ਪੰਜਾਬ ਦੇ ਮਸ਼ਹੂਰ ਗਾਇਕ ਦਿਲਜਾਨ ਦੀ ਸੜਕ ਹਾਦਸੇ ਵਿਚ ਮੌਤ 

ਏਜੰਸੀ

ਮਨੋਰੰਜਨ, ਪਾਲੀਵੁੱਡ

2 ਅਪ੍ਰੈਲ ਨੂੰ ਦਿਲਜਾਨ ਦਾ ਨਵਾਂ ਗਾਣਾ ਹੋਣਾ ਸੀ ਰਿਲੀਜ਼

Famous Punjabi singer Diljan dies in road accident

ਚੰਡੀਗੜ੍ਹ -  ਮਸ਼ਹੂਰ ਪੰਜਾਬੀ ਗਾਇਕ ਦਿਲਜਾਨ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਇਹ ਹਾਦਸਾ ਦੇਰ ਰਾਤ ਕਰੀਬ ਦੋ ਵਜੇ ਵਾਪਰਿਆ। ਦਿਲਜਾਨ ਦੇਰ ਰਾਤ ਆਪਣੀ ਕਾਰ ਵਿਚ ਅੰਮ੍ਰਿਤਸਰ ਤੋਂ ਕਰਤਾਰਪੁਰ ਆ ਰਿਹਾ ਸੀ ਅਤੇ ਇਸ ਦੌਰਾਨ ਜੰਡਿਆਲਾ ਗੁਰੂ ਨੇੜੇ ਇਕ ਦਰਦਨਾਕ ਸੜਕ ਹਾਦਸੇ ਵਿਚ ਉਸ ਦੀ ਮੌਤ ਹੋ ਗਈ। ਦਿਲਜਾਨ ਕਰਤਾਰਪੁਰ ਦਾ ਵਸਨੀਕ ਸੀ। ਉਸ ਦੀ ਅਚਾਨਕ ਹੋਈ ਮੌਤ ਕਾਰਨ ਸੋਗ ਦੀ ਲਹਿਰ ਦੌੜ ਗਈ ਹੈ। 

ਪੁਲਿਸ ਅਨੁਸਾਰ ਦਿਲਜਾਨ ਦੀ ਕਾਰ ਡਿਵਾਈਡਰ ਨਾਲ ਟਕਰਾ ਗਈ। ਇਸ ਦੇ ਨਾਲ ਹੀ ਦਿਲਜਾਨ ਦੇ ਪਿਤਾ ਮਦਨ ਮਡਾਰ ਨੇ ਕਿਹਾ ਕਿ 2 ਅਪ੍ਰੈਲ ਨੂੰ ਦਿਲਜਾਨ ਦਾ ਨਵਾਂ ਗਾਣਾ ਰਿਲੀਜ਼ ਹੋਣਾ ਸੀ। ਸੋਮਵਾਰ ਨੂੰ ਉਹ ਇਸ ਸੰਬੰਧੀ ਇੱਕ ਮੀਟਿੰਗ ਵਿਚ ਸ਼ਾਮਲ ਹੋਣ ਲਈ ਆਪਣੀ ਮਹਿੰਦਰਾ ਕੇਯੂਡੀ ਗੱਡੀ ਵਿਚ ਅੰਮ੍ਰਿਤਸਰ ਗਿਆ ਸੀ। ਦੇਰ ਰਾਤ ਵਾਪਸ ਪਰਤਣ ਸਮੇਂ ਇਕ ਹਾਦਸਾ ਹੋਇਆ ਜਿਸ ਵਿਚ ਉਸ ਦੀ ਮੌਤ ਹੋ ਗਈ। ਦਿਲਜਨ ਕਾਰ ਵਿਚ ਇਕੱਲਾ ਸੀ।

