ਅਜੋਕੇ ਸਮੇਂ 'ਚ ਕਿਵੇਂ ਬਦਲਿਆ ਪੰਜਾਬੀ ਪਹਿਰਾਵਾ

ਮਨੋਰੰਜਨ, ਪਾਲੀਵੁੱਡ

(ਕੁਲਵਿੰਦਰ ਕੌਰ): ਸਲਵਾਰ ਸੂਟ ਜੋ ਕਿ ਪੰਜਾਬ ਦੀ ਇੱਕ ਬਹੁਤ ਹੀ ਮਸ਼ਹੂਰ ਪੁਸ਼ਾਕ ਹੈ। ਜਿਸ ਨੂੰ ਪੰਜਾਬ ਦੀਆਂ ਕੁੜੀਆਂ ਬੜੇ ਹੀ ਚਾਅ ਨਾਲ ਪਹਿਨਦੀਆਂ ਹਨ। ਅੱਜ ਦੇ ਸਮੇਂ ਵਿੱਚ ਇਹ ਪਹਿਰਾਵਾ ਕਿਤੇ ਗਵਾਚਦਾ ਨਜ਼ਰ ਆ ਰਿਹਾ ਹੈ। ਪਰ ਪੰਜਾਬੀ ਫਿਲਮਾਂ, ਗਾਣਿਆਂ ਵਿੱਚ ਇਸ ਦਾ ਰੁਝਾਨ ਵੱਧਦਾ ਜਾ ਰਿਹਾ ਹੈ। ਪਰ ਪੰਜਾਬ ਦੀਆਂ ਲੜਕੀਆਂ ਇਸ ਪਹਿਰਾਵੇ ਨੂੰ ਭੁੱਲ ਪੱਛਮੀ ਪਹਿਰਾਵੇ ਵੱਲ ਭਾਰੂ ਹੋ ਰਹੀਆਂ ਹਨ। ਉਹ ਆਪਣਾ ਸੱਭਿਆਚਾਰ ਭੁੱਲਦੀਆਂ ਨਜ਼ਰ ਆ ਰਹੀਆਂ ਹਨ।

ਅੱਜ ਫਿਲਮਾਂ ਵਿੱਚ ਜੋ ਕਿ ਪੰਜਾਬੀ ਸਲਵਾਰ ਸੂਟ ਦਿਖਾਏ ਜਾ ਰਹੇ ਹਨ, ਜੋ ਕਿ ਵੱਡੇ ਪੋਂਚਿਆਂ ਵਾਲੇ ਹਨ। ਇਨ੍ਹਾਂ ਦਾ ਟ੍ਰੈਂਡ ਵੀ ਹੁਣ ਲਗਾਤਾਰ ਵੱਧਦਾ ਜਾ ਰਿਹਾ ਹੈ। ਹਰ ਲੜਕੀ, ਮੁਟਿਆਰ ਵੱਡੇ ਪੋਂਚਿਆਂ ਵਾਲੀ ਸਲਵਾਰ ਪਾਉਣਾ ਪਸੰਦ ਕਰਦੀ ਹੈ। ਜਦ ਕਿ ਥੌੜਾ ਪਿੱਛੇ ਜਾਈਏ ਤਾਂ ਸਾਡੇ ਬਜ਼ੁਰਗ ਯਾਨੀ ਦਾਦੀ, ਨਾਨੀ ਇਹੋ ਜਿਹੀਆਂ ਸਲਵਾਰਾਂ ਪਹਿਨਦੀਆਂ ਸਨ। ਪਰ ਉਦੋਂ ਅਸੀਂ ਉਨ੍ਹਾਂ ਨੂੰ ਪਸੰਦ ਵੀ ਨਹੀਂ ਸਨ ਕਰਦੇ, ਸਾਨੂੰ ਉਹ ਸਲਵਾਰ ਬੜੀ ਹੀ ਅਜੀਬ ਜਿਹੀ ਲੱਗਦੀ ਸੀ।

ਪਰ ਜਿਵੇਂ ਅਸੀਂ ਆਪਣੇ ਫੇਵਰਟ ਅਦਾਕਾਰਾਂ ਨੂੰ ਫਿਲਮਾਂ 'ਚ ਉਹ ਪਹਿਰਾਵਾ ਪਾਇਆ ਵੇਖਦੇ ਹਾਂ ਤਾਂ ਸਾਨੂੰ ਵੀ ਉਹ ਚੰਗਾ ਲੱਗਣ ਲੱਗ ਜਾਂਦਾ ਹੈ। ਅਸੀਂ ਵੀ ਫਿਰ ਉਵੇਂ ਦੇ ਹੀ ਕੱਪੜੇ ਪਾਉਣ ਲੱਗ ਜਾਂਦੇ ਹਾਂ। ਪਰ ਅਜਿਹਾ ਕਿਉਂ ਹੈ, ਅਸੀਂ ਸਿਰਫ਼ ਐਕਟਰ ਜਾਂ ਐਕਟਰੈਸ ਨੂੰ ਹੀ ਕਿਉਂ ਪਸੰਦ ਕਰਦੇ ਹਾਂ। ਉਹ ਜਿਹੜਾ ਪਹਿਰਾਵਾ ਪਾ ਕੇ ਆਉਂਦੇ ਹਨ ਅਸੀਂ ਵੀ ਉਹੀ ਪਾਉਣਾ ਸ਼ੁਰੂ ਕਰ ਦਿੰਦੇ ਹਾਂ। 

