"ਵਾਰਦਾਤ" ਦੇ ਗਾਇਕ ਅਤੇ ਸਾਥੀਆਂ ਨੇ ਕੀਤਾ ਆਤਮ ਸਮਰਪਣ

ਮਨੋਰੰਜਨ, ਪਾਲੀਵੁੱਡ

ਸਰਕਾਰ ਵੱਲੋਂ ਲੱਚਰ ਅਤੇ ਹਥਿਆਰਾਂ ਨੂੰ ਵਧਾਵਾ ਦੇਣ ਵਾਲੇ ਗਾਇਕਾਂ ਤੇ ਨਕੇਲ ਕੱਸਦੇ ਹੋਏ ਬੀਤੇ ਦਿਨੀਂ ਪੰਜਾਬੀ ਸਿੰਗਲ ਟਰੈਕ ਗੀਤ 'ਵਾਰਦਾਤ' ਦੇ ਮਸ਼ਹੂਰ ਗਾਇਕ ਰੌਕੀ ਭੱਟੀ ਦੇ ਖਿਲਾਫ ਸ਼ਿਕੰਜਾ ਕੱਸਿਆ ਸੀ। ਜਿਸਤੋਂ ਬਾਅਦ ਗਾਇਕ ਰੋਕੀ ਨੇ ਆਪਣੇ ਦੋ ਸਾਥੀਆਂ ਸਮੇਤ ਅੱਜ ਥਾਣਾ ਸਿਟੀ ਪੁਲਸ ਵਿਚ ਆਤਮ ਸਮਰਪਣ ਕਰ ਦਿੱਤਾ ਹੈ। 

ਤੁਹਾਨੂੰ ਦੱਸ ਦੇਈਏ ਕਿ ਸੰਗਰੂਰ ਪੁਲਸ ਵਲੋਂ ਗਾਇਕ ਰੌਕੀ ਅਤੇ ਉਸ ਦੇ ਸਾਥੀਆਂ ਵਿਰੁੱਧ ਗੀਤ ਵਿਚ ਹਥਿਆਰਾਂ ਦੀ ਨੁਮਾਇਸ਼ ਕਰਕੇ ਨੌਜਵਾਨ ਵਰਗ 'ਤੇ ਪੈਂਦੇ ਮਾੜੇ ਪ੍ਰਭਾਵ ਨੂੰ ਠੱਲ੍ਹ ਪਾਉਣ ਲਈ ਚਲਾਈ ਮੁਹਿੰਮ ਤਹਿਤ "ਪੰਜਾਬ ਪ੍ਰੋਵੈਨਸ਼ਨ ਆਫ ਡਿਫੇਸਮੈਂਟ ਪ੍ਰਾਪਰਟੀ ਆਰਡੀਨੈਂਸ" ਐਕਟ 1997 ਤਹਿਤ ਕੇਸ ਦਰਜ ਕੀਤਾ ਸੀ। 

ਇਸ ਵਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਵਿਚ ਉਪ ਕਪਤਾਨ ਪੁਲਸ ਸੰਦੀਪ ਵਡੇਰਾ ਨੇ ਦੱਸਿਆ ਕਿ ਗਾਇਕ ਰੌਕੀ ਭੱਟੀ ਸਰਕਾਰੀ ਕਾਲਜ ਦਾ ਵਿਦਿਆਰਥੀ ਹੈ, ਜਿਸ ਨੇ ਆਪਣੇ ਗੀਤ 'ਵਾਰਦਾਤ' ਨੂੰ ਪ੍ਰਮੋਟ ਕਰਦੇ ਹੋਏ ਆਪਣੇ ਗੀਤ ਦਾ ਫਲੈਕਸ ਬੋਰਡ ਕਾਲਜ ਦੇ ਗੇਟ ਨੇੜੇ ਹੀ ਲਾਇਆ ਸੀ। 

ਜੋ ਕਿ ਕਾਲਜ ਦੇ ਨੌਜਵਾਨਾਂ ਦੇ ਲਈ ਮਾੜਾ ਪ੍ਰਭਾਵ ਪਾਉਂਦਾ ਸਿੱਧ ਹੋ ਰਿਹਾ ਸੀ। ਜਾਂਚ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੇ ਇਹ ਬੋਰਡ ਜ਼ਬਤ ਕਰ ਲਿਆ ਸੀ। ਜਿਸ ਉੱਤੇ ਗੀਤ 'ਵਾਰਦਾਤ' ਦੇ ਰੈਪਰ ਅਮਨਦੀਪ ਸਿੰਘ ਉਰਫ ਸੋਨੂੰ 12 ਬੋਰ ਦੀ ਬੰਦੂਕ ਚੁੱਕੀ ਖੜ੍ਹਾ ਹੈ। ਉਨ੍ਹਾਂ ਦੱਸਿਆ ਕਿ ਆਪਣੇ ਗੀਤਾਂ ਨਾਲ ਨੌਜਵਾਨ ਪੀੜ੍ਹੀ ਨੂੰ ਕੁਰਾਹੇ ਪਾਉਣ ਵਾਲੇ ਗਾਇਕਾਂ ਨੂੰ ਕਿਸੇ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਥਾਣਾ ਸਿਟੀ ਇੰਚਾਰਜ ਵੀ ਮੌਜ਼ੂਦ ਰਹੇ। 

ਗਾਇਕ ਰੌਕੀ ਭੱਟੀ ਦੇ ਗੀਤ 'ਵਾਰਦਾਤ' ਦੇ ਬੋਲ 'ਹੋਗੀ ਵਾਰਦਾਤ ਲੱਗੀ 302, ਵੇਖੀਂ ਕੱਲ੍ਹ ਵਾਲਾ ਅਖਬਾਰ ਪੜ੍ਹਕੇ' ਦੀ ਪ੍ਰਮੋਸ਼ਨ ਨੇ ਉਸ ਨੂੰ ਵਖਤ ਪਾ ਦਿੱਤਾ ਹੈ। ਪਟਿਆਲਾ ਪੁਲਿਸ ਵਲੋਂ ਗਾਇਕਾਂ ਖਿਲਾਫ ਵਿੱਢੀ ਇਸ ਮੁਹਿੰਮ ਸ਼ਲਾਘਾ ਯੋਗ ਹੈ। ਇਸ ਨਾਲ ਆਉਣ ਵਾਲੇ ਸਮੇਂ 'ਚ ਅਜਿਹੇ ਪੰਜਾਬੀ ਗਾਣਿਆਂ ਨੂੰ ਬਣਾਉਣ ਵਾਲੇ ਕਈ ਵਾਰ ਸੋਚਣਗੇ ਅਤੇ ਹੋ ਸਕਦਾ ਹੈ ਕਿ ਅਜਿਹੇ ਗੀਤ ਅਤੇ ਨੌਜਵਾਨਾਂ ਨੂੰ ਕੁਰਾਹੇ ਪਾਉਣ ਵਾਲਿਆਂ ਤੇ ਠੱਲ ਪਾ ਸਕੇਗੀ।