ਰੋਜ਼ਾਨਾ ਸਪੋਕਸਮੈਨ ਵਲੋਂ ਸਤਿੰਦਰ ਸਰਤਾਜ ਨਾਲ ਵਿਸ਼ੇਸ਼ ਗੱਲਬਾਤ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਵਿਸ਼ੇਸ਼ ਇੰਟਰਵਿਊ

'ਉਹ ਚੀਜ਼ਾਂ ਸਿੱਖ ਇਤਿਹਾਸ ਵਿਚ ਕਿਤੇ ਨਾ ਕਿਤੇ ਅਣਗੌਲੀਆਂ ਰਹਿ ਗਈਆਂ'

Interview with Satinder Sartaj at Rozana Spokesman

ਪੰਜਾਬ ਦੀ ਧਰਤੀ 'ਤੇ ਇਕ ਅਜਿਹਾ ਸੂਰਬੀਰ ਰਾਜਾ ਸੀ, ਜਿਸ ਦੇ ਨਾਂ ਤੋਂ ਹਰ ਕੋਈ ਡਰਦਾ ਸੀ। ਉਸ 'ਤੇ ਫ਼ਤਿਹ ਹਾਸਲ ਕਰਨਾ ਕਿਸੇ ਲਈ ਆਸਾਨ ਨਹੀਂ ਸੀ ਪਰ ਉਸ ਦੀ ਬੇਵਕਤ ਮੌਤ ਤੋਂ ਬਾਅਦ ਦੂਰ ਵਿਦੇਸ਼ ਤੋਂ ਆਏ ਦੁਸ਼ਮਣ ਅੰਗਰੇਜ਼ਾਂ ਨੇ ਅਜਿਹੀ ਚਾਲ ਖੇਡੀ ਕਿ ਉਸ ਸੂਰਬੀਰ ਰਾਜੇ ਦੇ ਸਾਰੇ ਪ੍ਰਵਾਰ ਨੂੰ ਖੇਰੂੰ-ਖੇਰੂੰ ਕਰ ਕੇ ਰੱਖ ਦਿਤਾ। ਇਸ ਦੌਰਾਨ ਜੇਕਰ ਕੋਈ ਰਹਿ ਗਿਆ ਤਾਂ ਉਹ ਸੀ ਉਸ ਰਾਜੇ ਦਾ ਛੋਟਾ ਜਿਹਾ 5 ਸਾਲਾਂ ਦਾ ਵਾਰਿਸ ਅਤੇ ਉਸ ਦੀ ਮਹਾਰਾਣੀ। ਦੁਸ਼ਮਣਾਂ ਨੇ ਉਸ ਵਾਰਿਸ ਨੂੰ ਮਾਰਿਆ ਨਹੀਂ ਬਲਕਿ ਉਸ ਦੀ ਮਾਂ ਤੋਂ ਅਲੱਗ ਕਰ ਕੇ ਰਾਜਗੱਦੀ 'ਤੇ ਬਿਠਾ ਦਿਤਾ। ਇਸ ਦੌਰਾਨ ਦੁਸ਼ਮਣਾਂ ਨੇ ਅਜਿਹੀ ਚਾਲ ਖੇਡੀ ਕਿ ਉਸ ਬੱਚੇ ਨੂੰ ਅਪਣੇ ਰੰਗ ਵਿਚ ਢਾਲਣਾ ਸ਼ੁਰੂ ਕਰ ਦਿਤਾ। ਉਸ ਨੂੰ ਵਿਦੇਸ਼ ਵੀ ਲਿਜਾਇਆ ਕਿ ਜਿੱਥੇ ਇਕ ਵਿਦੇਸ਼ੀ ਮਹਾਰਾਣੀ ਨੇ ਉਸ ਨੂੰ ਮਹਿਜ਼ ਇਕ ਖਿਡੌਣਾ ਜਿਹਾ ਬਣਾ ਕੇ ਰੱਖ ਦਿਤਾ ਪਰ ਇਸ ਸੱਭ ਦੇ ਬਾਵਜੂਦ ਉਸ ਦੇ ਦਿਲ ਵਿਚ ਅਪਣੇ ਵਤਨ, ਅਪਣੇ ਬਚਪਨ ਅਤੇ ਅਪਣੀ ਵਿਰਾਸਤ ਦੀਆਂ ਯਾਦਾਂ ਵਸੀਆਂ ਹੋਈਆਂ ਸਨ। ਫਿਰ ਉਹ ਸਮਾਂ ਆਇਆ ਜਦੋਂ ਇਨ੍ਹਾਂ ਯਾਦਾਂ ਨੇ ਉਸ ਨੂੰ ਅਪਣੇ ਵਤਨ ਵਲ ਮੋੜ ਦਿਤਾ। ਇੱਥੋਂ ਹੀ ਉਸ ਰਾਜੇ ਦੀ ਜੱਦੋ-ਜਹਿਦ ਦਾ ਸਫ਼ਰ ਸ਼ੁਰੂ ਹੋ ਗਿਆ। ਜੇਕਰ ਇਹ ਕਹਾਣੀ ਕਿਸੇ ਲੇਖਕ ਨੇ ਲਿਖੀ ਹੁੰਦੀ ਤਾਂ ਸ਼ਾਇਦ ਇਸ ਦਾ ਅੰਤ ਕੁੱਝ ਹੋਰ ਹੋਣਾ ਸੀ ਪਰ ਇਹ ਇਕ ਸੱਚੀ ਕਹਾਣੀ ਹੈ, ਜਿਸ ਵਿਚ ਅਪਣੇ ਰਾਜਭਾਗ ਨੂੰ ਹਾਸਲ ਕਰਨ ਦੀ ਜੱਦੋ-ਜਹਿਦ ਵਿਚ ਇਸ ਰਾਜੇ ਦਾ ਅੰਤ ਕਾਫ਼ੀ ਦੁਖਦਾਈ ਰਿਹਾ। ਇਹ ਕਹਾਣੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਆਖ਼ਰੀ ਵਾਰਿਸ ਮਹਾਰਾਜਾ ਦਲੀਪ ਸਿੰਘ ਦੀ ਸੀ, ਜਿਸ ਦਾ ਅੰਤ ਕਾਫ਼ੀ ਦੁਖਦਾਈ ਹੋਇਆ। ਹੁਣ ਇਸ ਸੱਚੀ ਕਹਾਣੀ 'ਤੇ ਫ਼ਿਲਮ 'ਬਲੈਕ ਪ੍ਰਿੰਸ' ਬਣਾਈ ਗਈ ਹੈ, ਜਿਸ ਵਿਚ ਪੰਜਾਬ ਦੇ ਮਸ਼ਹੂਰ ਗਾਇਕ ਸਤਿੰਦਰ ਸਰਤਾਜ ਨੇ ਮਹਾਰਾਜਾ ਦਲੀਪ ਸਿੰਘ ਦਾ ਕਿਰਦਾਰ ਨਿਭਾਇਆ ਹੈ। ਇਸ ਫ਼ਿਲਮ ਦੀ ਡਿਜੀਟਲ ਰਿਲੀਜ਼ ਨੂੰ ਵੇਖਦਿਆਂ ਸਤਿੰਦਰ ਸਰਤਾਜ ਨੇ 'ਸਪੋਕਸਮੈਨ' ਨਾਲ ਖ਼ਾਸ ਗੱਲਬਾਤ ਕੀਤੀ। ਆਉ ਜਾਣਦੇ ਹਾਂ ਕਿ ਫ਼ਿਲਮ ਨੂੰ ਲੈ ਕੇ ਉਨ੍ਹਾਂ ਦਾ ਤਜਰਬਾ ਕਿਹੋ ਜਿਹਾ ਰਿਹਾ?

