ਪਦਮਾਵਤ ਵਿਰੁਧ ਰਾਜਸਥਾਨ ਤੇ ਮੱਧ ਪ੍ਰਦੇਸ਼ ਦੀਆਂ ਅਰਜ਼ੀਆਂ ਰੱਦ

ਮਨੋਰੰਜਨ, ਪਾਲੀਵੁੱਡ

ਨਵੀਂ ਦਿੱਲੀ, 23 ਜਨਵਰੀ : ਸੁਪਰੀਮ ਕੋਰਟ ਨੇ ਫ਼ਿਲਮ ਪਦਮਾਵਤ ਨੂੰ ਪੂਰੇ ਦੇਸ਼ ਵਿਚ ਵਿਖਾਉਣ ਸਬੰਧੀ 18 ਜਨਵਰੀ ਵਾਲੇ ਅਪਣੇ ਹੁਕਮ ਵਿਚ ਸੋਧ ਕਰਨ ਤੋਂ ਇਨਕਾਰ ਕਰ ਦਿਤਾ ਹੈ। ਅਦਾਲਤ ਨੇ ਕਿਹਾ ਕਿ ਲੋਕਾਂ ਨੂੰ ਨਿਸ਼ਚੇ ਹੀ ਸਮਝਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਸੁਪਰੀਮ ਕੋਰਟ ਦੇ ਫ਼ੈਸਲੇ ਦੀ ਪਾਲਣਾ ਕਰਨੀ ਹੀ ਪਵੇਗੀ।ਮੁੱਖ ਜੱਜ ਦੀਪਕ ਮਿਸ਼ਰਾ ਦੀ ਪ੍ਰਧਾਨਗੀ ਵਾਲੇ ਬੈਂਚ ਨੇ 18 ਜਨਵਰੀ ਦੇ ਫ਼ੈਸਲੇ ਵਿਚ ਸੋਧ ਦੀ ਮੰਗ ਕਰਨ ਵਾਲੀਆਂ ਰਾਜਸਥਾਨ ਅਤੇ ਮੱਧਪ੍ਰਦੇਸ਼ ਦੀਆਂ ਅਰਜ਼ੀਆਂ ਨੂੰ ਰੱਦ ਕਰਦਿਆਂ ਉਕਤ ਗੱਲ ਕਹੀ। ਅਦਾਲਤ ਨੇ ਗੁਜਰਾਤ ਅਤੇ ਰਾਜਸਥਾਨ ਵਿਚ ਫ਼ਿਲਮ ਦੇ ਪ੍ਰਦਰਸ਼ਨ ਉਤੇ ਲੱਗੀ ਰੋਕ ਨੂੰ ਰੱਦ ਕਰ ਕੇ 25 ਜਨਵਰੀ ਨੂੰ ਫ਼ਿਲਮ ਰਿਲੀਜ਼ 

ਕਰਨ ਦਾ ਰਾਹ ਖੋਲ੍ਹ ਦਿਤਾ ਸੀ। ਅਦਾਲਤ ਨੇ ਕਿਹਾ ਕਿ ਕਾਨੂੰਨ ਵਿਵਸਥਾ ਕਾਇਮ ਰਖਣਾ ਰਾਜਾਂ ਦੀ ਜ਼ਿੰਮੇਵਾਰੀ ਹੈ। ਇਸੇ ਦੌਰਾਨ ਫ਼ਿਲਮ ਵਿਰੁਧ ਦੇਸ਼ਵਿਆਪੀ ਵਿਰੋਧ ਪ੍ਰਦਰਸ਼ਨਾਂ ਦੀ ਅਗਵਾਈ ਕਰ ਰਹੀ ਸ੍ਰੀਰਾਜਪੂਤ ਕਰਣੀ ਸੈਨਾ ਦਾ ਛੇ ਮੈਂਬਰੀ ਦਲ ਫ਼ਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਇਸ ਨੂੰ ਵੇਖੇਗਾ। ਨਿਰਦੇਸ਼ਕ ਭੰਸਾਲੀ ਨੇ ਇਨ੍ਹਾਂ ਨੂੰ ਰਿਲੀਜ਼ ਤੋਂ ਪਹਿਲਾਂ ਅਪਣੀ ਫ਼ਿਲਮ ਵੇਖਣ ਦਾ ਸੱਦਾ ਦਿਤਾ ਸੀ। ਕਰਣੀ ਸੈਨਾ ਦੇ ਮੁਖੀ ਲੋਕੇਂਦਰ ਸਿੰਘ ਕਾਲਵੀ ਨੇ ਦਸਿਆ ਕਿ ਉਹ ਫ਼ਿਲਮ ਨਹੀਂ ਵੇਖਣਗੇ ਪਰ ਫ਼ਿਲਮ ਵੇਖਣ ਲਈ ਇਤਿਹਾਸਕਾਰਾਂ, ਰਾਜਘਰਾਣਿਆਂ ਦੇ ਮੈਂਬਰਾਂ ਦਾ ਪੈਨਲ ਬਣਾਇਆ ਗਿਆ ਹੈ। ਕਾਲਵੀ ਨੇ ਕਿਹਾ ਕਿ ਮੈਂ ਖ਼ੁਦ ਫ਼ਿਲਮ ਨਹੀਂ ਵੇਖਾਂਗਾ। ਛੇ ਮੈਂਬਰੀ ਕਮੇਟੀ ਫ਼ਿਲਮ ਵੇਖੇਗੀ। (ਏਜੰਸੀ)