ਜਨਮਦਿਨ ਮੌਕੇ ਸਤਿੰਦਰ ਸਰਤਾਜ ਨੇ ਗੀਤ ਰਾਹੀਂ ਆਪਣੇ ਚਹੇਤਿਆਂ ਨੂੰ ਦਿੱਤਾ ਖੂਬਸੂਰਤ ਤੋਹਫ਼ਾ

ਏਜੰਸੀ

ਮਨੋਰੰਜਨ, ਪਾਲੀਵੁੱਡ

‘ਮਤਵਾਲੀਏ’ਗੀਤ ਸਤਿੰਦਰ ਸਰਤਾਜ ਦੀ ਐਲਬਮ ‘ਸੈਵਨ ਰਿਵਰਜ਼’ ਯਾਨੀ ਕਿ ‘ਦਰਿਆਈ ਤਰਜ਼ਾਂ’ ਦਾ ਹੈ,

Satinder Sartaj

ਸੁਰਾਂ ਦੇ ਸਰਤਾਜ ਸਤਿੰਦਰ ਸਰਤਾਜ ਦਾ ਅੱਜ ਜਨਮਦਿਨ ਹੈ। ਆਪਣੇ ਜਨਮਦਿਨ ’ਤੇ ਚਹੇਤਿਆਂ ਵਲੋਂ ਮਿਲ ਰਹੀਆਂ ਅਸੀਸਾਂ ਦੇ ਬਦਲੇ ਸਤਿੰਦਰ ਸਰਤਾਜ ਨੇ ਆਪਣੇ ਫੈਨਜ਼ ਨੂੰ ਇਕ ਖੂਬਸੂਰਤ ਗੀਤ ਤੋਹਫ਼ਾ ਦਿੱਤਾ ਹੈ। ਗੀਤ ਦਾ ਨਾਮ ਹੈ ‘ਮਤਵਾਲੀਏ’।

‘ਮਤਵਾਲੀਏ’ਗੀਤ ਸਤਿੰਦਰ ਸਰਤਾਜ ਦੀ ਐਲਬਮ ‘ਸੈਵਨ ਰਿਵਰਜ਼’ ਯਾਨੀ ਕਿ ‘ਦਰਿਆਈ ਤਰਜ਼ਾਂ’ ਦਾ ਹੈ, ਜੋ ਰਾਵੀ ਦਰਿਆ ਨੂੰ ਸਮਰਪਿਤ ਹੈ। ਗੀਤ ’ਚ ਸਤਿੰਦਰ ਸਰਤਾਜ ਨਾਲ ਮਾਡਲ ਦਿਲਜੋਤ ਨਜ਼ਰ ਆ ਰਹੀ ਹੈ ਤੇ ਦੋਵਾਂ ਦੀ ਕੈਮਿਸਟਰੀ ਵੀ ਗੀਤ ’ਚ ਖਿੱਚ ਦਾ ਕੇਂਦਰ ਬਣੀ ਹੈ। ਗੀਤ ਨੂੰ ਆਵਾਜ਼ ਦੇਣ ਦੇ ਨਾਲ-ਨਾਲ ਇਸ ਦੇ ਬੋਲ ਵੀ ਖੁਦ ਸਤਿੰਦਰ ਸਰਤਾਜ ਨੇ ਲਿਖੇ ਹਨ ਤੇ ਤਰਜ਼ ਵੀ ਉਨ੍ਹਾਂ ਵਲੋਂ ਤਿਆਰ ਕੀਤੀ ਗਈ ਹੈ। 

ਇਸ ਦੇ ਨਾਲ ਹੀ ਦੱਸ ਦਈਏ ਕਿ ਸੂਫ਼ੀਅਤ ਰੰਗ ਵਾਲੀ ਗਾਇਕੀ ਦੇ ਸਿਰਮੌਰ ਗਾਇਕ  ਸਤਿੰਦਰ ਸਰਤਾਜ ਪੰਜਾਬੀ ਮਾਂ-ਬੋਲੀ, ਸਾਹਿਤ ਅਤੇ ਚੰਗੀ ਸ਼ਾਇਰੀਨੁਮਾ ਸੰਗੀਤ ਨਾਲ ਜੁੜੇ  ਸੂਝਵਾਨ ਸਰੋਤਿਆਂ ਦਾ ਚਹੇਤਾ ਗਾਇਕ ਹੈ। ਉਹਨਾਂ ਨੇ ਅਪਣੀ ਵਿਲੱਖਣ ਸ਼ਾਇਰੀ ਵਾਲੀ ਗਾਇਕੀ ਨਾਲ ਪੰਜਾਬੀ ਸੰਗੀਤ ਵਿਚ ਸੂਫ਼ੀਅਤ ਗਾਇਕੀ ਦਾ ਨਿਵੇਕਲਾ ਰੰਗ ਪੇਸ਼ ਕੀਤਾ ਹੈ। ਸਤਿੰਦਰ  ਸਰਤਾਜ ਦੀ ਗਾਇਕੀ ਵਾਂਗ ਉਸ ਦੀ ਅਪਣੀ ਵੀ ਵਖਰੀ ਦਿੱਖ ਹੈ ਜੋ ਦਰਸ਼ਕਾਂ ਨੂੰ ਪ੍ਰਭਾਵਤ ਕਰਦੀ ਹੈ।

