ਚੰਡੀਗੜ੍ਹ, 1 ਜਨਵਰੀ: ਨਵੇਂ ਸਾਲ ਦੀ ਆਮਦ 'ਤੇ ਦੇਸ਼ ਦੇ ਉੱਤਰੀ ਹਿਸਿਆਂ ਵਿਚ ਠੰਢ ਅਤੇ ਕੋਹਰੇ ਨੇ ਅਪਣਾ ਰੰਗ ਵਿਖਾਉਣਾ ਸ਼ੁਰੂ ਕਰ ਦਿਤਾ ਹੈ। ਕੋਹਰੇ ਦਾ ਅਸਰ ਸੜਕੀ ਆਵਾਜਾਈ 'ਤੇ ਕਾਫ਼ੀ ਪਿਆ ਹੈ। ਮੌਸਮ ਵਿਭਾਗ ਮੁਤਾਬਕ ਅਗਲੇ ਦੋ-ਤਿੰਨ ਮੌਸਮ ਇਸੇ ਤਰ੍ਹਾਂ ਰਹਿ ਸਕਦਾ ਹੈ। ਸੰਘਣੇ ਕੋਹਰੇ ਕਾਰਨ ਰਸਤਾ ਸਾਫ਼ ਨਾ ਦਿਸਣ ਕਰ ਕੇ ਅੱਜ ਸਵੇਰੇ ਦਿੱਲੀ ਹਵਾਈ ਅੱਡੇ 'ਤੇ 300 ਤੋਂ ਵੱਧ ਉਡਾਣਾਂ ਵਿਚ ਦੇਰ ਹੋਈ ਅਤੇ ਅੱਠ ਉਡਾਣਾਂ ਰੱਦ ਕਰ ਦਿਤੀਆਂ ਗਈਆਂ। ਸੜਕਾਂ 'ਤੇ ਵੀ ਆਵਾਜਾਈ ਕਾਫ਼ੀ ਮੱਠੀ ਚਾਲ ਚੱਲੀ। ਨਵੇਂ ਸਾਲ ਕਾਰਨ ਉਂਜ ਵੀ ਸੜਕਾਂ 'ਤੇ ਆਵਾਜਾਈ ਅਤੇ ਬਾਜ਼ਾਰਾਂ ਵਿਚ ਭੀੜ ਘੱਟ ਦਿਸੀ। ਪੰਜਾਬ ਅਤੇ ਹਰਿਆਣਾ ਵਿਚ ਆਮ ਜਨਜੀਵਨ ਕਾਫ਼ੀ ਪ੍ਰਭਾਵਤ ਰਿਹਾ। ਕੁੱਝ ਥਾਈਂ ਹਾਦਸੇ ਵਾਪਰਨ ਦੀਆਂ ਵੀ ਖ਼ਬਰਾਂ ਹਨ। ਅਧਿਕਾਰੀਆਂ ਨੇ ਦਸਿਆ ਕਿ ਕੋਹਰੇ ਕਾਰਨ ਕੁੱਝ ਰੇਲਗੱਡੀਆਂ ਦੀ ਆਵਾਜਾਈ ਵਿਚ ਦੇਰੀ ਹੋਈ ਅਤੇ ਜਹਾਜ਼ਾਂ ਦੀ ਆਵਾਜਾਈ ਵੀ ਪ੍ਰਭਾਵਤ ਹੋਈ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦਸਿਆ ਕਿ ਜ਼ਬਰਦਸਤ ਠੰਢ ਕਾਰਨ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਹੋਈ। ਚੰਡੀਗੜ੍ਹ ਦਾ ਘੱਟੋ ਘੱਟ ਤਾਪਮਾਨ 8.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਬਠਿੰਡਾ ਸੱਭ ਤੋਂ ਠੰਢਾ ਰਿਹਾ ਅਤੇ ਇਥੋਂ ਦਾ ਤਾਪਮਾਨ 2.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।