ਜ਼ਿਲ੍ਹੇ 'ਚ ਪਰਾਲੀ ਨੂੰ ਅੱਗ ਲਾਉਣ ਦੇ 154 ਮਾਮਲੇ ਦਰਜ : ਮਾਨ

ਐਸ.ਏ.ਐਸ ਨਗਰ, 28 ਅਕਤੂਬਰ (ਗੁਰਮੁਖ ਵਾਲੀਆ) : ਦਿਨੋਂ ਦਿਨ ਵੱਧ ਰਿਹਾ ਪ੍ਰਦੂਸ਼ਣ ਇਕ ਅਜਿਹੀ ਚੁਨੌਤੀ ਹੈ ਜਿਸ ਨੂੰ ਆਧੁਨਿਕ ਤਕਨਾਲੋਜੀ ਦੀ ਵਰਤੋਂ ਕਰਕੇ ਹੀ ਠੱਲ ਪਾਈ ਜਾ ਸਕਦੀ ਹੈ। ਵਾਤਾਵਰਣ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਸਮੂਹਿਕ ਯਤਨ ਕਰਨ ਦੀ ਲੋੜ ਹੈ। ਇਨਾਂ੍ਹ ਵਿਚਾਰਾਂ ਦਾ ਪ੍ਰਗਟਾਵਾ ਵਧੀਕ ਡੀਸੀ ਚਰਨਦੇਵ ਸਿੰਘ ਮਾਨ ਨੇ ਜਿਲ੍ਹਾ ਪ੍ਰਸ਼ਾਸਨ ਐਸ.ਏ.ਐਸ ਨਗਰ ਅਤੇ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਕਿਸਾਨਾਂ ਨੂੰ ਪਰਾਲੀ ਨਾ ਜਲਾਉਣ ਲਈ ਜਾਗਰੂਕ ਕਰਨ ਸਬੰਧੀ ਲਗਾਤਾਰ ਕੀਤੇ ਜਾ ਰਹੇ ਯਤਨਾ ਸਬੰਧੀ ਜਾਣਕਾਰੀ ਦਿੰਦਿਆਂ ਕੀਤਾ। 

ਮਾਨ ਨੇ ਦੱਸਿਆ ਕਿ ਜਿਲਾ੍ਹ ਐਸ.ਏ.ਐਸ ਨਗਰ ਵਿਚ ਹੁਣ ਤੱਕ ਕਿਸਾਨਾਂ ਵਲੋਂ ਪਰਾਲੀ ਦੀ ਰਹਿੰਦ ਖਹੁੰਦ ਨੂੰ ਅੱਗ ਲਗਾਉਣ ਦੇ 154 ਮਾਮਲੇ ਦਰਜ ਕੀਤੇ ਗਏ ਜਦਕਿ ਪੰਜਾਬ ਵਿਚ ਅੱਗ ਲਗਾਉਣ ਦੇ 12259 ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਪ੍ਰਦੂਸ਼ਣ ਰੋਕਥਾਮ ਬੋਰਡ ਅਤੇ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਪਰਾਲੀ ਦੀ ਰਹਿੰਦ ਖਹੁੰਦ ਨੂੰ ਅੱਗ ਨਾ ਲਗਾਉਣ ਪ੍ਰਤੀ ਜਾਗਰੂਕ ਕਰਨ ਲਈ 65 ਜਾਗਰੂਕ ਕਿਸਾਨ ਮੇਲੇ ਲਗਾਏ ਹਨ ਅਤੇ ਜਿਲ੍ਹੇ ਵਿਚ ਪਰਾਲੀ ਨੂੰ ਨਾ ਸਾੜਣ ਅਤੇ ਉਸ ਨੂੰ ਜ਼ਮੀਨ ਵਿੱਚ ਹੀ ਮਿਲਾਉਣ ਲਈ ਵੈਨਾਂ ਦੁਆਰਾ ਲਗਾਤਾਰ ਪ੍ਰਚਾਰ ਕੀਤਾ ਜਾ ਰਿਹਾ ਹੈ।