ਸਪੋਕਸਮੈਨ ਵਲੋਂ ਸਤਿੰਦਰ ਸਰਤਾਜ਼ ਨਾਲ ਵਿਸ਼ੇਸ਼ ਗੱਲਬਾਤ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਵਿਸ਼ੇਸ਼ ਇੰਟਰਵਿਊ

ਸਤਿੰਦਰ ਸਰਤਾਜ਼ ਸੁਰੀਲੀ ਗਾਇਕੀ ਦੇ ਨਾਲ-ਨਾਲ ਉਮਦਾ ਗੀਤਕਾਰੀ ਅਤੇ ਬਿਹਤਰੀਨ ਅਦਾਕਾਰੀ ਦੇ ਸੁਮੇਲ ਹਨ, ਜਿਨ੍ਹਾਂ ਵਲੋਂ ਗਾਏ ਗੀਤਾਂ ਵਿਚੋਂ ਪੰਜਾਬ ਦੀ ਰੂਹ...

interview with satinder sartaj

ਸਤਿੰਦਰ ਸਰਤਾਜ਼ ਸੁਰੀਲੀ ਗਾਇਕੀ ਦੇ ਨਾਲ-ਨਾਲ ਉਮਦਾ ਗੀਤਕਾਰੀ ਅਤੇ ਬਿਹਤਰੀਨ ਅਦਾਕਾਰੀ ਦੇ ਸੁਮੇਲ ਹਨ, ਜਿਨ੍ਹਾਂ ਵਲੋਂ ਗਾਏ ਗੀਤਾਂ ਵਿਚੋਂ ਪੰਜਾਬ ਦੀ ਰੂਹ ਝਲਕਦੀ ਹੈ। ਉਨ੍ਹਾਂ ਦੇ ਗੀਤਾਂ ਵਿਚ ਕੀਤੀ ਗਈ ਸ਼ਬਦਾਂ ਦੀ ਚੋਣ ਹਰ ਕਿਸੇ ਦੇ ਦਿਲ ਨੂੰ ਟੁੰਭਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦਾ ਰਾਜੇ ਮਹਾਰਾਜਿਆਂ ਵਰਗਾ ਪਹਿਰਾਵਾ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਹੋਰ ਚਾਰ ਚੰਨ ਲਗਾ ਦਿੰਦਾ ਹੈ। ਸਤਿੰਦਰ ਸਤਰਾਜ਼ ਨੇ ਅਪਣੇ ਕਰੀਅਰ ਬਾਰੇ ਸਪੋਕਸਮੈਨ ਟੀਵੀ ਨਾਲ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ, ਜਿਨ੍ਹਾਂ ਵਿਚ ਉਨ੍ਹਾਂ ਨੇ ਅਪਣੇ ਗਾਇਕੀ, ਗੀਤਕਾਰੀ ਅਤੇ ਅਦਾਕਾਰੀ ਦੇ ਤਰਜ਼ਬੇ ਸਾਂਝੇ ਕੀਤੇ। 

'ਸਾਈਂ ਵੇ' ਗੀਤ ਵਿਚ ਇਕ ਮਸਤ ਮੌਲਾ ਫ਼ੱਕਰ ਦੀ ਤਰ੍ਹਾਂ ਫ਼ਰਿਆਦ ਕਰਨ ਵਾਲੇ ਸਤਿੰਦਰ ਸਰਤਾਜ਼ ਨੂੰ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਆਖ਼ਰੀ ਵਾਰਿਸ ਮਹਾਰਾਜਾ ਦਲੀਪ ਸਿੰਘ 'ਤੇ ਬਣੀ ਫਿ਼ਲਮ 'ਬਲੈਕ ਪ੍ਰਿੰਸ' ਵਿਚਲਾ ਮਾਯੂਸ ਕਿਰਦਾਰ ਨਿਭਾਉਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਆਖਿਆ ਕਿ ਜਦੋਂ ਉਨ੍ਹਾਂ ਕੋਲ ਫਿ਼ਲਮ 'ਬਲੈਕ ਪ੍ਰਿੰਸ' ਦਾ ਆਫ਼ਰ ਆਇਆ ਤਾਂ ਪਹਿਲਾਂ ਉਨ੍ਹਾਂ ਸੋਚਿਆ ਕਿ ਗਾਇਕੀ ਨੂੰ ਛੱਡ ਕੇ ਅਦਾਕਾਰੀ ਵਿਚ ਜਾਣਾ ਸ਼ਾਇਦ ਉਨ੍ਹਾਂ ਲਈ ਠੀਕ ਨਹੀਂ ਹੋਵੇਗਾ। ਇਹ ਵਿਚਾਰ ਇਕ ਕਾਰੋਬਾਰੀ ਦੀ ਤਰ੍ਹਾਂ ਸੀ ਪਰ ਜਦੋਂ ਉਨ੍ਹਾਂ ਨੇ ਇਸ ਸਭ ਤੋਂ ਉਪਰ ਉਠ ਕੇ ਇਸ ਬਾਰੇ ਸੋਚਿਆ ਤਾਂ ਉਨ੍ਹਾਂ ਇਹ ਫਿ਼ਲਮ ਕਰਨ ਦਾ ਮਨ ਬਣਾ ਲਿਆ। 

