ਼ਹੂਰ ਗਾਇਕਾਂ ਨੂੰ ਵੀ ਬੁਲਾਇਆ ਗਿਆ। ਇਸ ਮੀਟਿੰਗ 'ਚ ਮਸ਼ਹੂਰ ਗਾਇਕ ਸੁਰਜੀਤ ਖਾਨ, ਗਿੱਲ ਹਰਦੀਪ, ਨਾਮੀ ਗਾਇਕਾ ਅਨਮੋਲ ਗਗਨ ਮਾਨ, ਰਾਜਬੀਰ ਢਿਲੋਂ, ਸ਼ਮਿੰਦਰ ਸ਼ਮੀ, ਸਮੀਰ ਸਮੇਤ ਹੋਰ ਕਲਾਕਾਰ ਵੀ ਸ਼ਾਮਿਲ ਹੋਏ। ਕਲਾਕਾਰਾਂ ਨੇ ਵੀ ਇਸ ਤਰਕ 'ਤੇ ਹਾਮੀ ਭਰਦੇ ਹੋਏ ਕਿਹਾ ਕਿ ਗਾਇਕਾਂ ਵੱਲੋਂ ਗੀਤਾਂ ਤੇ ਵੀਡੀਓ ਰਾਹੀਂ ਪੰਜਾਬ 'ਚ ਨਸ਼ਾ, ਗੈਂਗਸਟਰਾਂ ਅਤੇ ਬੰਦੂਕਾਂ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨਾ ਬਹੁਤ ਗਲਤ ਹੈ ਤੇ ਪੰਜਾਬ ਦੀ ਨੌਜਵਾਨ ਪੀੜੀ ਨੂੰ ਸੁਰੱਖਿਅਤ ਰੱਖਣ ਲਈ ਅਜਿਹੇ ਗੀਤਾਂ 'ਤੇ ਠੱਲ ਪਾਉਣੀ ਬਹੁਤ ਜ਼ਰੂਰੀ ਹੈ।

ਉਨ੍ਹਾਂ ਨੇ ਇਸ ਸਬੰਧੀ ਪੰਜਾਬ ਪੁਲਿਸ ਵਲੋਂ ਕੀਤੀ ਗਈ ਇਸ ਸ਼ੁਰੂਆਤ ਦੀ ਭਰਪੂਰ ਸ਼ਲਾਘਾ ਕੀਤੀ। ਕਲਾਕਾਰਾਂ ਨੇ ਬੰਦੂਕ, ਗੈਂਗਸਟਰ ਅਤੇ ਨਸ਼ਿਆਂ ਦਾ ਪ੍ਰਦਰਸ਼ਨ ਕਰਨ ਵਾਲੇ ਗੀਤ ਨਾ ਗਾਉਣ ਦਾ ਭਰੋਸਾ ਵੀ ਦਿੱਤਾ। ਪੁਲਿਸ ਮੁਖੀ ਚਾਹਲ ਨੇ ਕਿਹਾ ਕਿ ਗਾਇਕਾਂ ਨੂੰ ਸਮਾਜ ਪ੍ਰਤੀ ਆਪਣੀ ਜਿੰਮੇਵਾਰੀ ਸਮਝਣੀ ਚਾਹੀਦੀ ਹੈ ਅਤੇ ਗੈਰ ਸਮਾਜਿਕ ਗੀਤ ਗਾਉਣ ਤੋਂ ਪਰਹੇਜ਼/ਗੁਰੇਜ਼ ਕਰਨਾ ਚਾਹੀਦਾ ਹੈ। ਗਾਇਕ ਅਤੇ ਕਲਾਕਾਰ ਅੱਗੇ ਵੱਧ ਕੇ ਸੂਬੇ 'ਚ ਇਕ ਜਾਗਰੂਕਤਾ ਭਾਰੀ ਸੋਚ ਉਜਾਗਰ ਕਰਨ ਤਾਂ ਜੋ ਪੰਜਾਬ ਨੌਜਵਾਨ ਪੀੜੀ ਗ਼ਲਤ ਰਸਤੇ ਜਾਣ ਦੀ ਬਜਾਏ ਆਪਣੇ ਭਵਿੱਖ ਨੂੰ ਚਮਕਾਏ।