ਸਰਤਾਜ ਤੁਸੀਂ ਅਪਣੇ ਗੀਤਾਂ ਵਿਚ ਅਕਸਰ ਉਦਾਸਪੁਣੇ ਤੋਂ ਦੂਰ ਖ਼ੁਸ਼ੀ ਵਿਚ ਝੂਮਦੇ ਵਿਖਾਈ ਦਿੰਦੇ ਹੋ, ਫਿਰ ਦਲੀਪ ਸਿੰਘ ਦੇ ਮਾਯੂਸੀ ਭਰੇ ਕਿਰਦਾਰ ਲਈ ਕਿੱਦਾਂ ਮੰਨੇ? 
ਜਵਾਬ : ਮੇਰੇ ਕੋਲ ਜਦੋਂ ਫ਼ਿਲਮ 'ਬਲੈਕ ਪ੍ਰਿੰਸ' ਦੀ ਪੇਸ਼ਕਸ਼ ਆਈ ਤਾਂ ਮੈਂ ਸੋਚਿਆ ਕਿ ਤੂੰ ਇਕ ਗਵਈਆ ਹੈਂ, ਸ਼ਾਇਰ ਹੈਂ, ਕੰਪੋਜ਼ਰ ਹੈਂ, ਪ੍ਰਫ਼ਾਰਮ ਹੈਂ... ਆਮ ਕਲਾਕਾਰ ਦੀ ਤਰ੍ਹਾਂ ਮੈਂ ਵੀ ਸੋਚਿਆ ਕਿ ਜਦ ਇਕ ਦੁਕਾਨ ਚਲਦੀ ਹੋਵੇ ਤਾਂ ਦੂਜੀ ਦੁਕਾਨ ਖੋਲ੍ਹ ਕੇ ਉਹ ਖ਼ਰਾਬ ਨਹੀਂ ਕਰਨੀ ਚਾਹੀਦੀ। ਇਸ ਨੂੰ ਲੈ ਕੇ ਮੈਂ ਦੁਚਿੱਤੀ ਵਿਚ ਸੀ ਕਿਉਂਕਿ ਇਹ ਸੋਚ ਇਕ ਕਾਰੋਬਾਰ ਵਾਲੀ ਸੀ ਪਰ ਜਦ ਮੈਂ ਇਸ ਸੱਭ ਤੋਂ ਉਪਰ ਉਠ ਕੇ ਸੋਚਿਆ ਤਾਂ ਮੈਂ ਇਹ ਫ਼ਿਲਮ ਕਰਨ ਦਾ ਮਨ ਬਣਾ ਲਿਆ। ਇਸ ਫ਼ਿਲਮ ਲਈ ਮੈਂ ਪੰਜ ਸਾਲ ਤਕ ਸੰਗੀਤ ਉਦਯੋਗ ਤੋਂ ਟੁਟਿਆ ਰਿਹਾ। ਸ਼ਾਇਰੀ ਲਿਖਣ ਦਾ ਸਮਾਂ ਨਹੀਂ ਸੀ, ਕੰਪੋਜ਼ਿੰਗ ਦਾ ਸਮਾਂ ਨਹੀਂ ਸੀ। ਬਹੁਤ ਟੂਰ ਖੁੰਝਦੇ ਸਨ, ਪੰਜਾਬ ਦੇ ਸ਼ੋਅਜ਼ ਖੁੰਝਦੇ ਸਨ। ਕਾਫ਼ੀ ਕੁੱਝ ਡਗਮਗਾਇਆ ਪਰ ਮੇਰੇ ਅੰਦਰ ਪਤਾ ਨਹੀਂ ਕੀ ਸੀ ਜੋ ਮੈਨੂੰ ਇਸ ਪਾਸੇ ਖਿੱਚ ਰਿਹਾ ਸੀ। ਮੈਂ ਇਸ ਬਾਰੇ ਕਈਆਂ ਨਾਲ ਗੱਲ ਕੀਤੀ ਕਿ ਮੈਨੂੰ ਇਹ ਰੋਲ ਮਿਲ ਰਿਹੈ ਤਾਂ ਕਈਆਂ ਨੇ ਕਿਹਾ ਕਿ ਵੇਖ ਲੈ, ਟੌਰਚੀ ਜਿਹਾ ਕਿਰਦਾਰ ਹੈ। ਫਿਰ ਮੈਂ ਸੋਚਿਆ ਕਿ ਸ਼ੇਰ-ਏ-ਪੰਜਾਬ ਦਾ ਵਾਰਸ ਹੋਵੇ, ਏਨੀ ਵੱਡੀ ਸਲਤਨਤ ਦਾ ਮਾਲਕ ਹੋਵੇ, ਫਿਰ ਟੌਰਚੀ ਕਿਉਂ? ਇਸ ਤੋਂ ਬਾਅਦ ਮੈਂ ਖ਼ੁਦ ਮਹਾਰਾਜਾ ਦਲੀਪ ਸਿੰਘ ਨਾਲ ਜੁੜੀਆਂ ਬਹੁਤ ਸਾਰੀਆਂ ਚੀਜ਼ਾਂ ਨੂੰ ਨੇੜਿਉਂ ਤਕਿਆ। ਹਾਲਾਂਕਿ ਇਕ ਅਦਾਕਾਰ ਹੋਣ ਦੇ ਨਾਤੇ ਮੇਰਾ ਅਜਿਹਾ ਕਰਨਾ ਬਣਦਾ ਨਹੀਂ ਸੀ। 

