ਪੰਜਾਬ, ਹਰਿਆਣਾ, ਚੰਡੀਗੜ੍ਹ ਵਿਚ ਸੀਤ ਲਹਿਰ ਤੋਂ ਰਾਹਤ

ਵਾਤਾਵਰਨ

ਚੰਡੀਗੜ੍ਹ, 17 ਜਨਵਰੀ : ਪੰਜਾਬ, ਹਰਿਆਣਾ ਦੇ ਕਈ ਹਿੱਸਿਆਂ ਵਿਚ ਅੱਜ ਘੱਟੋ ਘੱਟ ਤਾਪਮਾਨ ਵਿਚ ਮਾਮੂਲੀ ਵਾਧਾ ਦਰਜ ਕੀਤਾ ਗਿਆ ਜਿਸ ਨਾਲ ਲੋਕਾਂ ਨੂੰ ਸਖ਼ਤ ਠੰਢ ਤੋਂ ਕਾਫ਼ੀ ਰਾਹਤ ਮਿਲੀ। ਮੌਸਮ ਵਿਭਾਗ ਦੇ ਅਧਿਕਾਰੀ ਨੇ ਦਸਿਆ ਕਿ ਅੰਮ੍ਰਿਤਸਰ ਵਿਚ ਪਿਛਲੇ ਕੁੱਝ ਦਿਨਾਂ ਤੋਂ ਤਾਪਮਾਨ ਮਨਫ਼ੀ ਬਿੰਦੂ ਦੇ ਨੇੜੇ-ਤੇੜੇ ਸੀ ਜੋ ਅੱਜ ਆਮ ਨਾਲੋਂ ਚਾਰ ਡਿਗਰੀ ਜ਼ਿਆਦਾ 8.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਲੁਧਿਆਣਾ ਵਿਚ ਤਾਪਮਾਨ 7.6, ਪਟਿਆਲਾ ਵਿਚ 8.1, ਬਠਿੰਡਾ ਵਿਚ 9.2 ਅਤੇ ਹਲਵਾਰ ਵਿਚ 8.3 ਡਿਗਰੀ ਸੈਲਸੀਅਸ ਦਰਜ ਕੀਤਾ ਹੈ। 

ਗੁਰਦਾਸਪੁਰ ਅਤੇ ਪਠਾਨਕੋਟ ਸੱਭ ਤੋਂ ਠੰਢੇ ਸਥਾਨ ਬਣੇ ਹੋਏ ਹਨ ਜਿਥੇ ਤਾਪਮਾਨ ਕ੍ਰਮਵਾਰ ਤਿੰਨ ਡਿਗਰੀ ਅਤੇ 5.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਚੰਡੀਗੜ੍ਹ ਵਿਚ ਤਾਪਮਾਨ 67, ਅੰਬਾਲਾ ਵਿਚ 9.5, ਕਰਨਾਲ ਵਿਚ 8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅਧਿਕਾਰੀ ਨੇ ਦਸਿਆ ਕਿ ਸਵੇਰ ਸਮੇਂ ਕਰਨਾਲ ਅਤੇ ਰੋਹਤਕ ਵਿਚ ਸੰਘਣੀ ਧੁੰਦ ਪਈ। (ਏਜੰਸੀ)