ਪੰਜਾਬ ਅਤੇ ਹਰਿਆਣਾ ਵਿਚ ਸੰਘਣੀ ਧੁੰਦ ਕਾਰਨ ਜਨਜੀਵਨ 'ਤੇ ਅਸਰ

ਚੰਡੀਗਡ਼੍ਹ, 2 ਜਨਵਰੀ : ਪੰਜਾਬ ਅਤੇ ਹਰਿਆਣਾ ਦੇ ਕਈ ਇਲਾਕਿਆਂ ਵਿਚ ਸੰਘਣਾ ਕੋਹਰਾ ਪੈਣ ਨਾਲ ਰੇਲ, ਜਹਾਜ਼, ਬੱਸ ਅਤੇ ਹੋਰ ਆਵਾਜਾਈ ਸੇਵਾਵਾਂ ਪ੍ਰਭਾਵਤ ਹੋਈਆਂ ਹਨ ਅਤੇ ਨਾਲ ਹੀ ਦੋਹਾਂ ਰਾਜਾਂ ਦੇ ਬਹੁਤੇ ਇਲਾਕਿਆਂ ਵਿਚ ਕਡ਼ਾਕੇ ਦੀ ਠੰਢ ਜਾਰੀ ਹੈ। ਮੌਸਮ ਵਿਭਾਗ ਦੇ ਅਧਿਕਾਰੀ ਨੇ ਦਸਿਆ ਕਿ ਦੋਹਾਂ ਰਾਜਾਂ ਵਿਚ ਸੱਭ ਤੋਂ ਠੰਢਾ ਬਠਿੰਡਾ ਰਿਹਾ ਜਿਥੇ ਘੱਟੋ ਘੱਟ ਤਾਪਮਾਨ 2.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉਨ੍ਹਾਂ ਦਸਿਆ ਕਿ ਪੰਜਾਬ ਅਤੇ ਹਰਿਆਣਾ ਦੇ ਬਹੁਤੇ ਇਲਾਕਿਆਂ ਵਿਚ ਸੰਘਣੇ ਕੋਹਰੇ ਕਾਰਨ 200 ਮੀਟਰ ਤਕ ਵੀ ਰਸਤਾ ਨਹੀਂ ਦਿਸ ਰਿਹਾ ਸੀ ਜਿਸ ਕਾਰਨ ਜਹਾਜ਼ ਅਤੇ ਰੇਲ ਸੇਵਾਵਾਂ ਜਾਂ ਤਾਂ ਰੱਦ ਹੋਈਆਂ ਜਾਂ ਤੈਅ ਸਮੇਂ ਤੋਂ ਦੇਰੀ ਨਾਲ ਪਹੁੰਚੀਆਂ। ਫ਼ਰੀਦਕੋਟ ਵਿਚ ਘੱਟ ਘੱਟ ਤਾਪਮਾਨ 3.5 ਡਿਗਰੀ ਦਰਜ ਕੀਤਾ ਗਿਆ।

ਇਸੇ ਤਰ੍ਹਾਂ ਅੰਮ੍ਰਿਤਸਰ ਵਿਚ 4.2, ਸਿਰਸਾ ਵਿਚ 4.8, ਆਦਮਪੁਰ ਵਿਚ 5.8, ਭਿਵਾਨੀ ਵਿਚ 6.5 ਅਤੇ ਹਿਸਾਰ ਵਿਚ 7.3 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਚੰਡੀਗਡ਼੍ਹ ਵਿਚ ਤਾਪਮਾਨ 8.7, ਲੁਧਿਆਣਾ ਵਿਚ 8.4, ਪਟਿਆਲਾ ਵਿਚ 8.6 ਅਤੇ ਅੰਬਾਲਾ ਵਿਚ 8.9 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਅਗਲੇ 48 ਘੰਟਿਆਂ ਵਿਚ ਮੌਸਮ ਧੁੰਦ ਭਰਿਆ ਰਹਿ ਸਕਦਾ ਹੈ।