ਬਿਨੂੰ ਢਿੱਲੋਂ ਦੀ ਪੰਜਾਬੀ ਫ਼ਿਲਮ 'ਬਾਈਲਾਰਸ' ਅੱਜ ਪੁੱਟੇਗੀ ਧੂੜਾਂ

ਮਨੋਰੰਜਨ, ਪਾਲੀਵੁੱਡ

ਚੰਡੀਗੜ੍ਹ, 5 ਅਕਤੂਬਰ (ਸਪੋਕਸਮੈਨ ਸਮਾਚਾਰ ਸੇਵਾ) : ਧੜਾਧੜ ਬਣ ਰਹੀਆਂ ਪੰਜਾਬੀ ਫ਼ਿਲਮਾਂ ਦੀ ਸੂਚੀ ਵਿਚ ਸ਼ਾਮਲ ਹੁੰਦਿਆਂ ਮਸ਼ਹੂਰ ਕਲਾਕਾਰ ਬਿੰਨੂ ਢਿੱਲੋਂ ਇਕ ਵੱਖਰੇ ਸੰਕਲਪ ਅਤੇ ਵੱਖਰੀ ਪੇਸ਼ਕਸ਼ ਵਾਲੀ ਪੰਜਾਬੀ ਫ਼ਿਲਮ 'ਬਾਇਲਾਰਸ' ਲੈ ਕੇ ਲੋਕਾਂ ਦੀ ਕਚਿਹਰੀ ਵਿਚ ਪਹੁੰਚੇ ਹਨ। ਇਸ ਪਰਵਾਰਕ ਫ਼ਿਲਮ 'ਚ ਬਿੰਨੂ ਢਿੱਲੋਂ, ਪ੍ਰਾਚੀ ਤਹਿਲਾਣ, ਦੇਵ ਖਰੌੜ, ਨਿਰਮਲ ਰਿਸ਼ੀ, ਕਰਮਜੀਤ ਅਨਮੋਲ, ਹੌਬੀ ਧਾਲੀਵਾਲ ਤੇ ਰਵਨੀਤ ਜੱਗੀ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ।ਫ਼ਿਲਮ ਦੀ ਪ੍ਰਮੋਸ਼ਨ ਲਈ ਫ਼ਿਲਮ ਦੀ ਟੀਮ ਵਿਸ਼ੇਸ਼ ਤੌਰ 'ਤੇ ਰੋਜ਼ਾਨਾ ਸਪੋਕਸਮੈਨ ਟੀਵੀ ਦੇ ਵਿਹੜੇ ਪਹੁੰਚੀ ਜਿਥੇ ਬਿਨੂੰ ਢਿੱਲੋਂ ਨੇ ਰੋਜ਼ਾਨਾ ਸਪੋਕਸਮੈਨ ਦੇ ਮੈਨੇਜਿੰਗ ਐਡੀਟਰ ਨਿਮਰਤ ਕੌਰ ਨਾਲ ਗੱਲਬਾਤ ਦੌਰਾਨ ਫ਼ਿਲਮ ਅਤੇ ਅਪਣੀ ਜ਼ਿੰਦਗੀ ਬਾਰੇ ਕਈ ਗੱਲਾਂ ਸਾਂਝੀਆਂ ਕੀਤੀਆਂ। 

ਬਿਨੂੰ ਢਿੱਲੋਂ ਫ਼ਿਲਮ ਬਾਰੇ ਦਸਿਆ ਕਿ ਫ਼ਿਲਮ ਦੀ ਕਹਾਣੀ ਇਕ ਰਸ਼ੀਅਨ ਟਰੈਕਟਰ 'ਬਾਈਲਾਰਸ' 'ਤੇ ਆਧਾਰਤ ਹੈ। ਦਰਅਸਲ ਇਹ ਟਰੈਕਟਰ ਬਿਨੂੰ ਦੇ ਪਿਤਾ ਦੀ ਨਿਸ਼ਾਨੀ ਹੁੰਦਾ ਹੈ ਜਿਸ ਨੂੰ ਬਿਨੂੰ ਵੀ ਜਾਨ ਤੋਂ ਵੱਧ ਤੇ ਪਿਉ ਵਾਂਗ ਪਿਆਰ ਕਰਦਾ ਹੈ। ਬਿਨੂੰ ਕੋਲ 8 ਕਿਲੇ ਜ਼ਮੀਨ ਹੁੰਦੀ ਹੈ। ਇਸ ਫ਼ਿਲਮ 'ਚ ਬਿਨੂੰ ਦੇ ਮਾਤਾ-ਪਿਤਾ ਨਹੀਂ ਵਿਖਾਏ ਗਏ। ਨਿਰਮਲ ਰਿਸ਼ੀ ਬਿਨੂੰ ਦੀ ਦਾਦੀ ਦਾ ਰੋਲ ਅਦਾ ਕਰ ਰਹੇ ਹਨ ਅਤੇ ਬਿਨੂੰ ਅਪਣੀ ਜ਼ਿੰਦਗੀ ਦਾ ਗੁਜ਼ਾਰਾ ਟਰੈਕਟਰ ਦੇ ਟੋਚਨ ਮੁਕਾਬਲਿਆਂ 'ਚ ਜਾ ਕੇ ਉਥੋਂ ਮਿਲਦੇ ਪੈਸਿਆਂ ਨਾਲ ਕਰਦਾ ਹੈ। ਅਚਾਨਕ ਬਿਨੂੰ ਦੀ ਜ਼ਿੰਦਗੀ 'ਚ ਇਕ ਕੁੜੀ ਆਉਂਦੀ ਹੈ ਜਿਸ ਨਾਲ਼ ਉਸਨੂੰ ਇਕ ਤਰਫ਼ਾ ਪਿਆਰ ਹੋ ਜਾਂਦਾ ਹੈ ਜਿਸ ਕਰ ਕੇ ਉਹ ਅਪਣੇ ਟਰੈਕਟਰ ਨੂੰ ਵੀ ਵੇਚ ਦਿੰਦਾ ਹੈ। ਫ਼ਿਲਮ ਵਿਚ ਵਰਤੇ ਗਏ ਟਰੈਕਟਰ ਬਾਰੇ ਗੱਲਬਾਤ ਕਰਦਿਆਂ ਬਿਨੂੰ ਨੇ ਦਸਿਆ ਕਿ ਅੱਜ-ਕਲ 'ਬਾਈਲਾਰਸ' ਟਰੈਕਟਰ ਕਾਫ਼ੀ ਮੁਸ਼ਕਲ ਨਾਲ ਮਿਲਦੇ ਹਨ। ਉਨ੍ਹਾਂ ਨੇ ਇਸ ਟ੍ਰੈਕਟਰ ਨੂੰ ਨਾਭਾ ਦੇ ਪਿੰਡ ਚਪੜੋਦਾ ਤੋਂ ਹੋਬੀ ਧਾਲੀਵਾਲ ਜੀ ਦੇ ਲਾਣੇ 'ਚੋਂ ਲਿਆ। ਇਸ ਤੋਂ ਪਹਿਲਾਂ ਹੋਰ ਵੀ ਕਈ 'ਬਾਈਲਾਰਸ' ਫ਼ਿਲਮ ਲਈ ਵੇਖੇ ਗਏ ਪਰ ਸੱਭ ਮੋਡੀਫ਼ਾਈ ਕੀਤੇ ਹੋਏ ਸਨ।