ਪੰਜਾਬ ਦੇ ਲੋਕ ਸੰਗੀਤ ਦਾ ਜ਼ਿਕਰ ਕਰਦਿਆਂ ਹੀ ਮਨ ਅੰਦਰ ਜਿਹੜੇ ਚਿਹਰੇ ਸਭ ਤੋਂ ਪਹਿਲਾਂ ਯਾਦ ਆਉਂਦੇ ਹਨ ਉਹਨਾਂ ਵਿੱਚ ਨਾਂਅ ਹੈ ਸੁਰਿੰਦਰ ਕੌਰ ਜਿਹਨਾਂ ਨੂੰ ਦੁਨੀਆ 'ਪੰਜਾਬ ਦੀ ਕੋਇਲ' ਦੇ ਨਾਂਅ ਤੋਂ ਜਾਣਦੀ ਹੈ।
25 ਨਵੰਬਰ 1929 ਨੂੰ ਜਨਮ ਲੈਣ ਵਾਲੀ ਸੁਰਿੰਦਰ ਕੌਰ ਦਾ ਜਨਮ ਲਾਹੌਰ ਵਿੱਚ ਹੋਇਆ। ਉਹਨਾਂ ਨੇ ਆਪਣਾ ਪਹਿਲਾ ਗੀਤ ਆਪਣੀ ਭੈਣ ਪ੍ਰਕਾਸ਼ ਕੌਰ ਦੇ ਨਾਲ 1943 ਵਿੱਚ ਲਾਹੌਰ ਰੇਡੀਓ ਤੋਂ ਗਾਇਆ ਜਿਸ ਗੀਤ ਦੇ ਬੋਲ ਸਨ
'ਮਾਵਾਂ 'ਤੇ ਧੀਆਂ ਰਲ ਬੈਠੀਆਂ ਨੀ ਮਾਏ'
ਬਟਵਾਰੇ ਤੋਂ ਬਾਅਦ ਉਹਨਾ ਦਾ ਪਰਿਵਾਰ ਗਾਜ਼ੀਆਬਾਦ ਜਾ ਵੱਸਿਆ ਅਤੇ ਉਹਨਾਂ ਦਾ ਵਿਆਹ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਸਾਹਿੱਤ ਦੇ ਲੈਕਚਰਾਰ ਸੁਰਿੰਦਰ ਸਿੰਘ ਸੋਢੀ ਨਾਲ 1948 ਵਿੱਚ ਹੋਇਆ। ਸੁਰਿੰਦਰ ਕੌਰ ਦੇ ਗਾਇਕੀ ਦੇ ਸਫ਼ਰ ਵਿੱਚ ਉਹਨਾਂ ਦੇ ਪਤੀ ਦਾ ਬੇਹੱਦ ਸ਼ਲਾਘਾ ਪੂਰਨ ਯੋਗਦਾਨ ਸੀ।
ਆਪਣੇ ਕਰੀਅਰ ਦੌਰਾਨ ਸੁਰਿੰਦਰ ਕੌਰ ਨੇ ਤਕਰੀਬਨ 2000 ਤੋਂ ਵੱਧ ਗੀਤ ਗਾਏ। ਆਮ ਤੌਰ 'ਤੇ ਇਹ ਗੱਲ ਜ਼ਿਆਦਾ ਲੋਕ ਨਹੀਂ ਜਾਣਦੇ ਕਿ 1948 ਤੋਂ 1952 ਦੇ ਵਿਚਕਾਰ, ਉਹਨਾਂ ਕੁਝ ਬਾਲੀਵੁਡ ਫ਼ਿਲਮਾਂ ਵਿੱਚ ਵੀ ਗੀਤ ਗਾਏ।
ਕਰੀਬ ਛੇ ਦਹਾਕਿਆਂ ਦੇ ਇਕ ਸ਼ਾਨਦਾਰ ਕਰੀਅਰ ਵਿੱਚ ਸੁਰਿੰਦਰ ਕੌਰ ਨੇ ਬੁੱਲੇ ਸ਼ਾਹ ਦੀਆਂ ਕਾਫ਼ੀਆਂ, ਨੰਦ ਲਾਲ ਨੂਰਪੁਰੀ, ਅੰਮ੍ਰਿਤਾ ਪ੍ਰੀਤਮ, ਮੋਹਨ ਸਿੰਘ ਅਤੇ ਸ਼ਿਵ ਕੁਮਾਰ ਬਟਾਲਵੀ ਵਰਗੇ ਕਲਮ ਦੇ ਮਹਾਂਰਥੀਆਂ ਦੀਆਂ ਰਚਨਾਵਾਂ ਨੂੰ ਆਵਾਜ਼ ਦਿੱਤੀ। ਉਹਨਾਂ ਦੇ ਕੁਝ ਯਾਦਗਾਰੀ ਗੀਤ ਹਨ -
ਸੜਕੇ ਸੜਕੇ ਜਾਂਦੀਏ ਮੁਟਿਆਰੇ ਨੀ
ਕੰਡਾ ਚੁਭਾ ਤੇਰੇ ਪੈਰ ਬਾਂਕੀਏ ਨਾਰੇ ਨੀ
ਕੌਣ ਕੱਢੇ ਤੇਰਾ ਕਾਂਡੜਾ ਮੁਟਿਆਰੇ ਨੀ