Rubbed ਜ਼ੀਨਸ ਦਾ ਰੁਝਾਨ ਵੀ ਲਗਾਤਾਰ ਵੱਧਦਾ ਦਿਖਾਈ ਦੇ ਰਿਹਾ ਹੈ। ਫੈਸ਼ਨੇਬਲ ਮੁੰਡੇ -ਕੁੜੀਆਂ ਇਹ ਜ਼ੀਨਸ ਵਧੇਰੇ ਪਾਉਣਾ ਪਸੰਦ ਕਰਦੇ ਹਨ। ਪਰ ਅਜਿਹਾ ਕਿਉਂ ਹੈ, ਕਿਉਂ ਉਹ ਆਪਣੇ ਸੱਭਿਆਚਾਰ ਪਹਿਰਾਵੇ ਨੂੰ ਭੁੱਲ ਪੱਛਮੀ ਸੱਭਿਆਚਾਰ ਵੱਲ ਭਾਰੂ ਹੋ ਰਹੇ ਹਨ। ਇਸ ਦਾ ਸਭ ਤੋਂ ਵੱਡਾ ਕਾਰਣ ਵੀ ਇਹੀ ਹੈ ਕਿ ਅੱਜ ਦੇ ਸਮੇਂ 'ਚ ਜੋ ਅਸੀਂ ਫ਼ਿਲਮਾਂ, ਗਾਣਿਆਂ ਵਿੱਚ ਵੇਖਦੇ ਹਾਂ ਉਹੀ ਸਭ ਅਸੀਂ ਵੀ ਪਾਉਣਾ ਪਸੰਦ ਕਰਦੇ ਹਾਂ। 

ਅੱਜ ਅਸੀਂ ਵੇਖਦੇ ਹਾਂ ਕਿ ਪੰਜਾਬ ਦੇ ਨੌਜਵਾਨਾਂ ਵਿੱਚ ਵੀ ਪੱਛਮੀ ਸੱਭਿਆਚਾਰ ਦਾ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਦੇ ਨੌਜਵਾਨ ਜੋ ਕਿ ਸੂਹੀ ਪੱਗ ਨਾਲ ਦੇਸ਼-ਵਿਦੇਸ਼ ਵਿੱਚ ਮਸ਼ਹੂਰ ਮੰਨੇ ਜਾਂਦੇ ਹਨ, ਅੱਜ ਉਹੀ ਨੌਜਵਾਨ ਆਪਣੀ ਉਹ ਪਹਿਚਾਣ ਨੂੰ ਗਵਾਚਦਾ ਨਜ਼ਰ ਆ ਰਿਹਾ ਹੈ। 

ਪੰਜਾਬ ਦੀਆਂ ਮੁਟਿਆਰਾਂ ਜੋ ਕਿ ਪੂਰੀ ਦੁਨੀਆਂ ਵਿੱਚ ਮਸ਼ਹੂਰ ਮੰਨੀਆਂ ਜਾਂਦੀਆਂ ਹਨ ਕਿ ਪੰਜਾਬ ਦੀਆਂ ਮੁਟਿਆਰਾਂ ਦਾ ਇਹ ਪਹਿਰਾਵਾ ਉਨ੍ਹਾਂ ਨੂੰ ਇੱਕ ਅਲੱਗ ਪਹਿਚਾਣ ਦਿੰਦਾ ਹੈ। ਹੁਣ ਜਦੋਂ ਅਸੀਂ ਕਿਸੇ ਪੰਜਾਬੀ ਮੁਟਿਆਰ ਨੂੰ ਪੂਰੇ ਪੰਜਾਬੀ ਪਹਿਰਾਵੇ ਵਿੱਚ ਵੇਖਦੇ ਹਾਂ ਤਾਂ ਮਨ ਬੜਾ ਹੀ ਖੁਸ਼ ਹੁੰਦਾ ਹੈ ਕਿਉਂਕਿ ਹੁਣ ਇਹ ਪਹਿਰਾਵਾ ਕਿਤੇ ਗਵਾਚਦਾ ਹੀ ਨਜ਼ਰ ਆਉਂਦਾ ਹੈ। ਇਹ ਸਿਰਫ ਗਿਣਵੀਆਂ ਮੁਟਿਆਰਾਂ ਦੇ ਹੀ ਪਾਇਆ ਵੇਖਿਆ ਜਾਂਦਾ ਹੈ।

ਲੋੜ ਹੈ ਇਸ ਪਹਿਰਾਵੇ ਨੂੰ ਜਿੰਦਾ ਰੱਖਣ ਦੀ, ਕਿਉਂਕਿ ਇਹ ਸਾਡੇ ਪੰਜਾਬ ਦੀ ਇੱਕ ਵਿਲੱਖਣ ਪਹਿਚਾਣ ਹੈ। ਜੇਕਰ ਅਸੀਂ ਆਪਣੇ ਪੰਜਾਬੀ ਸੱਭਿਆਚਾਰ ਪਹਿਰਾਵੇ ਨੂੰ ਹੀ ਭੁੱਲ ਗਏ ਤਾਂ ਅਸੀਂ ਉਸ ਪੰਜਾਬ ਨੂੰ ਵੀ ਭੁੱਲ ਜਾਵਾਂਗੇ ਜਿਸ ਨੂੰ ਕਿ ਪੂਰੀ ਦੁਨੀਆ ਵਿੱਚ ਇੱਕ ਅਲੱਗ ਪਹਿਚਾਣ ਮਿਲੀ ਹੋਈ ਹੈ।