ਪ੍ਰਿਆ ਵਰੀਅਰ ਅਤੇ ਡਾਇਰੈਕਟਰ ਵਿਰੁਧ ਅਪਰਾਧਕ ਕਾਰਵਾਈ 'ਤੇ ਸੁਪਰੀਮ ਕੋਰਟ ਦੀ ਰੋਕ

ਮਨੋਰੰਜਨ, ਪਾਲੀਵੁੱਡ

ਨਵੀਂ ਦਿੱਲੀ, 21 ਫ਼ਰਵਰੀ: ਸੁਪਰੀਮ ਕੋਰਟ ਨੇ ਅਦਾਕਾਰਾ ਪ੍ਰਿਆ ਪ੍ਰਕਾਸ਼ ਵਰੀਅਰ ਨੂੰ ਅੱਜ ਰਾਹਤ ਦਿੰਦਿਆਂ ਉਸ ਦੀ ਫ਼ਿਲਮ ਦੇ ਇਕ ਗੀਤ ਦੇ ਵੀਡੀਉ ਨੂੰ ਲੈ ਕੇ ਕਈ ਸੂਬਿਆਂ 'ਚ ਉਸ ਵਿਰੁਧ ਸ਼ੁਰੂ ਕੀਤੀ ਗਈ ਕਾਰਵਾਈ ਉਤੇ ਰੋਕ ਲਾ ਦਿਤੀ ਹੈ। ਇਨ੍ਹਾਂ ਮਾਮਲਿਆਂ 'ਚ ਦੋਸ਼ ਲਾਇਆ ਗਿਆ ਹੈ ਕਿ ਇਸ ਗੀਤ ਦੇ ਸ਼ਬਦਾਂ ਨਾਲ ਮੁਸਲਮਾਨਾਂ ਦੀਆਂ ਧਾਰਮਕ ਭਾਵਨਾਵਾਂ ਨੂੰ ਢਾਹ ਲੱਗੀ ਹੈ।ਇਕ ਮਲਿਆਲੀ ਭਾਸ਼ਾ ਦੀ ਫ਼ਿਲਮ ਗੀਤ 'ਚ ਅਪਣੀਆਂ ਅੱਖਾਂ ਦੀਆਂ ਅਦਾਵਾਂ ਨਾਲ ਇੰਟਰਨੈੱਟ ਉਤੇ ਹਰ ਕਿਸੇ ਦੀ ਅੱਖ ਦਾ ਤਾਰਾ ਬਣਨ ਵਾਲੀ ਪ੍ਰਿਆ ਨੇ ਅਦਾਲਤ ਦੇ ਫ਼ੈਸਲੇ ਉਤੇ ਖ਼ੁਸ਼ੀ ਪ੍ਰਗਟਾਈ ਹੈ। ਪ੍ਰਿਆ ਅਤੇ ਫ਼ਿਲਮ ਦੇ ਨਿਰਦੇਸ਼ਕ ਉਮਰ ਲੁਲੂ ਨੇ ਗੀਤ 'ਮਾਨਿਕਿਆ ਮਲਾਰਾਇਆ ਪੂਵੀ' ਵਿਰੁਧ ਤੇਲੰਗਾਨਾ ਅਤੇ ਮਹਾਰਾਸ਼ਟਰ ਸੂਬਿਆਂ 'ਚ ਕਈ ਅਪਰਾਧਕ ਮਾਮਲੇ ਦਾਇਰ ਹੋਣ ਮਗਰੋਂ ਰਾਹਤ ਲਈ ਸਿਖਰਲੀ ਅਦਾਲਤ 'ਚ ਅਪੀਲ ਦਾਇਰ ਕੀਤੀ ਸੀ।