Fact Check: ਜਿੰਮ 'ਚ ਡਿੱਗਿਆ ਵਿਅਕਤੀ, ਵੀਡੀਓ ਵੱਖ-ਵੱਖ ਗਲਤ ਦਾਅਵਿਆਂ ਨਾਲ ਵਾਇਰਲ

ਸਪੋਕਸਮੈਨ ਸਮਾਚਾਰ ਸੇਵਾ

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਬੰਗਲੁਰੂ ਦੇ ਜਿੰਮ ਦੇ ਵੀਡੀਓ ਨੂੰ ਵੱਖ-ਵੱਖ ਗਲਤ ਦਾਅਵਿਆਂ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

Fact Check Video of man collapse in gym viral with fake claims

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇੱਕ ਵਿਅਕਤੀ ਨੂੰ ਦਿਲ ਦਾ ਦੌਰਾ ਪੈਣ ਨਾਲ ਡਿੱਗਦੇ ਹੋਏ ਵੇਖਿਆ ਜਾ ਸਕਦਾ ਹੈ। ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਕਈ ਦਾਅਵਿਆਂ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

1. ਦਾਅਵਾ- ਵੀਡੀਓ ਅਦਾਕਾਰ ਸਿਧਾਰਤ ਸ਼ੁਕਲਾ ਨੂੰ ਦਿਲ ਦਾ ਦੌਰਾ ਪੈਣ ਦਾ ਹੈ।

2. ਵੀਡੀਓ ਮੁੰਬਈ ਦੇ ਇੱਕ ਜਿੰਮ ਦਾ ਹੈ ਜਿਥੇ ਵਿਅਕਤੀ ਦਾ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਈ।

3. ਵੀਡੀਓ ਬੰਗਲੁਰੂ ਦਾ ਹੈ ਜਿਥੇ ਵਿਅਕਤੀ ਦਾ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਈ।

ਕੁਝ ਯੂਜ਼ਰ ਵੀਡੀਓ ਨੂੰ ਬਿਨਾ ਸਥਾਨ ਦੀ ਜਾਣਕਾਰੀ ਦੱਸੇ ਵਿਅਕਤੀ ਦੀ ਮੌਤ ਦਾ ਦਾਅਵਾ ਕਰ ਵੀਡੀਓ ਵਾਇਰਲ ਕਰ ਰਹੇ ਹਨ (ਕਈ ਮੀਡੀਆ ਅਦਾਰਿਆਂ ਨੇ ਵਿਅਕਤੀ ਦੀ ਮੌਤ ਦਾ ਦਾਅਵਾ ਕਰ ਵੀਡੀਓ ਸ਼ੇਅਰ ਕੀਤਾ ਹੈ)। 

ਪੜਤਾਲ

ਪਹਿਲਾ ਦਾਅਵਾ ਕਿ ਵੀਡੀਓ ਸਿਧਾਰਥ ਸ਼ੁਕਲਾ ਦਾ ਹੈ

ਦਾਅਵੇ ਦੀ ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ। ਵੀਡੀਓ ਨੂੰ ਧਿਆਨ ਨਾਲ ਵੇਖਿਆ ਜਾਵੇ ਤਾਂ ਦਿੱਸ ਰਿਹਾ ਵਿਅਕਤੀ ਸਿਧਾਰਥ ਸ਼ੁਕਲਾ ਵਰਗਾ ਨਹੀਂ ਹੈ ਅਤੇ CCTV ਫੁਟੇਜ 'ਤੇ ਦਿੱਸ ਰਹੀ ਤਰੀਕ 25 ਅਗਸਤ 2021 ਹੈ ਅਤੇ ਅਦਾਕਾਰ ਸਿਧਾਰਥ ਸ਼ੁਕਲਾ ਦਾ ਅੱਜ 2 ਸਿਤੰਬਰ 2021 ਨੂੰ ਦੇਹਾਂਤ ਹੋਇਆ ਹੈ। ਮਤਲਬ ਇਹ ਗੱਲ ਤਾਂ ਸਾਫ ਹੋਈ ਕਿ ਵੀਡੀਓ ਵਿਚ ਸਿਧਾਰਥ ਸ਼ੁਕਲਾ ਨਹੀਂ ਹੈ।