ਕੌਣ ਸਹੇ ਤੇਰੀ ਪੀੜ ਬਾਂਕੀਏ ਨਾਰੇ ਨੀ
ਸੂਹੇ ਵੇ ਚੀਰੇ ਵਾਲਿਆ ਮੈਂ ਕਹਿਨੀ ਆਂ
ਕਰ ਛੱਤਰੀ ਦੀ ਛਾਂ ਮੈਂ ਛਾਵੇਂ ਬਹਿਨੀ ਆਂ
ਸੂਹੇ ਵੀ ਚੀਰੇ ਵਾਲਿਆ ਫੁਲ ਕਿੱਕਰਾਂ ਦੇ
ਕਿੱਕਰਾਂ ਲਾਈ ਬਹਾਰ ਮੇਲੇ ਮਿੱਤਰਾਂ ਦੇ
ਸੂਈ ਵੀ ਸੂਈ ਟੰਗੀ ਪੰਘੂੜੇ
ਪੈ ਗਏ ਪਿਆਰ ਤੇਰੇ ਨਾਲ ਗੂੜ੍ਹੇ
ਜ਼ਾਲਮਾ ਸੂਈ ਵੀ ਹਾਏ ਜ਼ਾਲਮਾਂ ਸੂਈ ਵੇ
ਨੀ ਇੱਕ ਮੇਰੀ ਅੱਖ ਕਾਸ਼ਨੀ
ਦੂਜਾ ਰਾਤ ਦੇ ਉਨੀਂਦਰੇ ਨੇ ਮਾਰਿਆ
ਨੀ ਸ਼ੀਸ਼ੇ ਨੂੰ ਤਰੇੜ ਪੈ ਗਈ
ਵਾਲ਼ ਵਾਹੁੰਦੀ ਨੇ ਧਿਆਨ ਜਦੋਂ ਮਾਰਿਆ
ਜੁੱਤੀ ਕਸੂਰੀ ਪੈਰੀਂ ਨਾ ਪੂਰੀ
ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ
ਜਿਹਨਾਂ ਰਾਹਾਂ ਦੀ ਮੈਂ ਸਾਰ ਨਾ ਜਾਣਾਂ
ਉਹਨੀ ਰਾਹੀਂ ਵੇ ਸਾਨੂੰ ਮੁੜਨਾ ਪਿਆ
ਇਹਨਾਂ ਅੱਖੀਆਂ 'ਚ ਪਾਵਾਂ ਕਿਵੇਂ ਕਜਲਾ ਵੇ
ਅੱਖੀਆਂ 'ਚ ਤੂੰ ਵੱਸਦਾ
ਬਾਜਰੇ ਦਾ ਸਿੱਟਾ
ਬਾਜਰੇ ਦਾ ਸਿੱਟਾ ਵੇ ਅਸਾਂ ਤਲੀ 'ਤੇ ਮਰੋੜਿਆ
ਰੁੱਠੜਾ ਜਾਂਦਾ ਮਾਹੀਆ
ਰੁੱਠੜਾ ਜਾਂਦਾ ਮਾਹੀਆ ਅਸਾਂ ਗਲੀ ਵਿੱਚੋਂ ਮੋੜਿਆ
ਮਾਵਾਂ 'ਤੇ ਧੀਆਂ ਰਲ ਬੈਠੀਆਂ ਨੀ ਮਾਏ
ਕੋਈ ਕਰਦੀਆਂ ਗੱਲੜੀਆਂ
ਨੀ ਕਣਕਾਂ ਲੰਮੀਆਂ ਧੀਆਂ ਕਿਉਂ ਜੰਮੀਆਂ ਨੀ ਮਾਏ
ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਹੀਆ
ਆਵੋ ਸਾਹਮਣੇ ਕੋਲੋਂ ਦੀ ਰੁੱਸ ਕੇ ਨਾ ਲੰਘ ਮਾਹੀਆ
ਜੇ ਮੁੰਡਿਆ ਸਾਡੀ ਟੋਰ ਤੂੰ ਵੇਖਣੀ
ਗੜਵਾ ਲੈ ਦੇ ਚਾਂਦੀ ਦਾ
ਵੇ ਲੱਕ ਹਿੱਲੇ ਮਜਾਜਣ ਜਾਂਦੀ ਦਾ
ਕੁੱਟ ਕੁੱਟ ਬਾਜਰਾ ਮੈਂ ਕੋਠੇ ਉੱਤੇ ਪਾਨੀ ਆਂ
ਆਉਣਗੇ ਕਾਗ ਉਡਾ ਜਾਣਗੇ
ਸਾਨੂੰ ਨਵਾਂ ਪੁਆੜਾ ਪਾ ਜਾਣਗੇ
ਕਾਲਾ ਡੋਰੀਆ ਕੁੰਡੇ ਨਾਲ ਅੜਿਆ ਈ ਓਏ
ਕਿ ਛੋਟਾ ਦੇਵਰਾ ਭਾਬੀ ਨਾਲ ਅੜਿਆ ਈ ਓਏ
ਛੋਟੇ ਦੇਵਰਾ ਤੇਰੀ ਦੂਰ ਬਲਾਈ ਵੇ
ਨਾ ਲੜ ਸੋਹਣਿਆ ਤੇਰੀ ਇੱਕ ਭਰਜਾਈ ਵੇ