ਸਤਰਾਜ਼ ਨੇ ਦਸਿਆ ਕਿ ਇਸ ਵਕਫ਼ੇ ਦੌਰਾਨ ਉਹ ਸ਼ਾਇਰੀ ਤੋਂ ਕਾਫ਼ੀ ਸਮੇਂ ਲਈ ਦੂਰ ਹੋ ਗਏ ਸਨ। ਉਨ੍ਹਾਂ ਦਸਿਆ ਕਿ ਉਨ੍ਹਾਂ ਨੇ ਫਿ਼ਲਮ ਤੋਂ ਪਹਿਲਾਂ ਮਹਾਰਾਜਾ ਦਲੀਪ ਸਿੰਘ ਬਾਰੇ ਰਿਸਰਚ ਕੀਤੀ, ਕਿਉਂਕਿ ਉਹ ਇਸ ਮਹਾਨ ਸ਼ਖ਼ਸੀਅਤ ਦੇ ਕਿਰਦਾਰ ਨੂੰ ਬਰੀਕੀ ਨਾਲ ਨਿਭਾਉਣਾ ਚਾਹੁੰਦੇ ਸਨ। ਕਈ ਇਤਿਹਾਸਕਾਰਾਂ ਨਾਲ ਵੀ ਉਨ੍ਹਾਂ ਨੇ ਗੱਲਬਾਤ ਕੀਤੀ। ਇਸ ਤੋਂ ਬਾਅਦ ਫਿਰ ਮੁੰਬਈ ਵਿਚ ਉਨ੍ਹਾਂ ਦੀ ਵਿਸ਼ੇਸ਼ ਟ੍ਰੇਨਿੰਗ ਹੋਈ, ਜਿਸ ਵਿਚ ਉਨ੍ਹਾਂ ਨੂੰ ਅਜੇ ਦੇਵਗਨ, ਕਾਜੋਲ ਅਤੇ ਰਿਤਿਕ ਰੌਸ਼ਨ ਵਰਗੇ ਬਾਲੀਵੁੱਡ ਅਦਾਕਾਰਾਂ ਨੇ ਕਾਫ਼ੀ ਮਿਹਨਤ ਨਾਲ ਐਕਟਿੰਗ ਦੇ ਗੁਰ ਸਿਖਾਏ। 

ਇੰਟਰਵਿਊ ਦੌਰਾਨ ਸਤਰਾਜ਼ ਨੂੰ ਪੁੱਛਿਆ ਗਿਆ ਕਿ ਉਹ ਅਪਣੇ ਗੀਤਾਂ ਵਿਚ ਬਹੁਤ ਖ਼ੁਸ਼ਮਿਜਾਜ਼ੀ ਭਰੇ ਕਰੈਕਟਰ ਕਰਦੇ ਨਜ਼ਰ ਆਉਂਦੇ ਹਨ ਪਰ ਮਹਾਰਾਜਾ ਦਲੀਪ ਸਿੰਘ ਦਾ ਕਿਰਦਾਰ ਉਨ੍ਹਾਂ ਲਈ ਕਿਹੋ ਕਿਹਾ ਜਿਹਾ ਰਿਹਾ ਤਾਂ ਉਨ੍ਹਾਂ ਜਵਾਬ ਦਿੰਦੇ ਹੋਏ ਆਖਿਆ ਕਿ ਕੋਈ ਵੀ ਇਨਸਾਨ ਇਕੋ ਜਿਹੀ ਸਥਿਤੀ ਵਿਚ ਨਹੀਂ ਰਹਿੰਦਾ, ਕਦੇ ਹਸਦਾ ਅਤੇ ਕਦੇ ਉਦਾਸ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਮੇਰੇ ਦਾਇਰੇ ਦੇ ਲੋਕਾਂ ਨੂੰ ਪਤਾ ਹੈ ਕਿ ਇਹ ਜ਼ਿਆਦਾਤਰ ਚੁੱਪ ਹੀ ਰਹਿੰਦਾ ਹੈ, ਜੇਕਰ ਕਿਸੇ ਨੇ ਸਤਿ ਸ੍ਰੀ ਅਕਾਲ ਬੁਲਾ ਦਿਤੀ ਤਾਂ ਬਸ ਜਵਾਬ ਦੇ ਕੇ ਫਿਰ ਚੁੱਪ ਕਰ ਜਾਂਦਾ ਹੈ। ਉਨ੍ਹਾਂ ਆਖਿਆ ਕਿ ਮੇਰੇ ਨਾਲ ਅਕਸਰ ਅਜਿਹਾ ਹੁੰਦਾ ਹੈ ਕਿ ਲੋਕ ਉਨ੍ਹਾਂ ਨੂੰ ਦੇਖ ਕੇ ਘਬਰਾ ਜਾਂਦੇ ਹਨ ਕਿ ਇਹ ਉਹੀ ਬੰਦਾ ਹੈ ਜੋ ਹੁਣੇ ਸਟੇਜ 'ਤੇ ਗਾ ਰਿਹਾ ਸੀ। ਉਨ੍ਹਾਂ ਆਖਿਆ ਕਿ ਮੈਂ ਸਟੇਜ ਅਤੇ ਆਮ ਜੀਵਨ ਵਿਚ ਕਾਫ਼ੀ ਵੱਖ ਹਾਂ। 

