‘ਕੈਰੀ ਆਨ ਜੱਟਾ 3’ ਨੇ ਸਿਲਵਰ ਸਕ੍ਰੀਨ 'ਤੇ ਐਂਟਰੀ ਕਰ ਤੋੜੇ ਸਾਰੇ ਰਿਕਾਰਡ, ਹੱਸ-ਹੱਸ ਲੱਥਿਆ ਮੇਕਅਪ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਪਹਿਲੇ ਦਿਨ ਹੀ ਬਾਕਸ ਆਫਿਸ 'ਤੇ ਕੀਤੀ 6 ਕਰੋੜ ਦੀ ਕਮਾਈ

Carry on jatta 3 become blockbuster

 


ਚੰਡੀਗੜ੍ਹ (ਮੁਸਕਾਨ ਢਿੱਲੋਂ) :ਪੰਜਾਬੀ ਕਾਮੇਡੀ ਫ਼ਿਲਮ ‘ਕੈਰੀ ਆਨ ਜੱਟਾ 3’ ਨੇ ਸਿਲਵਰ ਸਕ੍ਰੀਨ 'ਤੇ ਸ਼ਾਨਦਾਰ ਐਂਟਰੀ ਕੀਤੀ ਹੈ। ਸਿਨੇਮਾ ਘਰਾਂ ਵਿਚ ਹਾਸਿਆਂ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਸ਼ੋਅ ਹਾਊਸਫੁੱਲ ਚੱਲ ਰਹੇ ਹਨ। ਇਸ ਫ਼ਿਲਮ ਵਿਚ ਪੰਜਾਬੀ ਸਿਨੇਮਾ ਦੇ ਕਈ ਚੋਟੀ ਦੇ ਕਾਮੇਡੀ ਕਲਾਕਾਰ ਹਨ। ਸਾਰਿਆਂ ਨੇ ਅਪਣੇ ਕਿਰਦਾਰਾਂ ਨੂੰ ਪੂਰੀ ਰੀਝ ਨਾਲ ਨਿਭਾਇਆ ਅਤੇ ਬਹੁਤ ਹੀ ਬੇਮਿਸਾਲ ਪ੍ਰਦਰਸ਼ਨ ਕੀਤਾ।

ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ ਅਤੇ ਬੀ.ਐਨ. ਸ਼ਰਮਾ ਦਾ ਆਨ-ਸਕਰੀਨ ਸੁਮੇਲ ਮੇਲਾ ਲੁੱਟ ਕੇ ਲੈ ਗਿਆ ਹੈ। ‘ਕੈਰੀ ਆਨ ਜੱਟਾ 3’ ਨੂੰ ਚਾਰੇ ਪਾਸਿਉਂ ਸਕਾਰਾਤਮਕ ਰਿਵਿਊਜ਼ ਹੀ ਮਿਲ ਰਹੇ ਹਨ। ਥੀਏਟਰਾਂ 'ਚੋਂ ਬਾਹਰ ਆ ਰਹੇ ਦਰਸ਼ਕ ਇਸ ਨੂੰ 'ਹਾਸਿਆਂ ਦੀ ਪਿਟਾਰੀ' ਕਹਿ ਰਹੇ ਹਨ। ਇਹ ਫ਼ਿਲਮ ਕੈਰੀ ਆਨ ਜੱਟਾ ਸੀਰੀਜ਼ ਦਾ ਤੀਜਾ ਹਿੱਸਾ ਹੈ। ਫ਼ਿਲਮ ਦੇ ਟ੍ਰੇਲਰ ਨੂੰ ਭਰਵਾਂ ਹੁੰਗਾਰਾ ਮਿਲਿਆ ਸੀ। ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਫ਼ਿਲਮ ਨੇ ਕਈ ਰਿਕਾਰਡ ਸੈੱਟ ਕੀਤੇ। ਸਰੋਤੇ ਇਸ ਫ਼ਿਲਮ ਨੂੰ ਦੇਖਣ ਲਈ ਬਹੁਤ ਬੇਤਾਬ ਸਨ।

