ਸਟਿਲ ਰੋਲਿਨ ਗਾਇਕ ਸ਼ੁਭ ਨੇ 7 ਦੇਸ਼ਾਂ ਦੇ ਆਪਣੇ ਪਹਿਲੇ ਵਿਸ਼ਵ ਦੌਰੇ ਦੀ ਕੀਤੀ ਘੋਸ਼ਣਾ
ਸ਼ੁਭ ਨੇ 2 ਸਾਲਾਂ ਤੋਂ ਵੀ ਘੱਟ ਸਮੇਂ ਵਿੱਚ ਸਿਰਫ਼ 13 ਗੀਤਾਂ ਨਾਲ ਸਪੋਟੀਫਾਈ 'ਤੇ 1 ਬਿਲੀਅਨ+ ਕਰੀਅਰ ਸਟ੍ਰੀਮ ਨੂੰ ਕੀਤਾ ਪਾਰ
ਚੰਡੀਗੜ੍ਹ (ਮੁਸਕਾਨ ਢਿਲੋਂ ) : ਕੈਨੇਡਾ ਸਥਿਤ ਪੰਜਾਬੀ ਗਾਇਕ ਅਤੇ ਰੈਪਰ ਸ਼ੁਭ ਆਪਣੇ ਸੁਪਰਹਿੱਟ ਸਿੰਗਲ "ਵੀ ਰੋਲਿਨ" ਨਾਲ ਸ਼ਾਨਦਾਰ ਉਚਾਈਆਂ 'ਤੇ ਪਹੁੰਚ ਗਿਆ ਹੈ। ਵਿਸ਼ਵ ਪੱਧਰ 'ਤੇ ਛਾਉਣ ਵਾਲਾ ਸ਼ੁਭ ਇਕ ਵਾਰ ਫਿਰ ਆਪਣੇ ਪ੍ਰਸ਼ੰਸਕਾਂ ਨੂੰ ਤੋਹਫ਼ਾ ਦੇਣ ਲਈ ਤਿਆਰ ਹੈ। ਕਰੀਅਰ ਵਿਚ ਇਕ ਹੋਰ ਖੰਭ ਜੋੜਦੇ ਹੋਏ, ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਸ਼ੁਭ ਨੇ ਆਪਣੇ ਵਰਲਡ ਟੂਰ ਬਾਰੇ ਘੋਸ਼ਣਾ ਕੀਤੀ ਹੈ।
ਉਹ ਭਾਰਤ, ਯੂ.ਕੇ., ਯੂ.ਏ.ਈ., ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ ਅਤੇ ਅਮਰੀਕਾ ਸਮੇਤ 7 ਦੇਸ਼ਾਂ ਵਿਚ ਆਪਣਾ ਪਹਿਲਾ ਵਿਸ਼ਵ ਦੌਰਾ ਕਰਨ ਨੂੰ ਬਿਲਕੁਲ ਤਿਆਰ ਹੈ। ਸ਼ੁਭ ਦੀ ਇਨ੍ਹਾਂ ਦੇਸ਼ਾਂ ਵਿਚ ਵੱਡੀ ਫੈਨ ਫਾਲੋਇੰਗ ਹੈ। ਇਸ ਤੋਂ ਪਹਿਲਾ ਸ਼ੁਭ ਦਾ ਕੋਈ ਪਿਛਲਾ ਟੂਰਿੰਗ ਇਤਿਹਾਸ ਨਹੀਂ ਹੈ।
ਦੁਨੀਆ ਭਰ ਦੇ ਸਟ੍ਰੀਮਿੰਗ ਪਲੇਟਫਾਰਮਾਂ 'ਤੇ "ਸਟਿਲ ਰੋਲਿਨ" ਦੀ ਇਕ ਵੱਡੀ ਸਫਲਤਾ ਤੋਂ ਬਾਅਦ ਸ਼ੁਭ ਪੰਜਾਬੀ ਸੰਗੀਤ ਜਗਤ ਵਿਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਸ਼ੁਭ ਨੇ ਪੰਜਾਬੀ ਸੰਗੀਤ ਨੂੰ ਨਵੀਆਂ ਬੁਲੰਦੀਆਂ 'ਤੇ ਪਹੁੰਚਾਇਆ ਹੈ ਅਤੇ ਅੰਤਰਰਾਸ਼ਟਰੀ ਪ੍ਰਸਿੱਧੀ ਹਾਸਲ ਕੀਤੀ ਹੈ। 