ਸੂਫ਼ੀ ਗਾਇਕੀ ਦੇ ਅੰਬਰ ਦਾ ਧਰੂ ਤਾਰਾ ਸੀ ਉਸਤਾਦ ਪਿਆਰੇ ਲਾਲ ਵਡਾਲੀ

ਮਨੋਰੰਜਨ, ਪਾਲੀਵੁੱਡ

(ਸੰਦੀਪ ਸਿੰਘ ਬੈਨੀਪਾਲ) ਸੂਫ਼ੀ ਗਾਇਕੀ ਨੂੰ ਬੁਲੰਦੀਆਂ 'ਤੇ ਪਹੁੰਚਾਉਣ ਵਾਲੇ ਵਡਾਲੀ ਭਰਾਵਾਂ 'ਚ ਜਨਾਬ ਪਿਆਰੇ ਲਾਲ ਵਡਾਲੀ ਦੇ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਜ਼ਾਹਿਰ ਹੈ ਕਿ ਇਸ ਨਾਲ ਉਹਨਾਂ ਦੀ ਸੂਫ਼ੀਆਨਾ ਗਾਇਕੀ ਕਲਾ ਦੇ ਮੁਰੀਦ ਸਰੋਤਿਆਂ ਦੇ ਹਿਰਦੇ ਵਲੂੰਧਰੇ ਗਏ ਹਨ ਕਿਉਂਕਿ ਉਨ੍ਹਾਂ ਨੂੰ ਜਨਾਬ ਪਿਆਰੇ ਲਾਲ ਵਡਾਲੀ ਦੀ ਕੋਇਲ ਵਰਗੀ ਮਿੱਠੀ ਆਵਾਜ਼ ਹੁਣ ਕਦੇ ਵੀ ਸੁਣਨ ਨੂੰ ਨਹੀਂ ਮਿਲ ਸਕੇਗੀ।   



ਅਜੋਕੇ ਸਮੇਂ ਵਿਚ ਜਦੋਂ ਪੰਜਾਬੀ ਗਾਇਕੀ ਧੂਮ-ਧੜੱਕੇ ਅਤੇ ਸ਼ੋਰ ਸ਼ਰਾਬੇ ਵੱਲ ਗਾਇਕੀ ਵੱਲ ਵਧਦੀ ਜਾ ਰਹੀ ਹੈ, ਅਜਿਹੇ ਸਮੇਂ ਵਿਚ ਵੀ ਵਡਾਲੀ ਭਰਾਵਾਂ ਨੇ ਆਪਣੀ ਦਮਦਾਰ ਤੇ ਸੂਫ਼ੀ ਗਾਇਕੀ ਨਾਲ ਵਿਸ਼ਵ ਭਰ ਵਿਚ ਆਪਣਾ ਨਾਮ ਬਣਾਇਆ ਅਤੇ ਪਦਮਸ੍ਰੀ ਤੋਂ ਇਲਵਾ ਹੋਰ ਵੀ ਕਈ ਵੱਡੇ-ਵੱਡੇ ਐਵਾਰਡ ਹਾਸਲ ਕੀਤੇ। ਇਸ ਵਿਚ ਕੋਈ ਸ਼ੱਕ ਨਹੀਂ ਕਿ ਅਜਿਹੀਆਂ ਬੁਲੰਦੀਆ ਹਾਸਲ ਕਰਨ ਵਾਲੇ ਗਾਇਕ ਵਿਰਲੇ ਹੀ ਹੁੰਦੇ ਹਨ ਅਤੇ ਇਹ ਮਾਣ ਵਡਾਲੀ ਭਰਾਵਾਂ ਦੇ ਹਿੱਸੇ ਆਉਂਦਾ ਹੈ। ਹੁਣ ਜਦੋਂ ਵਡਾਲੀ ਭਰਾਵਾਂ ਵਿਚੋਂ ਇੱਕ ਜਨਾਬ ਪਿਆਰੇ ਲਾਲ ਵਡਾਲੀ ਦੀ ਬੇਵਕਤ ਮੌਤ ਹੋ ਗਈ ਹੈ ਤਾਂ ਇਸ ਨਾਲ ਪੂਰੀ ਦੁਨੀਆ ਵਿਚਲੇ ਪੰਜਾਬੀ ਸੂਫ਼ੀਆਨਾ ਗਾਇਕੀ ਦੇ ਚਹੇਤਿਆਂ ਨੂੰ ਭਾਰੀ ਸਦਮਾ ਪੁੱਜਿਆ ਹੈ।