Carry on jatta 3 Reviews

ਫ਼ਿਲਮ ਬਾਕਸ ਆਫਿਸ 'ਤੇ ਲਗਾਤਾਰ ਤਾਬੜਤੋੜ ਕਮਾਈ ਕਰ ਰਹੀ ਹੈ। ਇਸ ਫ਼ਿਲਮ ਦੀ ਖ਼ਾਸੀਅਤ ਕਾਮੇਡੀ ਅਤੇ ਹਾਸੇ-ਮਜ਼ਾਕ ਵਾਲੇ ਡਾਇਲਾਗ ਹਨ, ਜਿਨ੍ਹਾਂ ਨੇ ਦਰਸ਼ਕਾਂ ਨੂੰ ਆਪਣੇ ਵੱਲ ਖਿੱਚਿਆ। ਫ਼ਿਲਮ ਦੇ ਇਨ੍ਹਾਂ ਡਾਇਲਾਗਸ ਨੂੰ ਦਰਸ਼ਕਾਂ ਦੁਆਰਾ ਬਹੁਤ ਖੁਸ਼ੀ ਨਾਲ ਯਾਦ ਕੀਤਾ ਅਤੇ ਦੁਹਰਾਇਆ ਜਾਂਦਾ ਹੈ। ਜਿਵੇਂ ਕਿ 'ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ' ਜਾਂ 'ਸਾਲੀ ਗੰਦੀ ਔਲਾਦ ਨਾ ਮਜ਼ਾ ਨਾ ਸਵਾਦ' ਨੂੰ ਅੱਜ ਤਕ ਲੋਕਾਂ ਨੇ ਯਾਦ ਰੱਖਿਆ ਹੋਇਆ ਹੈ। ਫ਼ਿਲਮ ਦੀ ਟੀਮ ਨੇ ਵਾਅਦਾ ਕੀਤਾ ਸੀ ਕਿ ਇਹ ਫ਼ਿਲਮ ਇਕ ਮੈਡ ਹਾਊਸ ਕਾਮੇਡੀ ਹੈ ਜੋ ਤੁਹਾਨੂੰ ਆਪਣੀ ਸੀਟ 'ਨਾਲ ਚਿਪਕਾਏ ਰੱਖਣ ਦਾ ਵਾਅਦਾ ਕਰਦੀ ਹੈ। ਕੁਝ ਐਵੇਂ ਦਾ ਹੀ ਮਾਹੌਲ ਰਿਹਾ ਸਿਨੇਮਾ ਘਰਾਂ 'ਚ, ਫ਼ਿਲਮ ਨੇ ਦਰਸ਼ਕਾਂ ਵਿਚ ਦਿਲਚਸਪੀ ਨੂੰ ਸ਼ੁਰੂ ਤੋਂ ਅੰਤ ਤੱਕ ਬਰਕਰਾਰ ਰੱਖਿਆ।

Carry on jatta 3 Reviews

ਕੁੱਲ ਮਿਲਾ ਕੇ  ‘ਕੈਰੀ ਆਨ ਜੱਟਾ 3’ ਇਕ ਭਰਪੂਰ ਕਾਮੇਡੀ ਫ਼ਿਲਮ ਹੈ, ਜਿਸ ਦਾ ਪੂਰੇ ਪ੍ਰਵਾਰ ਨਾਲ ਆਨੰਦ ਲਿਆ ਜਾ ਸਕਦਾ ਹੈ ਅਤੇ ਫ਼ਿਲਮ ਤੋਂ ਬਾਅਦ ਤੁਹਾਡੇ ਸਾਰਿਆਂ ਦੇ ਪੇਟ ਵਿਚ ਦਰਦ ਜ਼ਰੂਰ ਹੋਣ ਲੱਗ ਜਾਵੇਗਾ। ਗਿੱਪੀ ਗਰੇਵਾਲ ਨੇ ਆਪਣੀ ਫ਼ਿਲਮ 'ਕੈਰੀ ਆਨ ਜੱਟਾ' ਨਾਲ ਪੰਜਾਬੀ ਫ਼ਿਲਮ ਇੰਡਸਟਰੀ 'ਚ ਵੱਡੀ ਤਬਦੀਲੀ ਲਿਆਂਦੀ ਸੀ। ਇਹ ਇਕ ਬਲਾਕਬਸਟਰ ਹਿੱਟ ਫ਼ਿਲਮ ਸੀ।