'ਵੀ ਰੋਲਿਨ' ਤੋਂ 'ਸਟਿਲ ਰੋਲਿਨ' ਤੱਕ ਦੇ ਸਫ਼ਰ ਵਿਚ ਗਾਇਕ ਪਹਿਲਾਂ ਹੀ ਆਪਣੇ ਆਪ ਨੂੰ ਪੰਜਾਬੀ ਸੰਗੀਤ ਦੇ ਸਭ ਤੋਂ ਸਫਲ ਕਲਾਕਾਰਾਂ ਵਿਚੋਂ ਇਕ ਵਜੋਂ ਸਥਾਪਿਤ ਕਰ ਚੁੱਕਾ ਹੈ। ਇਸ ਨੌਜਵਾਨ ਸਿਤਾਰੇ ਨੇ ਆਪਣੇ ਧਮਾਕੇਦਾਰ ਗੀਤਾਂ ਨਾਲ ਬਹੁਤ ਹੀ ਘੱਟ ਸਮੇਂ ਵਿੱਚ ਬਹੁਤ ਸਾਰੇ ਦਿਲ ਜਿੱਤ ਲਏ।
ਸ਼ੁਭ ਦਾ ਨਾਂ ਹੁਣ ਹਰ ਨੌਜਵਾਨ ਦੀ ਜ਼ੁਬਾਨ 'ਤੇ ਹੈ। 7 ਸ਼ਹਿਰਾਂ ਦੇ ਇਸ ਦੌਰੇ ਵਿਚ ਸ਼ੁਭ ਇਨ੍ਹਾਂ ਦੇਸ਼ਾਂ ਵਿਚ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੇ ਹੋਏ ਲਾਈਵ ਪ੍ਰਦਰਸ਼ਨ ਕਰਨਗੇ। ਇਸ ਤੋਂ ਇਲਾਵਾ, ਗਾਇਕ ਦੁਆਰਾ ਪ੍ਰੋਗਰਾਮ ਦੀਆਂ ਅਧਿਕਾਰਤ ਤਰੀਕਾਂ ਅਤੇ ਸਥਾਨ ਦਾ ਅਜੇ ਤੱਕ ਖੁਲਾਸਾ ਨਹੀਂ ਕੀਤਾ ਗਿਆ ਹੈ। ਹੁਣ, ਸਭ ਦੀਆਂ ਨਜ਼ਰਾਂ ਟੂਰ ਦੇ ਸੰਬੰਧ ਵਿਚ ਹੋਰ ਅਪਡੇਟਾਂ 'ਤੇ ਹਨ। ਦੱਸ ਦਈਏ ਕਿ ਕੈਨੇਡੀਅਨ ਬੇਸਡ ਗਾਇਕ ਸ਼ੁਭ ਨੇ 2 ਸਾਲਾਂ ਤੋਂ ਵੀ ਘੱਟ ਸਮੇਂ ਵਿੱਚ ਸਿਰਫ਼ 13 ਗੀਤਾਂ ਨਾਲ ਸਪੋਟੀਫਾਈ 'ਤੇ 1 ਬਿਲੀਅਨ+ ਕਰੀਅਰ ਸਟ੍ਰੀਮ ਨੂੰ ਪਾਰ ਕੀਤਾ ਹੈ। ਪੰਜਾਬੀ ਰੈਪਰ ਦੇ ਸਪੋਟੀਫਾਈ 'ਤੇ 12.3 ਮਿਲੀਅਨ ਤੋਂ ਮਾਸਿਕ ਸਰੋਤੇ ਹਨ। ਇਸ ਖ਼ਬਰ ਤੋਂ ਬਾਅਦ ਦੁਨੀਆ ਭਰ ਤੋਂ ਉਸਦੇ ਪ੍ਰਸ਼ੰਸਕ ਲਾਜ਼ਮੀ ਹੀ ਸ਼ਾਂਤ ਨਹੀਂ ਰਹਿ ਸਕਦੇ! ਸ਼ੁਭ ਦੇ ਭਰਾ ਪੰਜਾਬੀ ਗਾਇਕ ਰਵਨੀਤ ਸਿੰਘ ਨੇ ਸ਼ੁਭ ਦੀ ਇੰਸਟਾਗ੍ਰਾਮ ਪੋਸਟ ਦੇ ਹੇਠਾਂ ਟਿੱਪਣੀ ਕਰ ਕਿਹਾ "ਪਰਾਊਡ ਆਫ ਯੂ' @subhworldwide"।