ਦੂਜਾ ਦਾਅਵਾ ਕਿ ਵੀਡੀਓ ਮੁੰਬਈ ਦੇ ਮੁਲੁੰਡ ਸਥਿਤ ਗੋਲਡ ਜਿੰਮ ਦਾ ਹੈ

ਇਸ ਦਾਅਵੇ ਦੀ ਪੜਤਾਲ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ Gold Gym Mulund ਦੇ ਫੇਸਬੁੱਕ ਪੇਜ 'ਤੇ ਵਿਜ਼ਿਟ ਕੀਤਾ। ਸਾਨੂੰ ਉਨ੍ਹਾਂ ਦੇ ਪੇਜ 'ਤੇ ਵੀਡੀਓ ਨੂੰ ਲੈ ਕੇ ਸਪਸ਼ਟੀਕਰਨ ਮਿਲਿਆ। Gold Gym Mulund ਨੇ ਸਪਸ਼ਟੀਕਰਨ ਦਿੰਦੇ ਹੋਏ ਸਾਫ ਕਿਹਾ ਕਿ ਇਹ ਵੀਡੀਓ ਉਨ੍ਹਾਂ ਦੇ ਜਿੰਮ ਦਾ ਨਹੀਂ ਹੈ। ਜਿੰਮ ਦਾ ਸਪਸ਼ਟੀਕਰਨ ਪੋਸਟ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਤੀਸਰਾ ਦਾਅਵਾ ਕਿ ਇਹ ਵੀਡੀਓ ਬੰਗਲੁਰੂ ਦੇ ਜਿੰਮ ਦਾ ਹੈ

ਇਸ ਦਾਅਵੇ ਨੂੰ ਲੈ ਕੇ ਅਸੀਂ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਸਰਚ ਕੀਤਾ। ਸਾਨੂੰ ਕਈ ਨਿਊਜ਼ ਲਿੰਕ ਮਿਲੇ ਜਿਨ੍ਹਾਂ ਵਿਚ ਦਾਅਵਾ ਕੀਤਾ ਗਿਆ ਕਿ ਵੀਡੀਓ ਬੰਗਲੁਰੂ ਦੇ ਬੋਨਾਸ਼ਨਕਰੀ ਸਥਿਤ Gold Gym ਦਾ ਹੈ ਜਿਥੇ 33 ਸਾਲਾਂ ਯੁਵਕ ਨੂੰ ਜਿਮ ਕਰਨ ਦੌਰਾਨ ਦਿਲ ਦਾ ਦੌਰਾ ਪੈ ਗਿਆ ਸੀ।

ਇਸ ਮਾਮਲੇ ਨੂੰ ਲੈ ਕੇ ABP ਦੀ ਖਬਰ ਨੇ ਦੱਸਿਆ ਕਿ ਵਿਅਕਤੀ ਨੂੰ ਦਿਲ ਦਾ ਦੌਰਾ ਪੈਂਦਾ ਹੈ ਅਤੇ ਉਹ ਡਿੱਗ ਪੈਂਦਾ ਹੈ। ABP ਦੀ ਖਬਰ ਵਿਚ ਕੀਤੇ ਵੀ ਵਿਅਕਤੀ ਦੀ ਮੌਤ ਦਾ ਜਿਕਰ ਨਹੀਂ ਸੀ। ਖਬਰ ਅਨੁਸਾਰ ਵਿਅਕਤੀ ਨੂੰ ਤੁਰੰਤ ਹਸਪਤਾਲ ਭਰਤੀ ਕਰਵਾਇਆ ਜਾਂਦਾ ਹੈ।

ਇਸ ਖਬਰ ਨੇ ਦੱਸਿਆ ਕਿ ਮਾਮਲਾ ਬੰਗਲੁਰੂ ਦੇ ਬੋਨਾਸ਼ਨਕਰੀ ਸਥਿਤ Gold Gym ਦਾ ਹੈ। ਅੱਗੇ ਵਧਦੇ ਹੋਏ ਅਸੀਂ ਸਿੱਧਾ Gold Gym Bonashankari ਸੰਪਰਕ ਕੀਤਾ।

