ਅਦਾਕਾਰ ਰਜਨੀਕਾਂਤ ਦਾ ਰਾਜਨੀਤੀ 'ਚ ਆਉਣ ਦਾ ਐਲਾਨ

ਮਨੋਰੰਜਨ, ਪਾਲੀਵੁੱਡ

ਚੇਨਈ: ਤਾਮਿਲ ਅਦਾਕਾਰ ਰਜਨੀਕਾਂਤ ਨੇ ਅੱਜ ਰਾਜਨੀਤੀ 'ਚ ਆਉਣ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਖ਼ੁਦ ਅਪਣੀ ਪਾਰਟੀ ਦਾ ਗਠਨ ਕਰਨਗੇ ਅਤੇ ਉਨ੍ਹਾਂ ਦੀ ਪਾਰਟੀ ਸੂਬੇ 'ਚ ਅਗਲੀਆਂ ਵਿਧਾਨ ਸਭਾ ਚੋਣਾਂ 'ਚ 234 ਸੀਟਾਂ ਤੋਂ ਚੋਣ ਲੜੇਗੀ।

67 ਸਾਲਾ ਸੁਪਰਸਟਾਰ ਨੇ ਕਿਹਾ ''ਮੈਂ ਯਕੀਨਨ ਰਾਜਨੀਤੀ 'ਚ ਦਾਖ਼ਲ ਹੋ ਰਿਹਾ ਹਾਂ'' । ਰਾਜਨੀਤੀ 'ਚ ਈਮਾਨਦਾਰੀ ਤੇ ਚੰਗੇ ਪ੍ਰਸ਼ਾਸਨ ਦੇ ਵਿਚਾਰ ਨਾਲ ਆਏ ਰਜਨੀਕਾਂਤ ਨੇ ਕਿਹਾ ਸੱਭ ਕੁੱਝ ਬਦਲਣਾ ਪੈਣਾ ਹੈ ਅਤੇ ਅਜਿਹੀ ਅਧਿਆਤਮਕ ਰਾਜਨੀਤੀ ਦੀ ਸ਼ੁਰੂਆਤ ਦੀ ਜ਼ਰੂਰਤ ਹੈ ਜਿਸ 'ਚ ਕਿਸੇ ਧਰਮ ਜਾਤ ਦਾ ਕੋਈ ਰੰਗ ਨਾ ਹੋਵੇ ਅਤੇ ਪਾਰਦਰਸ਼ਤਾ ਹੋਵੇ। 

ਉਨ੍ਹਾਂ ਕਿਹਾ ਇਹ ਮੇਰੀ ਇੱਛਾ ਤੇ ਉਦੇਸ਼ ਹੈ। ਉਨ੍ਹਾਂ ਕਿਹਾ ਉਹ ਭਾਈ-ਭਤੀਜਾਵਾਦ ਜਾਂ ਮੇਜ਼ ਹੇਠਾਂ ਲੈਣਦੇਣ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ, 'ਮੈਨੂੰ ਅਜਿਹੇ ਵਲੰਟੀਅਰਾਂ ਦੀ ਲੋੜ ਹੈ ਜੋ ਅਪਣੇ ਫ਼ਾਇਦਿਆਂ ਲਈ ਕਿਸੇ ਅਧਿਕਾਰੀ ਜਾਂ ਮੰਤਰੀ ਕੋਲ ਨਹੀਂ ਜਾਣਗੇ ਅਤੇ ਅਜਿਹੇ ਵਲੰਟੀਅਰਾਂ ਨੂੰ ਲੋਕਾਂ ਵਲੋਂ ਸਵਾਲ ਕਰਨ ਚਾਹੀਦੇ ਹਨ ਜਿਨ੍ਹਾਂ ਨੇ ਗ਼ਲਤੀਆਂ ਕੀਤੀਆਂ ਹਨ।' ਉਨ੍ਹਾਂ ਕਿਹਾ ਪਾਰਟੀ ਲਈ ਅਜਿਹੇ ਲੋਕਾਂ ਦੀ ਜ਼ਰੂਰਤ ਹੈ ਅਤੇ ਅਖ਼ੀਰ 'ਚ ਉਨ੍ਹਾਂ ਕਿਹਾ ਮੈਂ ਅਜਿਹੇ ਲੋਕਾਂ ਦਾ ਨੁਮਾਇੰਦਾ ਹਾਂ।