ਸਰਤਾਜ ਫ਼ਿਲਮ ਵਿਚ ਤੁਹਾਡਾ ਕਿਰਦਾਰ ਪ੍ਰਚਲਿਤ ਕਥਾਵਾਂ ਜਾਂ ਕੁੱਝ ਇਤਿਹਾਸਕ ਲਿਖਤਾਂ ਦੇ ਉਲਟ ਬਹੁਤ ਸਹਿਮਿਆ ਅਤੇ ਘਬਰਾਇਆ ਹੋਇਆ ਲਗਦਾ ਹੈ। ਇਹ ਪ੍ਰੋਡਕਸ਼ਨ ਹਾਊਸ ਦਾ ਫ਼ੈਸਲਾ ਸੀ ਜਾਂ ਤੁਸੀਂ ਕੈਮਰੇ ਨੂੰ ਵੇਖ ਕੇ ਘਬਰਾਏ ਹੋਏ ਸੀ?

ਜਵਾਬ : ਜਦੋਂ ਤੁਸੀਂ ਏਨੇ ਵੱਡੇ ਅਦਾਕਾਰਾਂ ਨਾਲ ਸਕਰੀਨ ਸਾਂਝੀ ਕਰਦੇ ਹੋ ਤਾਂ ਘਬਰਾਹਟ ਪੈਦਾ ਹੋਣੀ ਲਾਜ਼ਮੀ ਹੈ ਪਰ ਜਿੱਥੋਂ ਤਕ ਫ਼ਿਲਮ ਦੇ ਦ੍ਰਿਸ਼ ਵਿਚ ਘਬਰਾਹਟ ਦੀ ਗੱਲ ਹੈ ਤਾਂ ਇਹ ਫ਼ੈਸਲਾ ਪ੍ਰੋਡਕਸ਼ਨ ਹਾਊਸ ਦਾ ਹੁੰਦਾ ਹੈ ਕਿਉਂਕਿ ਤੁਸੀਂ ਸਕਿਰਪਟ ਦੇ ਆਧਾਰ 'ਤੇ ਦ੍ਰਿਸ਼ ਫ਼ਿਲਮਾਉਣੇ ਹੁੰਦੇ ਹਨ ਪਰ ਮੇਰੀ ਇਹ ਚੰਗੀ ਕਿਸਮਤ ਸੀ ਕਿ ਮੈਂ ਉਨ੍ਹਾਂ ਦ੍ਰਿਸ਼ਾਂ ਨੂੰ ਬਿਹਤਰ ਤਰੀਕੇ ਨਾਲ ਕਰ ਸਕਿਆ। ਫ਼ਿਲਮ ਦੇ ਦ੍ਰਿਸ਼ਾਂ ਨੂੰ ਬਿਹਤਰ ਤਰੀਕੇ ਨਾਲ ਨਿਭਾਉਣ ਵਾਸਤੇ ਮੈਂ ਮੁੰਬਈ ਵਿਖੇ ਐਕਟਿੰਗ ਦੀਆਂ ਕਲਾਸਾਂ ਜੁਆਇਨ ਕੀਤੀਆਂ, ਜਿੱਥੇ ਅਜੈ ਦੇਵਗਨ ਸਰ, ਕਰੀਨਾ ਜੀ, ਰਿਤਿਕ ਰੌਸ਼ਨ ਹੁਰਾਂ ਨੇ ਨਿਜੀ ਤੌਰ 'ਤੇ ਮੇਰੀਆਂ ਕਲਾਸਾਂ ਲਈਆਂ ਕਿਉਂਕਿ ਇਹ ਕੋਰਸ 6 ਮਹੀਨੇ ਦਾ ਹੁੰਦਾ ਹੈ ਪਰ ਸਾਡੇ ਕੋਲ ਮਹਿਜ਼ 18 ਦਿਨ ਸਨ। ਉਨ੍ਹਾਂ ਨੇ ਜ਼ਿਆਦਾ ਤੋਂ ਜ਼ਿਆਦਾ ਸਮਾਂ ਦੇ ਕੇ ਮੈਨੂੰ ਸਿਖਾ ਦਿਤਾ ਕਿ ਐਕਟਿੰਗ ਕਿਵੇਂ ਕੀਤੀ ਜਾਂਦੀ ਐ। 

ਫ਼ਿਲਮ ਵਿਚ ਜਦੋਂ ਤੁਸੀਂ ਮਹਾਰਾਜਾ ਦਲੀਪ ਸਿੰਘ ਦੇ ਕਿਰਦਾਰ ਵਿਚ 18 ਸਾਲ ਦੀ ਉਮਰ ਵਿਚ ਅਪਣੀ ਮਾਂ ਨੂੰ ਮਿਲਣ ਆਉਂਦੇ ਹੋ ਤਾਂ ਇਹ ਦ੍ਰਿਸ਼ ਸਾਰਿਆਂ ਦੇ ਮਨਾਂ ਨੂੰ ਟੁੰਬਿਆ ਪਰ ਇਸ ਦ੍ਰਿਸ਼ ਨੂੰ ਫਿਲਮਾਉਂਦੇ ਸਮੇਂ ਤੁਹਾਡੇ ਮਨ ਵਿਚ ਕਿਸ ਤਰ੍ਹਾਂ ਦੀ ਜੱਦੋਜਹਿਦ ਸੀ? 