ਫਿ਼ਲਮ 'ਬਲੈਕ ਪ੍ਰਿੰਸ' ਵਿਚਲੇ ਇਕ ਦ੍ਰਿਸ਼ ਵਿਚ ਜਦੋਂ ਦਲੀਪ ਸਿੰਘ ਅਪਣੀ ਮਾਂ ਨੂੰ ਪਹਿਲੀ ਵਾਰ ਮਿਲਦਾ ਹੈ, ਬਾਰੇ ਪੁੱਛੇ ਜਾਣ 'ਤੇ ਸਰਤਾਜ਼ ਨੇ ਕਿਹਾ ਕਿ ਇਸ ਦ੍ਰਿਸ਼ ਨੂੰ ਲੈ ਕੇ ਕਾਫ਼ੀ ਚਰਚਾ ਹੋਈ ਕਿ ਦਲੀਪ ਸਿੰਘ ਨੂੰ ਮਾਂ ਦੇ ਗਲੇ ਲੱਗ ਕੇ ਮਿਲਣਾ ਚਾਹੀਦਾ ਸੀ ਵਗੈਰਾ ਵਗੈਰਾ...ਪਰ ਅਸਲ ਵਿਚ ਲੋਕਾਂ ਦੇ ਮਨ ਵਿਚ ਉਹੀ ਵਸਿਆ ਹੋਇਆ ਹੈ ਜੋ ਉਹ ਕਵੀਸਰੀਆਂ ਆਦਿ ਦੀਆਂ ਗਥਾਵਾਂ ਵਿਚ ਸੁਣਦੇ ਆਏ ਹਨ ਜਦਕਿ ਇਤਿਹਾਸਕ ਘਟਨਾ ਕੁੱਝ ਹੋਰ ਸੀ। ਬ੍ਰਿਟਿਸ਼ ਪਾਲਣ ਪੋਸ਼ਣ ਹੋਣ ਕਰ ਕੇ ਦਲੀਪ ਸਿੰਘ ਵਿਚ ਅੰਗਰੇਜ਼ਾਂ ਵਰਗਾ ਗਰੂਰ ਸੀ, ਇਸੇ ਲਈ ਉਹ ਅਪਣੀ ਮਾਂ ਨੂੰ ਮਿਲ ਕੇ ਇੰਨੇ ਜ਼ਿਆਦਾ ਉਤਸ਼ਾਹਿਤ ਨਹੀਂ ਹੋਏ। ਉਨ੍ਹਾਂ ਦਸਿਆ ਕਿ ਦਲੀਪ ਸਿੰਘ ਦੇ ਮਨ ਵਿਚ ਮਾਂ ਨੂੰ ਮਿਲਣ ਦੀ ਇਕ ਖ਼ਵਾਹਿਸ਼ ਜ਼ਰੂਰ ਸੀ, ਇਸੇ ਲਈ ਉਨ੍ਹਾਂ ਨੇ ਵਿਕਟੋਰੀਆ ਕੋਲ ਇਹ ਮੰਗ ਰੱਖੀ ਪਰ ਅਸਲ ਵਿਚ ਉਨ੍ਹਾਂ ਨੂੰ ਉਸ ਸਮੇਂ ਵਿਕਟੋਰੀਆ ਹੀ ਅਪਣੀ ਮਾਂ ਨਜ਼ਰ ਆਉਂਦੀ ਸੀ। ਉਨ੍ਹਾਂ ਦਸਿਆ ਕਿ ਇਹ ਸੀਨ ਉਨ੍ਹਾਂ ਨੂੰ ਵੀ ਕਾਫ਼ੀ ਵੱਖਰਾ ਲੱਗਿਆ ਸੀ। 

