ਗੋਲੀ ਲੱਗਣ ਨਾਲ ਵੀ ਨਹੀਂ ਟੁੱਟਿਆ ਸੀ ਜਿਸਦਾ ਜਜ਼ਬਾ ਉਸ ਹਾਕੀ ਖਿਡਾਰੀ ਸੰਦੀਪ ਸਿੰਘ ਦਾ ਰੋਲ ਕਰੇਗਾ ਦਿਲਜੀਤ

ਮਨੋਰੰਜਨ, ਪਾਲੀਵੁੱਡ

ਵਿਸ਼ਵ ਕੱਪ ਖੇਡਣ ਲਈ ਜਾਣ ਤੋਂ 2 ਦਿਨ ਪਹਿਲਾਂ ਇੱਕ ਖਿਡਾਰੀ ਦੀ ਲੱਤ 'ਤੇ ਅਚਾਨਕ ਗੋਲੀ ਵੱਜਦੀ ਹੈ ਅਤੇ ਦੇਸ਼ ਦਾ ਬਿਹਤਰੀਨ ਖਿਡਾਰੀ ਲਕਵੇ ਦਾ ਸ਼ਿਕਾਰ ਹੋ ਜਾਂਦਾ ਹੈ। 2 ਸਾਲ ਅਪਾਹਜਾਂ ਵਾਂਗ ਵਹੀਲ ਚੇਅਰ 'ਤੇ ਰਹਿਣ ਤੋਂ ਬਾਅਦ ਵੀ ਉਸ ਖਿਡਾਰੀ ਦੇ ਅੰਦਰਲਾ ਜਜ਼ਬਾ ਨਹੀਂ ਮਰਿਆ ਅਤੇ ਉਹੀ ਲਕਵੇ ਦਾ ਖਿਡਾਰੀ ਮੁਡ਼ ਖੇਡ ਦੇ ਮੈਦਾਨ ਵਿੱਚ ਉੱਤਰ ਕੇ ਆਪਣੇ ਉਹੀ ਰੰਗ ਵਿੱਚ ਆਉਂਦਾ ਹੈ। ਚੁਣੌਤੀਆਂ ਨੂੰ ਨਕਾਰ ਕੇ ਅਸੰਭਵ ਨੂੰ ਸੰਭਵ ਕਾਰਨ ਵਾਲੇ ਨੂੰ ਹੀ ਕਿਹਾ ਜਾਂਦਾ ਹੈ 'ਸੂਰਮਾ'
ਇਹ ਸੂਰਮਾ ਹੈ ਹਾਕੀ ਖਿਡਾਰੀ ਸੰਦੀਪ ਸਿੰਘ ਜਿਸ ਦੀ ਜੀਵਨੀ 'ਤੇ ਹੁਣ ਇੱਕ ਫਿਲਮ ਬਣ ਰਹੀ ਹੈ ਜਿਸ ਵਿੱਚ ਗਾਇਕ ਅਤੇ ਅਦਾਕਾਰ ਦਿਲਜੀਤ ਸੰਦੀਪ ਸਿੰਘ ਦਾ ਰੋਲ ਨਿਭਾਅ ਰਿਹਾ ਹੈ।  

