ਨੀਰੂ ਬਾਜਵਾ ਨੇ ਆਪਣੀ ਆਉਣ ਵਾਲੀ ਹਾਲੀਵੁੱਡ ਫ਼ਿਲਮ ਦੀ Releasing ਤਾਰੀਖ ਦਾ ਕੀਤਾ ਖੁਲਾਸਾ
ਹਾਲੀਵੁੱਡ ਪ੍ਰਾਜੈਕਟਾਂ ਨਾਲ ਨਵੀਆਂ ਬੁਲੰਦੀਆਂ ਨੂੰ ਛੂਹ ਰਹੀ ਨੀਰੂ ਬਾਜਵਾ ਇੱਕ ਵਾਰ ਫਿਰ ਆਪਣੀ ਅਦਾਕਾਰੀ ਦੇ ਜੌਹਰ ਦਿਖਾਉਣ ਲਈ ਤਿਆਰ ਹੈ
ਚੰਡੀਗੜ੍ਹ (ਮੁਸਕਾਨ ਢਿੱਲੋਂ) : ਜਦੋ ਗੱਲ ਆਉਂਦੀ ਹੈ ਪੰਜਾਬੀ ਮਨੋਰੰਜਨ ਜਗਤ ਦੀ ਤਾਂ ਪੰਜਾਬੀ ਫਿਲਮਾਂ ਦੀ ਚੋਟੀ ਦੀ ਅਦਾਕਾਰਾ ਨੀਰੂ ਬਾਜਵਾ ਦਾ ਨਾਂ ਆਉਂਦਾ ਹੈ। ਪੋਲੀਵੁੱਡ ਵਿਚ ਪੈਰ ਜਮਾਉਣ ਤੋਂ ਬਾਅਦ, ਉਨ੍ਹਾਂ ਨੇ ਅਪਣਾ ਰੁੱਖ ਹੁਣ ਹਾਲੀਵੁੱਡ ਵੱਲ ਕਰ ਲਿਆ ਹੈ।
ਹਾਲੀਵੁੱਡ ਪ੍ਰਾਜੈਕਟਾਂ ਨਾਲ ਨਵੀਆਂ ਬੁਲੰਦੀਆਂ ਨੂੰ ਛੂਹ ਰਹੀ ਨੀਰੂ ਬਾਜਵਾ ਇੱਕ ਵਾਰ ਫਿਰ ਆਪਣੀ ਅਦਾਕਾਰੀ ਦੇ ਜੌਹਰ ਦਿਖਾਉਣ ਲਈ ਤਿਆਰ ਹੈ। 2021 ਵਿਚ, ਨੀਰੂ ਬਾਜਵਾ ਨੇ 'ਕ੍ਰਿਸਮਸ' ਫ਼ਿਲਮ ਨਾਲ ਹਾਲੀਵੁੱਡ ਵਿਚ ਇੱਕ ਨਵੇਂ ਸਫ਼ਰ ਦੀ ਸ਼ੁਰੂਆਤ ਕੀਤੀ ਸੀ।
ਪੰਜਾਬੀ ਇੰਡਸਟਰੀ ਦਾ ਜਾਣਿਆ-ਪਛਾਣਿਆ ਨਾਂ ਨੀਰੂ ਬਾਜਵਾ ਦੀ ਅੰਗਰੇਜ਼ੀ ਭਾਸ਼ਾ ਦੀ ਇੱਕ ਅਲੌਕਿਕ ਡਰਾਉਣੀ ਫ਼ਿਲਮ 'ਇਟ ਲਿਵਜ਼ ਇਨਸਾਈਡ' ਇਸ ਸਾਲ ਦੇ ਅੰਤ 'ਚ ਰਿਲੀਜ਼ ਹੋਣ ਲਈ ਤਿਆਰ ਹੈ, ਜਿਸ ਦੀ ਦਰਸ਼ਕਾਂ 'ਚ ਕਾਫੀ ਚਰਚਾ ਹੈ। ਹੁਣ ਉਨ੍ਹਾਂ ਦੀ ਫ਼ਿਲਮ ਨੂੰ ਆਖ਼ਰਕਾਰ ਰਿਲੀਜਿੰਗ ਡੇਟ ਮਿਲ ਗਈ ਹੈ। ਜਿਵੇਂ ਕਿ ਨਾਂ ਅਤੇ ਪੋਸਟਰ ਦਸਦੇ ਹਨ, ਇਹ ਇੱਕ ਡਰਾਉਣੀ ਸ਼ੈਲੀ ਦੀ ਫ਼ਿਲਮ ਹੈ।