ਇਸ ਸੰਬਧੀ ਜਾਣਕਾਰੀ ਦਿੰਦਿਆਂ ਏ ਐਸ ਆਈ ਲਵਦਰਸ਼ਨ ਸਿੰਘ ਨੇ ਦਸਿਆ ਕਿ ਦੇਰ ਰਾਤ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਇਕ ਨੌਜਵਾਨ ਦੀ ਜੰਡਿਆਲਾ ਦੇ ਕਰੀਬ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ ਜਿਸ ਨੂੰ ਡਾਕਟਰਾਂ ਵੱਲੋਂ ਮ੍ਰਿਤਕ ਘੋਸ਼ਿਤ ਕੀਤਾ ਗਿਆ ਹੈ ਜਿਸ ਦੀ ਸਨਾਖ਼ਤ ਤੋਂ ਪਤਾ ਲਗਿਆ ਹੈ ਕਿ ਇਹ ਮਸ਼ਹੂਰ ਪੰਜਾਬੀ ਗਾਇਕ ਦਿਲਜਾਨ ਹੈ ਅਤੇ ਜਿਸਦੇ ਪਰਿਵਾਰਕ ਮੈਬਰਾਂ ਵੱਲੋਂ ਡੈੱਡ ਬਾਡੀ ਨੂੰ ਕਰਤਾਰਪੁਰ ਦੇ ਹਸਪਤਾਲ ਵਿਚ ਰਖਵਾਇਆ ਗਿਆ ਹੈ ਕਿਉਕਿ ਮ੍ਰਿਤਕ ਦੀ ਪਤਨੀ ਅਤੇ ਬੇਟੀ ਦੇ ਕਨੇਡਾ ਤੋਂ 5 ਅਪ੍ਰੈਲ ਨੂੰ ਆਉਣ ਤੋਂ ਬਾਅਦ ਹੀ ਸਸਕਾਰ ਕੀਤਾ ਜਾਵੇਗਾ।

ਉਧਰ ਚਸ਼ਮਦੀਦ ਲੋਕਾਂ ਦਾ ਕਹਿਣਾ ਹੈ ਕਿ ਰਾਤ 2 ਵਜੇ ਦੀ ਘਟਨਾ ਹੈ ਜਦੋਂ ਭਿਆਨਕ ਸੜਕ ਹਾਦਸੇ ਵਿਚ ਦਿਲਜਾਨ ਨੂੰ ਹਸਪਤਾਲ ਲੈ ਕੇ ਗਏ ਪਰ ਤਦ ਤਕ ਉਸ ਦੀ ਮੌਤ ਹੋ ਚੁੱਕੀ ਸੀ। ਮੌਕੇ ਤੇ ਸਿਰਫ਼ ਉਸ ਦੀ ਐਕਸੀਡੈਂਟ ਹੋਈ ਗੱਡੀ ਵਿਚ ਸਿਰਫ਼ ਦਿਲਜਾਨ ਹੀ ਸਵਾਰ ਸੀ ਪਰ ਇਹ ਪਤਾ ਨਹੀ ਲਗ ਸਕਿਆ ਹੈ ਕਿ ਇਹ ਐਕਸੀਡੈਂਟ ਕਿਸ ਦੇ ਨਾਲ ਹੋਇਆ ਹੈ। 

ਦੱਸ ਦਈਏ ਕਿ ਦਿਲਜਾਨ ਟੀਵੀ ਪ੍ਰੋਗਰਾਮ ਸੁਰਸ਼ੇਤਰ ਵਿਚ ਭਾਰਤ ਅਤੇ ਪਾਕਿਸਤਾਨ ਦਰਮਿਆਨ ਗਾਇਨ ਮੁਕਾਬਲੇ ਵਿੱਚ ਜੇਤੂ ਰਿਹਾ ਸੀ। ਜਿਸ ਕਾਰਨ ਉਸ ਨੂੰ ਰਾਤੋ ਰਾਤ ਪ੍ਰਸਿੱਧੀ ਮਿਲੀ। ਉਹ ਦੇਸ਼ ਦੇ ਪ੍ਰਸਿੱਧ ਗਾਇਕਾਂ ਵਿਚ ਗਿਣਿਆ ਜਾਂਦਾ ਸੀ।