2009 ਦੀ ਸੁਲਤਾਨ ਅਜਲਾਨ ਸ਼ਾਹ ਟਰਾਫ਼ੀ ਵਿੱਚ ਸਭ ਤੋਂ ਵੱਧ ਗੋਲ ਕਰਨ ਦਾ ਰਿਕਾਰਡ ਰਿਹਾ ਸੰਦੀਪ ਸਿੰਘ ਦੇ ਨਾਂਅ
2010 ਦੀਆਂ ਏਸ਼ੀਅਨ ਖੇਡਾਂ ਵਿੱਚ ਵੀ ਸਭ ਤੋਂ ਵੱਧ ਗੋਲ ਕੀਤੇ ਸੰਦੀਪ ਸਿੰਘ ਨੇ
2012 ਦੇ ਓਲੰਪਿਕ ਕੁਆਲੀਫਾਇਰ ਫਾਈਨਲ ਵਿੱਚ ਸੰਦੀਪ ਨੇ ਦਾਗ਼ੇ 5 ਗੋਲ
ਲੰਡਨ ਓਲੰਪਿਕ ਕੁਆਲੀਫਾਇਰ ਟੂਰਨਾਮੈਂਟ ਵਿੱਚ ਸੰਦੀਪ ਨੇ ਸਭ ਤੋਂ ਵੱਧ 16 ਗੋਲ ਦਾਗੇ

2010 ਵਿੱਚ ਸੰਦੀਪ ਨੂੰ ਅਰਜੁਨ ਅਵਾਰਡ ਨਾਲ ਸਨਮਾਨਿਆ ਗਿਆ। ਚੀਤੇ ਵਰਗੀ ਫੁਰਤੀ ਅਤੇ ਅੱਗ ਵਰ੍ਹਾਉਂਦੀ ਹਾਕੀ ਵਾਲੇ ਸੰਦੀਪ ਸਿੰਘ ਦੇ ਪੈਨਲਟੀ ਸ਼ਾਟ ਦੀ ਹਾਕੀ ਜਗਤ ਵਿੱਚ ਕਾਮਯਾਬੀ ਦੀ ਗਾਰੰਟੀ ਲਈ ਜਾਂਦੀ ਹੈ। 145 ਕਿ.ਮੀ./ ਘੰਟਾ ਦੀ ਸਪੀਡ ਨਾਲ ਡ੍ਰੈਗ ਫਲਿੱਕ ਮਾਰਨ ਵਾਲੇ ਸੰਦੀਪ ਸਿੰਘ ਨੂੰ ਦੁਨੀਆ ਦਾ ਸਭ ਤੋਂ ਵਧੀਆ ਡ੍ਰੈਗ ਫਲਿੱਕਰ ਮੰਨਿਆ ਜਾਂਦਾ ਹੈ। 

ਸੰਦੀਪ ਵਾਂਗ ਦਿਲਜੀਤ ਵੀ ਅੱਜ ਇੱਕ ਅਜਿਹਾ ਨਾਂਅ ਹੈ ਜੋ ਆਪਣੀ ਗਾਇਕੀ ਅਤੇ ਅਦਾਕਾਰੀ ਨਾਲ ਕਾਮਯਾਬੀ ਦੀਆਂ ਨਵੀਆਂ ਅਤੇ ਵੱਡੀਆਂ ਮੰਜ਼ਿਲਾਂ ਨੂੰ ਸਰ ਕਰ ਰਿਹਾ ਹੈ। ਪੰਜਾਬੀ ਪੁੱਤਰ ਸੰਦੀਪ ਦੀ ਜ਼ਿੰਦਗੀ ਨੂੰ ਪਰਦੇ 'ਤੇ ਜੇ ਕੋਈ ਜੀਵੰਤ ਕਰ ਸਕਦਾ ਹੈ ਤਾਂ ਦਿਲਜੀਤ ਉਹਨਾਂ ਵਿੱਚ ਸਭ ਤੋਂ ਮੋਹਰੀ ਨਾਂਅ ਹੈ। ਸੰਦੀਪ ਦੀ ਪ੍ਰੇਰਨਾਦਾਇਕ ਕਹਾਣੀ ਅਤੇ ਦਿਲਜੀਤ ਦੀ ਬਿਹਤਰੀਨ ਅਦਾਕਾਰੀ, ਦੋਵਾਂ ਦਾ ਮੇਲ ਦੇਖਣ ਲਈ ਉਤਸੁਕਤਾ ਵਧਣੀ ਸੁਭਾਵਿਕ ਹੀ ਹੈ।