ਨੀਰੂ ਬਾਜਵਾ ਦੁਆਰਾ ਆਪਣੇ ਇੰਸਟਾਗ੍ਰਾਂਮ ਹੈਂਡਲ 'ਤੇ ਸ਼ੇਅਰ ਕੀਤੀ ਗਈ ਇੱਕ ਪੋਸਟ ਦੁਆਰਾ ਐਲਾਨ ਕੀਤਾ ਗਿਆ ਹੈ ਕਿ ਡਰਾਉਣੀ ਅਤੇ ਥ੍ਰਿਲਰ ਕਹਾਣੀ 'ਤੇ ਆਧਾਰਿਤ ਇਹ ਫ਼ਿਲਮ 22 ਸਤੰਬਰ 2023 ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਫ਼ਿਲਮ ਨੇਵਰ ਹੈਵ ਆਈ ਏਵਰ ਵਿਚ ਕੰਮ ਕਰਨ ਵਾਲੀ ਮੇਗਨ ਸੂਰੀ ਦੇ ਆਲੇ-ਦੁਆਲੇ ਘੁੰਮਦੀ ਹੈ। ਫ਼ਿਲਮ ਵਿਚ ਮੇਗਨ ਸੂਰੀ ਦਾ ਨਾਂ ਸਮੀਧਾ ਜੋ ਇੱਕ ਜਵਾਨ ਕੁੜੀ ਹੈ, ਜਿਸ ਨੂੰ ਸੈਮ ਵਜੋਂ ਵੀ ਜਾਣਿਆ ਜਾਂਦਾ ਹੈ। ਸੈਮ ਆਪਣੇ ਸਕੂਲ ਵਿਚ ਫਿੱਟ ਹੋਣ ਲਈ ਬੇਤਾਬ ਹੈ ਅਤੇ ਹਰ ਕਿਸੇ ਵਾਂਗ ਬਣਨ ਲਈ ਉਹ ਆਪਣੇ ਭਾਰਤੀ ਸੱਭਿਆਚਾਰ ਅਤੇ ਪ੍ਰਵਾਰ ਨੂੰ ਰੱਦ ਕਰਦੀ ਹੈ। ਇਹ ਫ਼ਿਲਮ ਪੂਰੀ ਤਰ੍ਹਾਂ ਨਾਲ ਇੱਕ ਭਿਆਨਕ ਵਾਈਬ ਦਿੰਦੀ ਹੈ। ਨੀਰੂ ਬਾਜਵਾ ਨੇ ਉਸ ਦੀ ਮਾਂ ਦਾ ਕਿਰਦਾਰ ਨਿਭਾਇਆ ਹੈ।
ਨੀਰੂ ਬਾਜਵਾ ਤੋਂ ਇਲਾਵਾ, ਫਿਲਮ ਵਿਚ ਮੇਗਨ ਸੂਰੀ, ਮੋਹਨਾ ਕ੍ਰਿਸ਼ਨਨ, ਵਿਕ ਸਹਾਏ ਅਤੇ ਬੈਟੀ ਗੈਬਰੀਅਲ ਵੀ ਹਨ। ਇਸ ਨੂੰ ਬਿਸ਼ਾਲ ਦੱਤਾ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ ਅਤੇ ਬਿਸ਼ਾਲ ਅਤੇ ਆਸ਼ੀਸ਼ ਮਹਿਤਾ ਦੁਆਰਾ ਲਿਖਿਆ ਗਿਆ ਹੈ।