ਜਵਾਬ: ਤੁਸੀਂ ਬਹੁਤ ਸਹੀ ਸਵਾਲ ਪੁੱਛਿਐ। ਉਸ ਦ੍ਰਿਸ਼ 'ਤੇ ਬਹੁਤ ਜ਼ਿਆਦਾ ਵਿਚਾਰ-ਵਟਾਂਦਰਾ ਹੋਇਆ। ਇੱਥੋਂ ਤਕ ਕਿ ਫ਼ਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਵੀ ਕਈ ਲੋਕ ਇਤਰਾਜ਼ ਕਰਦੇ ਸਨ ਕਿ ਏਨੀ ਦੇਰ ਬਾਅਦ ਦਲੀਪ ਸਿੰਘ ਅਪਣੀ ਮਾਤਾ ਨੂੰ ਮਿਲੇ, ਏਨੀ ਖਵਾਹਿਸ਼ ਸੀ ਉਨ੍ਹਾਂ ਨੂੰ ਮਿਲਣ ਦੀ ਪਰ ਜਦੋਂ ਮਿਲੇ ਤਾਂ ਉਨ੍ਹਾਂ ਦਾ ਵਿਵਹਾਰ ਬਹੁਤ ਹੀ ਨਾਰਮਲ ਸੀ। ਅਸਲ ਵਿਚ ਲੋਕਾਂ ਦੇ ਮਨ ਵਿਚ ਉਹੀ ਵਸਿਆ ਹੋਇਆ ਹੈ ਜੋ ਕਵੀਸ਼ਰੀਆਂ ਆਦਿ ਦੀਆਂ ਗਥਾਵਾਂ ਵਿਚ ਉਹ ਸੁਣਦੇ ਆਏ ਹਨ ਕਿ ਮਹਾਰਾਣੀ ਨੇ ਦਲੀਪ ਸਿੰਘ ਦੇ ਸਿਰ 'ਤੇ ਹੱਥ ਫੇਰਿਆ ਤਾਂ ਕੇਸ ਕੱਟੇ ਹੋਣ 'ਤੇ ਉਹ ਭੁੱਬਾਂ ਮਾਰ ਕੇ ਰੋਣ ਲੱਗ ਪਈ ਪਰ ਇਤਿਹਾਸਕ ਤੌਰ 'ਤੇ ਅਜਿਹਾ ਹੋਇਆ ਨਹੀਂ। ਬ੍ਰਿਟਿਸ਼ ਪਾਲਣ ਪੋਸਣ ਹੋਣ ਕਰ ਕੇ ਦਲੀਪ ਸਿੰਘ ਵਿਚ ਅੰਗਰੇਜ਼ਾਂ ਵਰਗਾ ਗ਼ਰੂਰ ਸੀ, ਇਸੇ ਲਈ ਉਹ ਅਪਣੀ ਮਾਂ ਨੂੰ ਮਿਲ ਕੇ ਇੰਨੇ ਜ਼ਿਆਦਾ ਉਤਸ਼ਾਹਤ ਨਾ ਹੋਏ। ਉਨ੍ਹਾਂ ਦਸਿਆ ਕਿ ਦਲੀਪ ਸਿੰਘ ਦੇ ਮਨ ਵਿਚ ਮਾਂ ਨੂੰ ਮਿਲਣ ਦੀ ਇਕ ਖ਼ਵਾਹਿਸ਼ ਜ਼ਰੂਰ ਸੀ, ਇਸੇ ਲਈ ਉਨ੍ਹਾਂ ਨੇ ਵਿਕਟੋਰੀਆ ਕੋਲ ਮਾਂ ਨੂੰ ਮਿਲਣ ਦੀ ਮੰਗ ਰੱਖੀ ਪਰ ਉਨ੍ਹਾਂ ਦੇ ਜ਼ਿਹਨ ਵਿਚ ਇਸ ਤਰ੍ਹਾਂ ਦਾ ਕੁੱਝ ਨਹੀਂ ਸੀ ਕਿ ਉਹ ਮੇਰੀ ਮਾਂ ਐ। ਅਸਲ ਵਿਚ ਉਸ ਸਮੇਂ ਵਿਕਟੋਰੀਆ ਹੀ ਉਨ੍ਹਾਂ ਨੂੰ ਅਪਣੀ ਮਾਂ ਨਜ਼ਰ ਆਉਂਦੀ ਸੀ। ਇਹ ਦ੍ਰਿਸ਼ ਮੈਨੂੰ ਵੀ ਕਾਫ਼ੀ ਵਖਰਾ ਲਗਿਆ ਸੀ। 

ਫ਼ਿਲਮ ਵਿਚ ਦਲੀਪ ਸਿੰਘ ਦੇ ਕਿਰਦਾਰ ਵਿਚ ਤੁਹਾਨੂੰ ਮਹਾਰਾਣੀ ਜਿੰਦਾਂ ਅਤੇ ਮਹਾਰਾਣੀ ਵਿਕਟੋਰੀਆ ਨੂੰ ਲੈ ਕੇ ਕਿੱਦਾਂ ਲਗਿਆ ਕਿਉਂਕਿ ਇਕ ਜਨਮ ਦੇਣ ਵਾਲੀ ਸੀ, ਇਕ ਪਾਲਣ ਪੋਸ਼ਣ ਕਰਨ ਵਾਲੀ?  