ਉਸ ਦੀਆਂ ਵੀਡਿਜ਼ ਦੀ ਗੱਲ ਕਰੀਏ ਤਾਂ ਗੀਤਾਂ ਦੇ ਸੁਭਾਅ ਵਾਂਗ ਵੀਡੀਉ ਫ਼ਿਲਮਾਂਕਣ ਵੀ ਵਖਰੇ ਹੀ ਅੰਦਾਜ਼ ਦੇ ਹੁੰਦੇ ਹਨ। ਜ਼ਿੰਦਗੀ ਦੀ ਸੱਚਾਈ ਅਤੇ ਰੱਬ ਦੇ ਰੰਗਾਂ ਦੀ ਉਸਤਤ ਕਰਦੀ ਉਸ ਦੀ ਗਾਇਕੀ ਵਾਰ ਵਾਰ ਸੁਣਨ ਦੇ ਕਾਬਲ ਹੁੰਦੀ ਹੈ। ਗਾਇਕੀ ਵਾਂਗ ਫ਼ਿਲਮਾਂ ਵਿਚ ਵੀ ਉਸ ਦੀ ਸ਼ਮੂਲੀਅਤ ਇਕ ਵਖਰੇ ਅੰਦਾਜ਼ ਵਾਲੀ ਹੈ।

ਇਹ ਪਹਿਲਾ ਗਾਇਕ ਹੈ ਜਿਸ ਨੇ ਪਾਲੀਵੁੱਡ ਜਾਂ ਬਾਲੀਵੁੱਡ ਨਹੀਂ ਬਲਕਿ ਹਾਲੀਵੁੱਡ ਦੀ ਇਕ 'ਦ ਬਲੈਕ ਪ੍ਰਿੰਸ' ਨਾਂ ਦੀ ਫ਼ਿਲਮ ਨਾਲ ਅਪਣੇ ਫ਼ਿਲਮੀ ਜੀਵਨ ਦੀ ਸ਼ੁਰੂਆਤ ਕੀਤੀ। ਇਹ ਫ਼ਿਲਮ ਮਹਾਰਾਜਾ ਦਲੀਪ ਸਿੰਘ ਦੇ ਜੀਵਨ ਨਾਲ ਸਬੰਧਤ ਸੀ ਜਿਸ ਨੂੰ ਨਿਰਦੇਸ਼ਕ ਕਵੀ ਰਾਜ ਨੇ ਅੰਗਰੇਜ਼ੀ ਦੇ ਨਾਲ ਨਾਲ ਹਿੰਦੀ ਅਤੇ ਪੰਜਾਬੀ ਜ਼ੁਬਾਨ ਵਿਚ ਵੀ ਡੱਬ ਕੀਤਾ।

ਦਰਸ਼ਕਾਂ ਨੇ ਇਸ ਫ਼ਿਲਮ ਰਾਹੀਂ ਸਤਿੰਦਰ ਸਰਤਾਜ ਦੇ ਇਕ ਨਵੇਂ ਰੂਪ ਨੂੰ ਫ਼ਿਲਮੀ ਪਰਦੇ 'ਤੇ ਵੇਖਿਆ। 'ਪਾਣੀ ਪੰਜਾਂ ਦਰਿਆਵਾਂ ਵਾਲਾ ਜ਼ਹਿਰੀ ਹੋ ਗਿਆ' ਗੀਤ ਨਾਲ ਚਰਚਾ ਵਿਚ ਆਏ ਹੁਸ਼ਿਆਰਪੁਰ ਜ਼ਿਲ੍ਹੇ ਦੇ ਬਜਵਾੜਾ ਦੇ ਜੰਮਪਲ ਸਤਿੰਦਰਪਾਲ ਸਿੰਘ ਸੈਣੀ ਨੇ ਰਾਤੋ-ਰਾਤ ਸਤਿੰਦਰ ਸਰਤਾਜ ਬਣ ਕੇ ਪੰਜਾਬੀ ਗਾਇਕੀ ਦੇ ਅੰਬਰਾਂ 'ਤੇ ਦਸਤਕ ਦਿਤੀ।

