ਕੁਰਾਲੀ, 3 ਨਵੰਬਰ (ਜਗਦੇਵ ਸਿੰਘ) : ਸਥਾਨਕ ਸ਼ਹਿਰ ਵਿਚ ਜਿਥੇ ਡੇਂਗੁ ਦਿਨੋਂ-ਦਿਨ ਪੈਰ ਪਸਾਰਦਾ ਜਾ ਰਿਹਾ ਹੈ, ਉਥੇ ਹੀ ਕੇਂਦਰ ਦੀ ਸਵੱਛ ਭਾਰਤ ਮੁਹਿੰਮ ਵੀ ਦਮ ਤੋੜਦੀ ਨਜ਼ਰ ਆ ਰਹੀ ਹੈ। ਜ਼ਿਕਰਯੋਗ ਹੈ ਕਿ ਨਗਰ ਕੌਂਸਲ ਕੁਰਾਲੀ ਵਲੋਂ ਕੂੜੇ ਨੂੰ ਸੜਕਾਂ ਉੱਤੇ ਖਿਲਰਨ ਤੋਂ ਰੋਕਣ ਲਈ ਲੱਖਾਂ ਰੁਪਏ ਖਰਚ ਕੇ ਕਈ ਦਰਜਨ ਕੂੜੇਦਾਨ ਤਿਆਰ ਕਰਾਉਣ ਤੋਂ ਇਲਾਵਾ ਇਨ੍ਹਾਂ ਕੂੜੇਦਾਨਾਂ ਨੂੰ ਰੋਜ਼ਾਨਾ ਗੱਡੀ ਰਾਹੀਂ ਚੁੱਕ ਕੇ ਕੂੜੇ ਦਾ ਨਿਪਟਾਰਾ ਕਰਨ ਦੇ ਪ੍ਰਬੰਧ ਕੀਤੇ ਗਏ ਸਨ। ਇਸ ਤੋਂ ਇਲਾਵਾ ਸਫ਼ਾਈ ਕਰਮਚਾਰੀਆਂ ਨੂੰ ਵੀ ਰੇਹੜੀਆਂ ਮੁਹਈਆ ਕਰਾਈਆਂ ਗਈਆਂ ਹਨ ਤਾਂ ਜੋ ਸ਼ਹਿਰ ਵਿਚ ਕੂੜੇ ਦੇ ਢੇਰ ਨਾ ਲੱਗ ਸਕਣ ਪਰ ਇਨ੍ਹਾਂ ਸਾਰੇ ਪ੍ਰਬੰਧਾਂ ਦੇ ਬਾਵਜੂਦ ਸ਼ਹਿਰ ਦੀਆਂ ਸੜਕਾਂ 'ਤੇ ਕੂੜੇ ਦੇ ਢੇਰ ਲੱਗੇ ਆਮ ਦੇਖੇ ਜਾ ਸਕਦੇ ਹਨ।