ਗੁੜਗਾਂਵ: ਗੁੜਗਾਂਵ ਪੁਲਿਸ ਨੇ ਸ਼੍ਰੀ ਕਰਣੀ ਸੈਨਾ ਦੇ ਰਾਸ਼ਟਰੀ ਸਕੱਤਰ ਸੂਰਜ ਪਾਲ ਅਮੂ ਨੂੰ ਪਦਮਾਵਤ ਵਿਰੋਧੀ ਹਿੰਸਾ ਦੇ ਇਲਜ਼ਾਮ ਵਿਚ ਗ੍ਰਿਫਤਾਰ ਕਰ ਲਿਆ। ਗੁੜਗਾਂਵ ਪੁਲਿਸ ਦੇ ਜਨਸੰਪਰਕ ਅਧਿਕਾਰੀ ਰਵਿੰਦਰ ਕੁਮਾਰ ਨੇ ਦੱਸਿਆ ਕਿ ਸੰਗਠਨ ਦੇ ਨੇਤਾ ਨੂੰ ਪੁੱਛਗਿਛ ਲਈ ਹਿਰਾਸਤ ਵਿਚ ਲਿਆ ਗਿਆ ਸੀ ਅਤੇ ਸ਼ਹਿਰ ਦੀ ਸ਼ਾਂਤੀ ਭੰਗ ਕਰਨ ਦੇ ਦੋਸ਼ਾਂ ਵਿਚ ਗ੍ਰਿਫਤਾਰ ਕਰ ਲਿਆ ਗਿਆ। ਉਸਨੂੰ ਚਾਰ ਦਿਨ ਦੀ ਕਾਨੂੰਨੀ ਹਿਰਾਸਤ ਵਿਚ ਭੇਜਿਆ ਗਿਆ ਹੈ। ਗੁੜਗਾਂਵ ਵਿਚ ਬੁੱਧਵਾਰ ਨੂੰ ਭੀੜ ਨੇ 20 - 25 ਬੱਚਿਆਂ ਨੂੰ ਲੈ ਕੇ ਜਾ ਰਹੀ ਸਕੂਲੀ ਬੱਸ ਉਤੇ ਹਮਲਾ ਕਰ ਦਿੱਤਾ ਸੀ। ਸ਼ਹਿਰ ਵਿਚ ਫਿਲਮ ਰਿਲੀਜ ਦਾ ਵਿਰੋਧ ਕਰਨ ਲਈ ਸੈਂਕੜੇ ਹਿੰਸਕ ਪ੍ਰਦਰਸ਼ਨਕਾਰੀ ਸੜਕਾਂ ਉਤੇ ਗੱਡੀਆਂ ਨੂੰ ਸਾੜ ਰਹੇ ਸਨ ਅਤੇ ਸਰਵਜਨਿਕ ਜਾਇਦਾਦ ਨੂੰ ਨਸ਼ਟ ਕਰ ਰਹੇ ਸਨ।