ਸਰਤਾਜ਼ ਨੇ ਗੱਲਬਾਤ ਦੌਰਾਨ ਆਖਿਆ ਕਿ ਫਿ਼ਲਮ ਵਿਚਲਾ ਗੀਤ 'ਮੈਨੂੰ ਦਰਦਾਂ ਵਾਲਾ ਦੇਸ਼ ਆਵਾਜ਼ਾਂ ਮਾਰਦਾ' ਉਨ੍ਹਾਂ ਦੇ ਦਿਲ ਨੂੰ ਛੋਂਹਦਾ ਹੈ। ਉਨ੍ਹਾਂ ਆਖਿਆ ਕਿ ਫਿ਼ਲਮ ਵਿਚ ਕੁੱਝ ਅਜਿਹੀਆਂ ਚੀਜ਼ਾਂ ਨੂੰ ਦਿਖਾਇਆ ਗਿਆ ਹੈ ਜੋ ਸਾਡੇ ਇਤਿਹਾਸ ਵਿਚ ਅਣਗੌਲੀਆਂ ਰਹਿ ਗਈਆਂ ਹਨ। ਫਿ਼ਲਮ ਦੀ ਸ਼ੂਟਿੰਗ ਮੌਕੇ ਹੋਏ ਤਜ਼ਰਬਿਆਂ ਬਾਰੇ ਬੋਲਦਿਆਂ ਸਰਤਾਜ਼ ਨੇ ਆਖਿਆ ਕਿ ਫਿ਼ਲਮ ਦੀ ਸ਼ੂਟਿੰਗ ਦੌਰਾਨ ਉਨ੍ਹਾਂ ਨੂੰ ਅਪਣੇ ਵਲੋਂ ਫਿ਼ਲਮਾਇਆ ਗਿਆ ਸੀਨ ਮਾਨੀਟਰ 'ਤੇ ਦੇਖਣ ਦੀ ਇਜਾਜ਼ਤ ਨਹੀਂ ਸੀ। 

ਉਨ੍ਹਾਂ ਆਖਿਆ ਕਿ ਮਹਾਰਾਜਾ ਦਲੀਪ ਸਿੰਘ ਦੀ ਇਹ ਇੱਛਾ ਸੀ ਕਿ ਉਹ ਅਪਣੇ ਵਤਨ ਨਾਲ ਜੁੜਿਆ ਰਹੇ ਪਰ ਸ਼ਾਹੀ ਦਰਬਾਰ ਦਾ ਇਹ ਫ਼ਰਜ਼ੰਦ ਇਸ ਕਦਰ ਰੁਲ ਗਿਆ ਕਿ ਉਸ ਦਾ ਸਾਰਾ ਜਹਾਨ ਖੇਰੂੰ-ਖੇਰੂੰ ਹੋ ਗਿਆ ਸੀ। ਭਾਵੇਂ ਕਿ ਉਹ ਚਾਹੁੰਦੇ ਹਨ ਕਿ ਮਹਾਰਾਜਾ ਦਲੀਪ ਸਿੰਘ ਦੀ ਯਾਦਗਾਰ ਪੰਜਾਬ ਵਿਚ ਹੋਣੀ ਚਾਹੀਦੀ ਹੈ ਪਰ ਇਹ ਫ਼ੈਸਲਾ ਤਾਂ ਸਿੱਖ ਜਗਤ ਹੀ ਕਰ ਸਕਦਾ ਹੈ।

ਹੋਰ ਫਿ਼ਲਮਾਂ ਕਰਨ ਸਬੰਧੀ ਪੁੱਛੇ ਗਏ ਸਵਾਲ 'ਤੇ ਉਨ੍ਹਾਂ ਆਖਿਆ ਕਿ ਉਹ ਹੁਣ ਪਿੱਛੇ ਨਹੀਂ ਮੁੜਨਗੇ। ਭਵਿੱਖ ਵਿਚ ਵੀ ਉਹ ਬਿਹਤਰੀਨ ਵਿਸ਼ੇ ਵਾਲੀਆਂ ਫਿ਼ਲਮਾਂ ਨੂੰ ਤਰਜੀਹ ਦੇਣਗੇ। ਆਖ਼ਰ ਵਿਚ ਉਨ੍ਹਾਂ ਆਖਿਆ ਕਿ ਉਹ ਅਪਣੇ ਆਪ ਨੂੰ ਖ਼ੁਸ਼ਨਸੀਬ ਸਮਝਦੇ ਹਨ ਕਿ ਉਨ੍ਹਾਂ ਨੂੰ ਮਹਾਰਾਜਾ ਦਲੀਪ ਸਿੰਘ ਦਾ ਕਿਰਦਾਰ ਨਿਭਾਉਣ ਲਈ ਮਿਲਿਆ। ਉਨ੍ਹਾਂ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਫਿ਼ਲਮ ਨੂੰ ਜ਼ਰੂਰ ਦੇਖਣ।