ਜਵਾਬ : ਮੈਂ ਤੁਹਾਨੂੰ ਸੱਚ ਦੱਸਾਂ ਤਾਂ ਦਲੀਪ ਸਿੰਘ ਨੂੰ ਵਿਕਟੋਰੀਆ ਕਦੇ ਵੀ ਮਾੜੀ ਨਹੀਂ ਸੀ ਲਗਦੀ ਅਤੇ ਸ਼ਾਇਦ ਹੋ ਸਕਦੈ ਕਿ ਮਹਾਰਾਣੀ ਜਿੰਦਾਂ ਤੋਂ ਜ਼ਿਆਦਾ ਚੰਗੀ ਲਗਦੀ ਹੋਵੇ ਕਿਉਂਕਿ ਵਿਕਟੋਰੀਆ ਨੇ ਉਸ ਨੂੰ ਪਿਆਰ ਮੁਹੱਬਤ ਨਾਲ ਪਾਲਿਆ ਹੁੰਦਾ ਹੈ ਪਰ ਜਦੋਂ ਮਹਾਰਾਣੀ ਜਿੰਦਾਂ ਉਸ ਨੂੰ ਇਹ ਗੱਲਾਂ ਆਖਦੀ ਹੈ ਕਿ ਇਹ ਸਾਰਾ ਕੁੱਝ ਸਾਡਾ ਲੁੱਟਿਆ ਹੋਇਆ ਹੈ ਤਾਂ ਇਕ ਵਾਰ ਉਹ ਇਹ ਵੀ ਸੋਚਦਾ ਹੈ ਕਿ ਵਿਕਟੋਰੀਆ ਹੀ ਮੈਨੂੰ ਇੰਡੀਆ ਲੈ ਕੇ ਆਈ, ਉਸ ਨੇ ਮੈਨੂੰ ਜਿੰਦਾਂ ਨੂੰ ਮਿਲਣ ਦੀ ਆਗਿਆ ਦਿਤੀ, ਫਿਰ ਉਹ ਗ਼ਲਤ ਕਿਵੇਂ ਹੋ ਸਕਦੀ ਹੈ। ਉਸ ਵੇਲੇ ਤਕ ਵੀ ਦਲੀਪ ਸਿੰਘ ਨੂੰ ਇਹੀ ਲਗਦੈ ਕਿ ਸ਼ਾਇਦ ਜਿੰਦਾਂ ਦਾ ਵਤੀਰਾ ਠੀਕ ਨਹੀਂ ਪਰ ਬਾਅਦ ਵਿਚ ਹੌਲੀ-ਹੌਲੀ ਉਸ ਨੂੰ ਸੱਚਾਈ ਦਾ ਅਹਿਸਾਸ ਹੋਇਆ। ਇਸ ਦੇ ਬਾਵਜੂਦ ਉਸ ਨੂੰ ਕਦੇ ਇਹ ਨਹੀਂ ਲਗਿਆ ਕਿ ਵਿਕਟੋਰੀਆ ਨੇ ਉਸ ਨਾਲ ਕੁੱਝ ਗ਼ਲਤ ਕੀਤਾ। 

ਜਦੋਂ ਤੁਹਾਡੇ ਰਿਸ਼ਤੇਦਾਰ ਤੁਹਾਨੂੰ ਬੁਲਾਉਣ ਲਈ ਆਉਂਦੇ ਹਨ, ਉਦੋਂ ਵੀ ਤੁਹਾਡੇ ਅੰਦਰ ਕੋਈ ਜੱਦੋ-ਜਹਿਦ ਚੱਲੀ ਸੀ? 

ਜਵਾਬ : ਜਦੋਂ ਠਾਕੁਰ ਸਿੰਘ ਸੰਧਾਵਾਲੀਆ ਸਮੇਤ ਹੋਰ ਲੋਕ ਉਨ੍ਹਾਂ ਕੋਲ ਆਉਂਦੇ ਹਨ ਅਤੇ ਜਦੋਂ ਉਨ੍ਹਾਂ ਨੇ ਸਿੱਖੀ ਗ੍ਰਹਿਣ ਕੀਤੀ ਤਾਂ ਉਨ੍ਹਾਂ ਦੇ ਅੰਦਰ ਆਵਾਜ਼ ਆਈ ਕਿ ਜਿਹੜੀ ਜ਼ਮੀਨ ਦਾ ਮੈਂ ਵਾਰਿਸ ਹਾਂ, ਮੈਨੂੰ ਉਹ ਅਪਣਾਉਣੀ ਚਾਹੀਦੀ ਹੈ, ਚਾਹੇ ਰਾਜ ਮਿਲੇ ਜਾਂ ਨਾ ਮਿਲੇ। 

ਫ਼ਿਲਮ ਵਿਚ ਇਕ ਗੀਤ ਹੈ 'ਮੈਨੂੰ ਦਰਦਾਂ ਵਾਲਾ ਦੇਸ਼ ਆਵਾਜ਼ਾਂ ਮਾਰਦਾ', ਇਹ ਗੀਤ ਤੁਸੀਂ ਖ਼ੁਦ ਲਿਖਿਆ ਸੀ?

ਜਵਾਬ : ਜੀ ਹਾਂ, ਇਹ ਗੀਤ ਮੈਂ ਹੀ ਲਿਖਿਆ ਹੈ। ਮੈਨੂੰ ਖ਼ੁਦ ਨੂੰ ਵੀ ਇਸ ਦੀਆਂ ਲਾਈਨਾਂ ਬਹੁਤ ਪਸੰਦ ਹਨ। ਮੈਂ ਉਹ ਕਾਇਦਾ ਵੀ ਵੇਖਿਆ ਹੈ ਜੋ ਇੰਗਲੈਂਡ ਵਿਚ ਕਿਸੇ ਇਤਿਹਾਸਕਾਰ ਦੇ ਘਰ ਪਿਆ ਹੈ, ਜਿਸ ਵਿਚ ਠਾਕੁਰ ਸੰਧਾਵਾਲੀਆ ਦਲੀਪ ਸਿੰਘ ਨੂੰ ਪੰਜਾਬੀ ਪੜ੍ਹਾਉਂਦੇ ਸਨ। ਦਲੀਪ ਸਿੰਘ ਨੇ ਮਿਹਨਤ ਨਾਲ ਪੜ੍ਹਾਈ ਕੀਤੀ ਅਤੇ ਬਰੀਕੀ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਟੱਡੀ ਕੀਤੀ ਅਤੇ ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਕਰਵਾਇਆ ਗਿਆ, ਜੋ ਅਸੀਂ ਫ਼ਿਲਮ ਵਿਚ ਵੀ ਵਿਖਾਇਆ ਹੈ ਪਰ ਇਹ ਸਾਰੀਆਂ ਚੀਜ਼ਾਂ ਸਾਡੇ ਸਿੱਖ ਇਤਿਹਾਸ ਵਿਚ ਕਿਤੇ ਨਾ ਕਿਤੇ ਅਣਗੌਲੀਆਂ ਰਹਿ ਗਈਆਂ।

