ਦੀਵਾਲੀ ਅਤੇ ਪਰਾਲੀ ਦੇ ਧੂੰਏਂ ਨੇ ਘਟਾਈ ਸੂਰਜ ਦੀ ਤਪਸ਼

ਸ੍ਰੀ ਮੁਕਤਸਰ ਸਾਹਿਬ, 30 ਅਕਤੂਬਰ (ਗੁਰਦੇਵ ਸਿੰਘ/ਰਣਜੀਤ ਸਿੰਘ): ਦੀਵਾਲੀ ਤੋਂ ਬਾਅਦ ਪਰਾਲੀ ਦੇ ਧੂੰਏਂ ਨੇ ਸੂਰਜ ਦੀ ਤਪਸ਼ ਮੱਧਮ ਕਰ ਦਿਤੀ ਹੈ ਜਿਸ ਨਾਲ ਮੌਸਮ ਵਿਚ ਤਬਦੀਲੀ ਆਉਣ ਦੇ ਨਾਲ-ਨਾਲ ਖੇਤਾਂ ਅਤੇ ਮੰਡੀਆਂ ਵਿਚ ਝੋਨੇ ਨੂੰ ਸੁਕਣ ਵਿਚ ਦੇਰ ਹੋ ਰਹੀ ਹੈ ਜਿਸ ਕਰ ਕੇ ਕਿਸਾਨਾਂ ਨੂੰ ਮੰਡੀਆਂ ਵਿਚ ਝੋਨੇ ਦੀ ਨਮੀ ਸਥਿਰ ਕਰਨ ਵਾਸਤੇ ਕਈ ਕਈ ਦਿਨ ਲੱਗ ਜਾਂਦੇ ਹਨ। ਇਸ ਵਾਰ ਦੀਵਾਲੀ ਨਵੰਬਰ ਦੀ ਬਜਾਏ ਅਕਤੂਬਰ ਵਿਚ ਆਉਣ ਕਰ ਕੇ ਪਟਾਕਿਆਂ ਦਾ ਪ੍ਰਦੂਸ਼ਣ ਵੀ ਪਰਾਲੀ ਦੇ ਧੂੰਏਂ ਨਾਲ ਰਲ ਗਿਆ ਹੈ। ਇਸ ਕਾਰਨ ਸਾਰਾ ਦਿਨ ਸੂਰਜ ਦਿਖਾਈ ਨਹੀਂ ਦੇ ਰਿਹਾ, ਅਕਾਸ਼ ਵਿਚ ਕਾਲੇ ਧੂੰਏਂ ਕਰ ਕੇ ਸੂਰਜ ਤਪਸ਼ ਵਿਹੂਣਾ ਹੋ ਗਿਆ ਹੈ। ਬਹੁਤੇ ਥਾਵਾਂ ਤੇ ਝੋਨੇ ਦੀ ਕਟਾਈ 30 ਤੋਂ 40 ਫ਼ੀ ਸਦੀ ਬਾਕੀ ਹੈ ਅਤੇ ਕਿਸਾਨਾਂ ਨੇ ਜੰਗੀ ਪੱਧਰ ਤੇ ਪਰਾਲੀ ਨੂੰ ਅੱਗ ਲਗਾਉਣੀ ਅਜੇ ਸ਼ੁਰੂ ਨਹੀਂ ਕੀਤੀ। ਆਉਣ ਵਾਲੇ ਦਿਨਾਂ ਵਿਚ ਰਹਿੰਦੀ ਝੋਨੇ ਦੀ ਕਟਾਈ ਤੋਂ ਬਾਅਦ ਕਣਕ ਦੀ ਬਿਜਾਈ ਵਾਸਤੇ ਜ਼ਮੀਨ ਤਿਆਰ ਕਰਨ ਲਈ ਕਿਸਾਨਾਂ ਵੱਲੋਂ ਰਹਿੰਦੀ ਪਰਾਲੀ ਨੂੰ ਵੱਡੇ ਪੱਧਰ ਤੇ ਅੱਗ ਲਗਾਉਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਜਿਸ ਨਾਲ ਆਉਣ ਵਾਲੇ ਦਿਨਾਂ ਵਿਚ ਧੂੰਏਂ ਦਾ ਪ੍ਰਦੂਸ਼ਣ ਵਧੇਗਾ। ਹਵਾ ਵਿਚ ਰਲੇ ਧੂੰਏਂ ਕਰ ਕੇ ਜਿਥੇ ਆਮ ਲੋਕਾਂ ਦੀਆਂ ਅੱਖਾਂ ਵਿਚ ਜਲਣ ਸ਼ੁਰੂ ਹੋ ਗਈ ਹੈ ਉਸ ਵਿਚ ਵਾਧਾ ਹੋਣ ਦੇ ਨਾਲ ਨਾਲ ਸਾਹ-ਦਮੇ ਦੇ ਮਰੀਜ਼ਾਂ ਦੀ ਹਲਾਤ ਗੰਭੀਰ ਬਣ ਸਕਦੀ ਹੈ। ਅਜਿਹੇ ਮਰੀਜਾਂ ਦੀ ਗਿਣਤੀ ਵਿਚ ਹੋਰ ਵਾਧਾ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਜਦ ਕਿ ਪੰਜਾਬ ਵਾਸੀ ਪਹਿਲਾਂ ਹੀ ਵੱਡੀ ਪੱਧਰ ਤੇ ਡੇਂਗੂ ਦੇ ਸ਼ਿਕਾਰ ਹੋ ਚੁੱਕੇ ਹਨ।