Carry on jatta 3 Reviews

ਕੈਰੀ ਆਨ ਜੱਟਾ 3 ਅਡਵਾਂਸ ਬੁਕਿੰਗਾਂ ਵਿਚ 1 ਕਰੋੜ ਤੋਂ ਵੱਧ ਦੇ ਅੰਕੜੇ ਨੂੰ ਪਾਰ ਕਰਨ ਵਾਲੀ ਪਹਿਲੀ ਪੰਜਾਬੀ ਫ਼ਿਲਮ ਬਣ ਗਈ। ਇਸ ਫ਼ਿਲਮ ਨੇ ਸਾਰੀਆਂ ਪੰਜਾਬੀ ਫਿਲਮਾਂ ਦੇ ਓਪਨਿੰਗ ਡੇ ਕਲੈਕਸ਼ਨ ਨੂੰ ਮਾਤ ਦਿਤੀ ਹੈ। ਪ੍ਰੀ-ਬੁਕਿੰਗ ਵਿਚ ਇਕ ਬੇਮਿਸਾਲ ਵਾਧੇ ਦੇ ਨਾਲ ‘ਕੈਰੀ ਆਨ ਜੱਟਾ 3’ ਨੇ ਪਹਿਲੇ ਦਿਨ ਭਾਰਤੀ ਬਾਕਸ ਆਫਿਸ 'ਤੇ 6 ਕਰੋੜ ਦੀ ਕਮਾਈ ਕੀਤੀ। ਇਸ ਨੇ ਦਿਲਜੀਤ ਦੋਸਾਂਝ, ਸੋਨਮ ਬਾਜਵਾ ਅਤੇ ਸ਼ਹਿਨਾਜ਼ ਗਿੱਲ ਦੀ ਹੋਂਸਲਾ ਰੱਖ ਦੇ ਰਿਕਾਰਡ ਨੂੰ ਵੱਡੇ ਫਰਕ ਨਾਲ ਤੋੜਿਆ ਹੈ। ਜੋ ਹੁਣ ਤੱਕ ਦਾ ਸਭ ਤੋਂ ਵੱਡਾ ਪੰਜਾਬੀ ਓਪਨਰ ਸੀ। ਹੋਂਸਲਾ ਰੱਖ ਨੇ ਪਹਿਲੇ ਦਿਨ ਲਗਭਗ 2.60 ਕਰੋੜ ਦੀ ਕਮਾਈ ਕੀਤੀ ਸੀ। ਦਰਸ਼ਕਾਂ ਨੇ ਦਸਿਆ ਕਿ ਪਾਕਿਸਤਾਨ ਦੇ ਉਘੇ ਕਲਾਕਾਰ ਨਾਸਿਰ ਚਨਿਓਟੀ ਨੇ ਸ਼ੁਰੂ ਤੋਂ ਅੰਤ ਤੱਕ ਨਾਨ-ਸਟਾਪ ਹਾਸਿਆਂ ਨੂੰ ਪੇਸ਼ ਕੀਤਾ।

Carry on jatta 3 Reviews

ਇਕ ਹੋਰ ਦਰਸ਼ਕ ਨੇ ਦਸਿਆ ਕਿ ਕਹਾਣੀ ਉਹੀ, ਕਾਸਟ ਉਹੀ ਪਰ ਫਿਰ ਵੀ ਤੁਹਾਨੂੰ ਵੱਖਰੀ ਕਾਮੇਡੀ ਨਜ਼ਰ ਆ ਰਹੀ ਹੈ। ਜੇ ਤੁਸੀਂ ਪਾਗਲਪਨ ਵਾਲੀ ਕਾਮੇਡੀ ਚਾਹੁੰਦੇ ਹੋ, ਤਾਂ ਇਹ ਫ਼ਿਲਮ ਤੁਹਾਡੇ ਲਈ ਹੈ। ਫ਼ਿਲਮ ਪ੍ਰਭਾਵਸ਼ਾਲੀ ਸ਼ੁਰੂਆਤ ਭਾਰਤ ਵਿਚ ਹੀ ਨਹੀਂ ਸਗੋਂ ਅੰਤਰਰਾਸ਼ਟਰੀ ਪੱਧਰ 'ਤੇ ਵੀ ਸ਼ਾਨਦਾਰ ਰਹੀ। ਆਸਟ੍ਰੇਲੀਆ ਵਿਚ ਫ਼ਿਲਮ ਦੇਖਣ ਤੋਂ ਬਾਅਦ ਇਕ ਪ੍ਰਸ਼ੰਸਕ ਨੇ ਬੜੇ ਪਿਆਰੇ ਅੰਦਾਜ਼ ਵਿਚ ਕਿਹਾ ਕਿ ਫ਼ਿਲਮ ਇੰਨੀ ਜ਼ਿਆਦਾ ਕਾਮੇਡੀ ਨਾਲ ਭਰੀ ਹੋਈ ਹੈ ਕਿ ਉਨ੍ਹਾਂ ਦਾ ਮੇਕਅਪ ਵੀ ਲਹਿ ਗਿਆ। ਵੀਕਐਂਡ ਵਿਚ ਵਧੇਰੇ ਪ੍ਰਵਾਰਕ ਦਰਸ਼ਕ ਸਿਨੇਮਾ ਘਰਾਂ ਵਿਚ ਫ਼ਿਲਮ ਦੇਖਣ ਦੀ ਯੋਜਨਾ ਬਣਾਉਂਦੇ ਹਨ ਉਮੀਦ ਜਤਾਈ ਜਾ ਰਹੀ ਹੈ ਕਿ ਵੀਕਐਂਡ ਵਿਚ ਇਹ ਫ਼ਿਲਮ ਹੋਰ ਵੀ ਰਿਕਾਰਡ ਤੋੜ ਸ਼ਾਨਦਾਰ ਕਮਾਈ ਕਰ ਸਕਦੀ ਹੈ।