ਆਖ਼ਰ 'ਚ ਮੈਂ ਪਾਠਕਾਂ ਨਾਲ ਇਕ-ਦੋ ਗੱਲਾਂ ਕਰਨਾ ਚਾਹੁੰਦੀ ਹਾਂ ਕਿ ਇਹ ਫ਼ਿਲਮ ਅਪਣੇ ਇਤਿਹਾਸ ਦੇ ਉਹ ਪੰਨੇ ਖੋਲ੍ਹਦੀ ਹੈ ਜਿਸ ਬਾਰੇ ਅਸੀਂ ਕਦੇ ਸੋਚਿਆ ਹੀ ਨਹੀਂ। ਇਸ ਫ਼ਿਲਮ ਨੂੰ ਜੇਕਰ ਲੋਕਾਂ ਨੇ ਸਿਨੇਮਾਘਰਾਂ 'ਚ ਨਹੀਂ ਵੇਖਿਆ ਤਾਂ ਉਹ ਫ਼ਿਲਮ ਦਾ ਡਿਜੀਟਲ ਸਰੂਪ ਜ਼ਰੂਰ ਵੇਖੋ। 

ਸਰਤਾਜ : ਮੈਂ ਵੀ ਇਕ ਦੋ ਗੱਲਾਂ ਮੈਂ ਵੀ ਅਪਣੇ ਵਲੋਂ ਕਰਨਾ ਚਾਹੁੰਦਾ ਹਾਂ ਕਿਉਂਕਿ ਮੈਨੂੰ ਲਗਦਾ ਹੈ ਫ਼ਿਲਮ ਦੀ ਦੁਨੀਆਂ ਭਰ 'ਚ ਡਿਜੀਟਲ ਰਿਲੀਜ਼ ਮਗਰੋਂ ਇਹ ਸਾਡੀ ਪਹਿਲੀ ਇੰਟਰਵਿਊ ਹੈ। ਇਸ ਫ਼ਿਲਮ ਵਿਚ ਅਸੀ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਹੈ ਮੈਨੂੰ ਸਮੁੱਚੇ ਸਿੱਖ ਜਗਤ ਨੂੰ ਅਤੇ ਪੰਜਾਬੀ ਭਾਈਚਾਰੇ ਨੂੰ ਕਹਿਣਾ ਚਾਹੁੰਦਾ ਹਾਂ ਕਿ ਕਾਫ਼ੀ ਅਜਿਹੇ ਇਤਿਹਾਸਕ ਤੱਥ ਹਨ ਜਿਨ੍ਹਾਂ ਨੂੰ ਸੋਧਿਆ ਗਿਆ ਹੈ ਜਿਵੇਂ ਮਹਾਰਾਜਾ ਦਲੀਪ ਸਿੰਘ ਦੇ 9 ਬੱਚੇ ਸਨ ਪਰ ਇਤਿਹਾਸਕਾਰ 8 ਕਹਿੰਦੇ ਹਨ। ਉਨ੍ਹਾਂ ਦੀ ਜਨਮ ਮਿਤੀ 6 ਸੀ ਇਤਿਹਾਸਕਾਰ 4 ਦਸਦੇ ਹਨ ਕਿਉਂਕਿ ਸ਼ਾਇਦ ਉਨ੍ਹਾਂ ਦੀ ਕਬਰ 'ਤੇ 4 ਲਿਖੀ ਹੋਈ ਹੈ। ਹੋ ਸਕਦਾ ਹੈ ਜਦੋਂ ਬਿਕਰਮੀ ਕੈਲੰਡਰ 'ਚ ਤਬਦੀਲ ਕਰਦੇ ਸਮੇਂ ਗ਼ਲਤੀ ਹੋਈ ਹੋਵੇ ਪਰ ਉਨ੍ਹਾਂ ਦੀ ਜਨਮ ਮਿਤੀ 6 ਸੀ। 

