ਗਾਇਕ ਸਤਿੰਦਰ ਸਰਤਾਜ ਨੇ ਸੂਫ਼ੀਆਨਾ ਮਹਿਫ਼ਲ ਸਜਾਈ

ਮਨੋਰੰਜਨ, ਪਾਲੀਵੁੱਡ

ਪਰਥ 12 ਅਕਤੂਬਰ (ਪਿਆਰਾ ਸਿੰਘ ਨਾਭਾ) : ਆਸਟ੍ਰੇਲੀਆ ਦੇ ਸ਼ਹਿਰ ਪਰਥ 'ਚ ਪੰਜਾਬੀ ਗਾਇਕ ਸਤਿੰਦਰ ਸਰਤਾਜ ਦੀ ਲਫ਼ਜ਼ਾਂ ਤੇ ਸੁਰਾਂ ਦੀ ਰੰਗਤ 'ਚ ਰੰਗੀ ਸੂਫ਼ੀਆਨਾ ਸੰਗੀਤਮਈ ਮਹਿਫ਼ਲ ਸਜੀ, ਜਿਸ ਨੂੰ ਪੰਜਾਬ ਵੈਣਚਰਜ ਨੇ ਨਿਊ ਇੰਗਲੈਂਡ ਕਾਲਜ ਦੇ ਸਹਿਯੋਗ ਨਾਲ ਬੈਪਿਸ਼ਟ ਕੈਨੇਡੀ ਕਾਲਜ ਮਰਡਕ 'ਚ ਕਰਵਾਇਆ।ਇਸ ਮਹਿਫ਼ਲ 'ਚ ਪੰਜਾਬੀ ਭਾਈਚਾਰਾ ਵੱਡੀ ਗਿਣਤੀ 'ਚ ਪਰਵਾਰਾਂ ਸਮੇਤ ਸਰਤਾਜ ਨੂੰ ਸੁਨਣ ਲਈ ਪਹੁੰਚਿਆ। ਜਿਵੇਂ ਹੀ ਸਰਤਾਜ ਸਟੇਜ 'ਤੇ ਆਇਆ, ਹਾਲ 'ਚ ਮੌਜੂਦ ਸਾਰੇ ਹੀ ਸਰੋਤਿਆਂ ਨੇ ਖੜੇ ਹੋ ਕੇ ਤਾੜੀਆਂ ਨਾਲ ਸਵਾਗਤ ਕੀਤਾ। ਮਹਿਫ਼ਲ ਦੀ ਸ਼ੁਰੂਆਤ 'ਸਾਂਈਂ' ਨਾਲ ਕੀਤੀ ਅਤੇ ਲਗਾਤਾਰ ਤਿੰਨ ਘੰਟੇ ਚਰਚਿਤ ਤੇ ਨਵੇਂ ਗੀਤਾਂ ਦੇ ਬੋਲਾਂ ਨਾਲ ਮਹਿਫ਼ਲ 'ਚ ਖ਼ੂਬ ਰੰਗ ਬੰਨ੍ਹਿਆ। 

ਸਰਤਾਜ ਦੇ ਲਫ਼ਜ਼ਾਂ 'ਚ ਲਲਕਾਰ, ਤਰਲਾ, ਅਰਦਾਸ, ਦਿਲਾਸਾ, ਧਰਵਾਸ, ਖ਼ੁਸ਼ੀ ਤੇ ਉਦਾਸੀ ਦੇ ਅਨੁਭਵਾਂ ਨੂੰ ਪੇਸ਼ ਕਰਦੀ ਹੋਈ ਸੰਗੀਤਮਈ ਮਹਿਫ਼ਲ ਯਾਦਗਾਰੀ ਹੋ ਨਿਬੜੀ।ਅਖੀਰ 'ਚ ਪੰਜਾਬ ਵੈਣਚਰਜ ਦੀ ਸਮੁੱਚੀ ਟੀਮ ਨੇ ਸਤਿੰਦਰ ਸਰਤਾਜ ਨੂੰ ਸਨਮਾਨ ਚਿੰਨ੍ਹ ਨਾਲ ਸਨਮਾਨਿਆ। ਇਸ ਮੌਕੇ ਮੁੱਖ ਪ੍ਰਬੰਧਕ ਹਰਪ੍ਰੀਤ ਸਿੰਘ ਨੇ ਸਰਤਾਜ ਸਮੇਤ ਸਮੂਹ ਪੰਜਾਬੀ ਭਾਈਚਾਰੇ ਦਾ ਧਨਵਾਦ ਕੀਤਾ। ਹੋਰਨਾਂ ਤੋਂ ਇਲਾਵਾ ਸੰਸਦ ਮੈਂਬਰ ਯੈਜ ਮੁਬਾਕਾਈ, ਬਲਵਿੰਦਰ ਬੱਲੀ, ਪ੍ਰਭਪ੍ਰੀਤ ਮੱਕੜ, ਰਣਜੀਤ ਸੰਧੂ, ਗੁਰਪ੍ਰੀਤ ਸਿੰਘ, ਮਾਨਦਪਿੰਦਰ ਸਿੰਘ, ਰਮਨਦੀਪ ਸਿੰਘ, ਬੇਅੰਤ ਵੜੈਚ, ਸੋਨੂੰ ਰੌਣੀ ਤੇ ਗਗਨ ਗਿੱਲ ਆਦਿ ਹਾਜ਼ਰ ਸਨ।