ਚੰਡੀਗੜ੍ਹ, 28 ਅਕਤੂਬਰ (ਸਸਸ) : ਹਾਲੀਵੁਡ ਦੀਆਂ ਕਈ ਅਦਾਕਾਰਾਵਾਂ ਵਲੋਂ ਹਾਰਵੇ ਵੇਨਸਟੀਨ ਵਿਰੁਧ ਲਗਾਏ ਗਏ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੇ ਪੂਰੀ ਦੁਨੀਆਂ 'ਚ ਬਹਿਸ ਛੇੜ ਦਿਤੀ ਹੈ। ਇਹ ਮਾਮਲਾ ਇਸ ਸਮੇਂ ਸਭ ਤੋਂ ਵੱਧ ਚਰਚਾ 'ਚ ਹੈ। ਹਾਲੀਵੁਡ ਤੋਂ ਬਾਅਦ ਹੁਣ ਬਾਲੀਵੁਡ ਇਸ ਸਕੈਂਡਲ ਬਾਰੇ ਅਪਣੀ ਪ੍ਰਤੀਕਿਰਿਆ ਦੇਣ ਲੱਗਾ ਹੈ।ਬਾਲੀਵੁਡ ਫ਼ਿਲਮ 'ਤੁਮਹਾਰੀ ਸੁੱਲੂ' ਦੀ ਅਦਾਕਾਰਾ ਵਿਦਿਆ ਬਾਲਨ ਨੇ ਕਿਹਾ, ''ਤੁਸੀਂ ਜਾਣਦੇ ਹੋ ਕਿ ਹਾਰਵੇ ਵੇਨਸਟੀਨ ਕਈ ਸਾਲਾਂ ਤੋਂ ਸ਼ੋਸ਼ਣ ਕਰ ਰਿਹਾ ਸੀ ਅਤੇ ਨਿਊਯਾਰਕ ਟਾਈਮਜ਼ ਵਲੋਂ ਖੁਲਾਸਾ ਕਰਨ ਤੋਂ ਪਹਿਲਾਂ ਕੋਈ ਵੀ ਉਸ ਵਿਰੁਧ ਨਹੀਂ ਬੋਲਿਆ, ਇਹ ਕਾਫ਼ੀ ਹੈਰਾਨ ਕਰਨ ਵਾਲਾ ਹੈ। ਇਹ ਵਿਖਾਉਂਦਾ ਹੈ ਕਿ ਔਰਤਾਂ ਭਾਵੇਂ ਕਿੰਨੀਆਂ ਵੀ ਸਫ਼ਲ ਕਿਉਂ ਨਾ ਹੋ ਜਾਣ, ਜਿਨਸੀ ਸ਼ੋਸ਼ਣ ਦੇ ਮਾਮਲੇ 'ਚ ਅਪਣੀ ਆਵਾਜ਼ ਬੁਲੰਦ ਨਹੀਂ ਕਰਦੀਆਂ ਅਤੇ ਚੁੱਪ ਰਹਿੰਦੀਆਂ ਹਨ।'' ਇਹ ਪੁੱਛੇ ਜਾਣ 'ਤੇ ਕਿ ਕੀ ਉਨ੍ਹਾਂ ਨੂੰ ਵੀ ਆਪਣੇ ਆਸਪਾਸ ਰਹਿਣ
ਵਾਲੇ ਇਸ ਤਰ੍ਹਾਂ ਦੇ ਲੋਕਾਂ ਨੇ ਧਮਕਾਇਆ ਹੈ? ਵਿਦਿਆ ਨੇ ਕਿਹਾ, ''ਨਹੀਂ, ਮੈਂ ਕਿਸੇ ਨੂੰ ਇੰਨੀ ਨਜ਼ਦੀਕੀ ਬਣਾਉਣ ਦੀ ਖੁੱਲ੍ਹ ਨਹੀਂ ਦਿੰਦੀ ਜਾਂ ਅਜਿਹਾ ਕੁੱਝ ਨਹੀਂ ਹੋਣ ਦਿੰਦੀ, ਜਿਸ ਤੋਂ ਮੇਰੇ ਸਨਮਾਨ ਨੂੰ ਸੱਟ ਲੱਗੇ। ਇਸ ਦਾ ਇਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਮੈਂ ਅਜਿਹੇ ਪਰਵਾਰ ਤੋਂ ਆਈ ਹਾਂ, ਜਿਥੇ ਮੇਰੀ ਹੋਂਦ ਅਜਿਹੇ ਲੋਕਾਂ 'ਤੇ ਨਿਰਭਰ ਨਹੀਂ ਰਹੀ। ਕਈ ਵਾਰ ਲੜਕੀਆਂ ਸਮਝੌਤਾ ਕਰ ਲੈਂਦੀਆਂ ਹਨ, ਕਿਉਂਕਿ ਉਨ੍ਹਾਂ ਦੀ ਹੋਂਦ ਇਸ 'ਤੇ ਨਿਰਭਰ ਰਹਿੰਦਾ ਹੈ।''ਵਿਦਿਆ ਕਹਿੰਦੀ ਹੈ ਕਿ ਉਸ ਨੂੰ ਕਦੇ ਵੀ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਬਣਨ ਦੀ ਨੌਬਤ ਨਹੀਂ ਆਈ। ਜੇ ਕਿਸੇ ਦੀ ਹਰਕਤ ਮੈਨੂੰ ਗਲਤ ਲੱਗਦੀ ਹੈ ਤਾਂ ਅਜਿਹੇ ਵਿਅਕਤੀ ਤੋਂ ਦੂਰ ਚਲੀ ਜਾਂਦੀ ਹਾਂ ਅਤੇ ਉਸ ਨਾਲ ਕੰਮ ਕਰਨ ਦੀ ਕੋਸ਼ਿਸ਼ ਨਹੀਂ ਕਰਦੀ। ਕੋਈ ਵੀ ਮੇਰੇ ਵਲੋਂ ਖਿੱਚੀ ਗਈ ਲਕਸ਼ਮਣ ਰੇਖਾ ਨੂੰ ਪਾਰ ਕਰਨ ਦੀ ਹਿੰਮਤ ਨਹੀਂ ਕਰ ਸਕਦਾ। 'ਤੁਮਹਾਰੀ ਸੁੱਲੂ' 17 ਨਵੰਬਰ ਨੂੰ ਪੂਰੀ ਦੁਨੀਆਂ 'ਚ ਰੀਲੀਜ਼ ਹੋ ਰਹੀ ਹੈ।