ਤੀਜੀ ਗੱਲ ਸੀ ਕਿ ਉਨ੍ਹਾਂ ਨੇ ਕਦੀ ਵੀ ਮਾਫ਼ੀ ਨਹੀਂ ਮੰਗੀ ਸੀ। ਉਨ੍ਹਾਂ ਦਾ ਇਕ ਦਸਤਾਵੇਜ਼ ਮਿਲਦਾ ਹੈ ਵਿਕਟੋਰੀਅਨ ਐਲਬਰਟ ਮਿਊਜ਼ੀਅਮ ਲੰਦਨ 'ਚ ਜਿਸ 'ਚ ਕਿਹਾ ਗਿਆ ਹੈ ਕਿ ਮਹਾਰਾਜਾ ਦਲੀਪ ਸਿੰਘ ਨੂੰ ਅਧਰੰਗ ਹੋ ਗਿਆ ਸੀ ਇਸ ਲਈ ਉਹ ਅਪਣੇ ਪੁੱਤਰ ਕੋਲੋਂ ਲਿਖਵਾਉਂਦੇ ਸਨ ਜਿਸ ਕਾਰਨ ਉਨ੍ਹਾਂ ਦੇ ਪੁੱਤਰ ਨੇ ਮਾਫ਼ੀ ਬਾਰੇ ਲਿਖ ਦਿਤਾ ਸੀ। ਪਰ ਉਨ੍ਹਾਂ ਨੂੰ ਖੱਬੇ ਪਾਸੇ ਅਧਰੰਗ ਹੋਇਆ ਸੀ ਅਤੇ ਉਹ ਸੱਜੇ ਹੱਥ ਨਾਲ ਲਿਖਦੇ ਸਨ। ਇਸ ਲਈ ਉਨ੍ਹਾਂ ਨੂੰ ਕਿਸੇ ਕੋਲੋਂ ਲਿਖਵਾਉਣ ਦੀ ਜ਼ਰੂਰਤ ਨਹੀਂ ਸੀ। ਜਦੋਂ ਅਸੀਂ ਇਹ ਦਸਤਾਵੇਜ਼ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਵਲੋਂ ਹੱਥਲਿਖਤ ਕੋਈ ਦਸਤਾਵੇਜ਼ ਨਹੀਂ ਹੈ ਸਿਰਫ਼ ਇਕ ਅਖ਼ਬਾਰ ਦੀ ਖ਼ਬਰ ਹੈ ਜਿਸ 'ਚ ਲਿਖਿਆ ਗਿਆ ਹੈ ਕਿ ਮਹਾਰਾਜਾ ਦਲੀਪ ਸਿੰਘ ਨੂੰ ਮਾਫ਼ੀ ਦੇ ਦਿਤੀ ਗਈ।  

ਇਸ ਤੋਂ ਇਲਾਵਾ ਮਹਾਰਾਣੀ ਜਿੰਦਾ ਨੇ ਅੰਗਰੇਜ਼ ਸਰਕਾਰ ਨਾਲ ਕਦੀ ਵੀ ਸਹਿਮਤੀ ਨਹੀਂ ਪ੍ਰਗਟਾਈ ਸੀ ਇਸੇ ਕਰ ਕੇ ਉਨ੍ਹਾਂ ਨੂੰ ਯੂ.ਪੀ. ਤੋਂ ਇਕ ਦੂਜੇ ਚਿਨਾਰ ਦੇ ਕਿਲ੍ਹੇ 'ਚ ਬੰਦ ਕਰਵਾਇਆ ਗਿਆ ਸੀ। ਉਨ੍ਹਾਂ ਕਦੇ ਵੀ ਸੰਧੀ 'ਤੇ  ਹਸਤਾਖ਼ਰ ਨਹੀਂ ਕੀਤੇ ਸਨ। ਲਾਰਡ ਡਲਹੌਜ਼ੀ ਬਹੁਤ ਜ਼ਿਆਦਾ ਪ੍ਰਭਾਵਤ ਸਨ ਉਨ੍ਹਾਂ ਤੋਂ। ਉਹ ਕਹਿੰਦੇ ਸਨ ਕਿ ਉਨ੍ਹਾਂ ਕਿਹਾ ਕਿ ਉਨ੍ਹਾਂ ਸੱਭ ਤੋਂ ਬਹਾਦਰ ਜੋ ਵਿਅਕਤੀ ਵੇਖਿਆ ਉਹ ਮਹਾਰਾਣੀ ਜਿੰਦਾ ਸਨ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਸਾਡੇ ਸਾਹਮਣੇ ਨਹੀਂ ਆਈਆਂ ਸਨ। ਅਸੀ ਇਹ ਨਹੀਂ ਕਹਿੰਦੇ ਕਿ ਅਸੀ ਬਹੁਤ ਵੱਡਾ ਕੰਮ ਕੀਤਾ ਹੈ ਪਰ ਮੈਂ ਖ਼ੁਸ਼ਨਸੀਬ ਹਾਂ ਕਿ ਮੈਂ ਇਸ ਫ਼ਿਲਮ 'ਚ ਕੰਮ ਕੀਤਾ। ਜਿਹੜੇ ਲੋਕ ਸਿਨੇਮਘਰਾਂ 'ਚ ਫ਼ਿਲਮ ਨੂੰ ਨਹੀਂ ਵੇਖ ਸਕੇ ਉਹ ਇਸ ਫ਼ਿਲਮ ਨੂੰ ਵੱਖੋ-ਵੱਖ ਡਿਜੀਟਲ ਪਲੇਟਫ਼ਾਰਮਾਂ 'ਤੇ ਰਿਲੀਜ਼ ਹੋਣ ਮਗਰੋਂ ਵੇਖ ਸਕਣਗੇ।