ਆਮ ਗਾਇਕੀ ਤੋਂ ਹਟ ਕੇ ਚੰਗਾ ਸੁਣਨ ਵਾਲਿਆਂ ਸਮੇਤ ਸਮੂਹ ਪੰਜਾਬੀ ਸਰੋਤਿਆਂ ਦਾ ਇਸ ਗੀਤ ਨੇ ਧਿਆਨ ਖਿੱਚਿਆ। ਇਸ ਤੋਂ ਬਾਅਦ 'ਅੱਧੀ ਕਿੱਕ 'ਤੇ ਸਟਾਰਟ ਮੇਰਾ ਯਾਮਾ', 'ਵੇਖੀ ਇਕ ਕੁੜੀ'  ਗੀਤ ਚਰਚਾ ਦਾ ਵਿਸ਼ਾ ਬਣੇ। ਹੌਲੀ ਹੌਲੀ ਪੰਜਾਬੀ ਸੰਗੀਤ ਦੇ ਸਰੋਤਿਆਂ 'ਚ ਸਤਿੰਦਰ ਸਰਤਾਜ ਇਕ ਮਾਰਕਾ ਬਣ ਕੇ ਛਾ ਗਿਆ।

ਉਸ ਦੀਆਂ ਸੰਗੀਤਕ ਐਲਬਮਾਂ ਇਬਾਦਤ, ਸਰਤਾਜ, ਚੀਰੇ ਵਾਲਾ ਸਰਤਾਜ, ਸਰਤਾਜ ਲਾਈਵ, ਤੇਰੇ ਕੁਰਬਾਨ, ਅਫ਼ਸਾਨੇ ਸਰਤਾਜ ਦੇ, ਰੰਗਰੇਜ਼ ਦਾ ਪੋਇਟ ਆਫ਼ ਕਲਰ, ਹਜ਼ਾਰੇ ਵਾਲਾ ਮੁੰਡਾ, ਸੀਜ਼ਨ ਆਫ਼ ਸਰਤਾਜ, ਦਰਿਆਈ ਤਰਜ਼ਾਂ ਨੂੰ ਦਰਸ਼ਕਾਂ ਦਾ ਵੱਡਮੁੱਲਾ ਪਿਆਰ ਮਿਲਿਆ।  ਸੰਗੀਤ ਅਤੇ ਵੱਖ-ਵੱਖ ਭਾਸ਼ਾਵਾਂ ਦਾ ਉੱਚਾ ਗਿਆਨ ਰੱਖਣ ਵਾਲੇ ਸਰਤਾਜ ਨੇ ਸੰਗੀਤ ਦੇ ਖੇਤਰ ਵਿਚ ਡਾਕਟਰ ਦੀ ਡਿਗਰੀ ਪ੍ਰਾਪਤ ਕਰ ਕੇ ਪੰਜਾਬੀ ਗਾਇਕੀ ਦਾ ਡੂੰਘਾ ਗਿਆਨ ਹਾਸਲ ਕੀਤਾ।

ਡਾ. ਸਤਿੰਦਰ ਸਰਤਾਜ ਜਿੰਨਾ ਵਧੀਆ ਫ਼ਨਕਾਰ ਹੈ ਓਨਾ ਹੀ ਵਧੀਆ ਇਨਸਾਨ ਵੀ ਹੈ। ਅਦਬ ਅਤੇ ਸਤਿਕਾਰ ਉਸ ਦੀ ਜ਼ਿੰਦਗੀ ਦਾ ਸਰਮਾਇਆ ਹਨ। ਅਜਿਹੇ ਲੋਕ ਆਵਾਜ਼ ਦੇ ਨਹੀਂ ਬਲਕਿ ਰੂਹ ਦੇ ਗਾਇਕ ਹੁੰਦੇ ਹਨ ਜੋ ਦਰਸ਼ਕਾਂ ਦੇ ਦਿਲਾਂ 'ਚ ਵਸੇ ਹੁੰਦੇ ਹਨ।