ਜੇਕਰ ਵਡਾਲੀ ਭਰਾਵਾਂ ਦੇ ਜੀਵਨ ਦੀ ਗੱਲ ਕਰੀਏ ਤਾਂ ਇਹ ਬਹੁਤ ਹੀ ਸਾਦਾ ਰਿਹਾ ਹੈ। ਕੋਈ ਸਮਾਂ ਸੀ ਜਦੋਂ ‍ਪੂਰਨ ਚੰਦ ਵਡਾਲੀ ਕੁਸ਼ਤੀ ਕਰਦੇ ਸਨ ਅਤੇ ਉਨ੍ਹਾਂ ਦੇ ਛੋਟੇ ਭਰਾ ਪਿਆਰੇ ਲਾਲ ਵਡਾਲੀ ਪਿੰਡ ਦੀ ਰਾਸਲੀਲਾ ਵਿੱਚ ਕ੍ਰਿਸ਼ਨ ਦਾ ਕਿਰਦਾਰ ਨਿਭਾਉਂਦੇ ਹੁੰਦੇ ਸਨ, ਜੋ ਕਿ ਉਨ੍ਹਾਂ ਦੀ ਕਮਾਈ ਦਾ ਇਕ ਸਾਧਨ ਵੀ ਸੀ। ਉਨ੍ਹਾਂ ਦੇ ਪਿਤਾ ਠਾਕੁਰ ਦਾਸ ਨੇ ਉਸਤਾਦ ਪੂਰਨ ਚੰਦ ਵਡਾਲੀ ਨੂੰ ਸੂਫ਼ੀ ਸੰਗੀਤ ਲਈ ਪ੍ਰੇਰਿਆ, ਹਾਲਾਂਕਿ ਉਨ੍ਹਾਂ ਦੀ ਦਿਲਚਸਪੀ ਕੁਸ਼ਤੀ ਵਿੱਚ ਸੀ।



ਹੈਰਾਨੀ ਦੀ ਗੱਲ ਇਹ ਹੈ ਕਿ ਸੂਫ਼ੀ ਗਾਇਕੀ ਦੀਆਂ ਉੱਚ ਬੁਲੰਦੀਆਂ ਛੂਹਣ ਵਾਲੇ ਵਡਾਲੀ ਭਰਾਵਾਂ ਵਿਚੋਂ ਕੋਈ ਵੀ ਸਕੂਲ ਨਹੀਂ ਗਿਆ ਪਰ ਸੂਫ਼ੀ ਸੰਗੀਤ ਵਿਚ ਉਨ੍ਹਾਂ ਇਸ ਕਦਰ ਮੁਹਾਰਤ ਹਾਸਲ ਕਰ ਲਈ ਕਿ ਜੋ ਕੋਈ ਵੀ ਉਨ੍ਹਾਂ ਦੀ ਗਾਇਕੀ ਨੂੰ ਸੁਣਦਾ, ਉਨ੍ਹਾਂ ਦਾ ਮੁਰੀਦ ਹੋ ਜਾਂਦਾ ਸੀ। ਸ਼ਾਇਦ ਇਹ ਉਨ੍ਹਾਂ ਦਾ ਸੂਫ਼ੀ ਸੰਗੀਤ ਪ੍ਰਤੀ ਸਮਰਪਣ ਅਤੇ ਅਣਥੱਕ ਰਿਆਜ਼ ਦਾ ਨਤੀਜਾ ਸੀ। ਉਸਤਾਦ ਪੂਰਨ ਚੰਦ ਵਡਾਲੀ ਨੇ ਪਟਿਆਲਾ ਘਰਾਣੇ ਦੇ ਪੰਡਿਤ ਦੁਰਗਾ ਦਾਸ ਤੋਂ ਸੰਗੀਤ ਦੀਆਂ ਬਾਰੀਕੀਆਂ ਸਿੱਖੀਆਂ। 



ਇਸ ਤੋਂ ਇਲਾਵਾ ਪਿਆਰੇ ਲਾਲ ਵਡਾਲੀ ਨੇ ਆਪਣੇ ਵੱਡੇ ਭਰਾ ਉਸਤਾਦ ਪੂਰਨ ਚੰਦ ਵਡਾਲੀ ਤੋਂ ਵੀ ਸੰਗੀਤਕ ਗੁਰ ਸਿੱਖੇ। ਉਹ ਉਨ੍ਹਾਂ ਨੂੰ ਹੀ ਆਪਣਾ ਪਹਿਲਾ ਗੁਰੂ ਮੰਨਦੇ ਸਨ। ਅੱਜ ਉਸਤਾਦ ਪਿਆਰੇ ਲਾਲ ਵਡਾਲੀ ਭਾਵੇਂ ਸਰੀਰਕ ਰੂਪ ਨਾਲ ਸਾਥੋਂ ਸਦਾ ਲਈ ਦੂਰ ਹੋ ਗਏ ਹੋਣ ਪਰ ਆਤਮਿਕ ਤੌਰ 'ਤੇ ਉਹ ਹਮੇਸ਼ਾ ਆਪਣੇ ਗੀਤਾਂ ਵਿਚ ਜਿ਼ੰਦਾ ਰਹਿਣਗੇ। ਅਦਾਰਾ 'ਸਪੋਕਸਮੈਨ' ਵੀ ਸੂਫ਼ੀ ਗਾਇਕੀ ਦੇ ਇਸ ਰੌਸ਼ਨ ਚਿਰਾਗ਼ ਨੂੰ ਸ਼ਰਧਾਂਜਲੀ ਭੇਟ ਕਰਦਾ ਹੈ।