ਸਾਡੇ ਕੰਨੜ ਭਾਸ਼ਾ ਦੇ ਅਨੁਵਾਦਕ ਅਨਿਲ ਕੁਮਾਰ ਨਾਲ ਗੱਲ ਕਰਦੇ ਹੋਏ ਜਿੰਮ ਦੇ ਸੈਂਟਰ ਮਨੈਜਰ ਨੇ ਕਿਹਾ, "ਇਹ ਵੀਡੀਓ ਸਾਡੇ ਜਿੰਮ ਦਾ ਹੀ ਹੈ ਅਤੇ ਵੀਡੀਓ ਵਿਚ ਦਿੱਸ ਰਹੇ ਵਿਅਕਤੀ ਨੇ ਸਾਡੇ ਜਿੰਮ ਨੂੰ ਨਵਾਂ ਹੀ ਜੋਇਨ ਕੀਤਾ ਸੀ। ਇਹ ਵਿਅਕਤੀ ਸਿਰਫ 3 ਦਿਨ ਹੀ ਜਿੰਮ ਆਇਆ ਅਤੇ ਜਦੋਂ ਇਹ ਹਾਦਸਾ ਵਾਪਰਿਆ ਸੀ ਓਦੋਂ ਅਸੀਂ ਇਸ ਵਿਅਕਤੀ ਨੂੰ ਸਿੱਧਾ ਹਸਪਤਾਲ ਲੈ ਕੇ ਗਏ ਸੀ। ਹਸਪਤਾਲ ਪਰਤਣ ਤੋਂ ਬਾਅਦ ਅਸੀਂ ਇਸ ਵਿਅਕਤੀ ਦੇ ਪਰਿਵਾਰ ਨੂੰ ਬੁਲਾਇਆ ਅਤੇ ਬਾਅਦ ਵਿਚ ਪਰਿਵਾਰ ਵਾਲਿਆਂ ਨੇ ਸਾਂਨੂੰ ਜਾਣ ਵਾਸਤੇ ਕਹਿ ਦਿੱਤਾ ਸੀ।"

ਮਤਲਬ ਇਹ ਗੱਲ ਸਾਫ ਹੋਈ ਕਿ ਮਾਮਲਾ ਬੰਗਲੁਰੂ ਦੇ ਬੋਨਾਸ਼ਨਕਰੀ ਸਥਿਤ Gold Gym ਦਾ ਹੈ।

ਅਸੀਂ ਵਿਅਕਤੀ ਦੀ ਮੌਤ ਨੂੰ ਲੈ ਕੇ ਕਾਫੀ ਸਰਚ ਕੀਤੀ। ਸਾਨੂੰ ਆਪਣੀ ਸਰਚ ਦੌਰਾਨ ਇੱਕ ਟਵੀਟ ਦਾ ਜੁਆਬ ਮਿਲਿਆ ਜਿਸਦੇ ਵਿਚ ਇੱਕ ਯੂਜ਼ਰ ਨੇ ਦੱਸਿਆ ਹੈ ਕਿ ਇਹ ਵਿਅਕਤੀ ਜ਼ਿੰਦਾ ਹੈ। #YuVaN SUNDAR #THALA ਟਵਿੱਟਰ ਯੂਜ਼ਰ ਦੁਆਰਾ ਵਿਅਕਤੀ ਦੇ ਜਿਉਂਦੇ ਹੋਣ ਦੀ ਜਾਣਕਾਰੀ ਹੇਠਾਂ ਕਲਿਕ ਕਰ ਵੇਖੀ ਜਾ ਸਕਦੀ ਹੈ।

ਰੋਜ਼ਾਨਾ ਸਪੋਕਸਮੈਨ ਵੀਡੀਓ ਵਿਚ ਦਿੱਸ ਰਹੇ ਵਿਅਕਤੀ ਦੇ ਜ਼ਿੰਦਾ ਹੋਣ ਨੂੰ ਲੈ ਕੇ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਕਰਦਾ ਹੈ, ਪਰ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਵੀਡੀਓ ਵਿਚ ਸਿਧਾਰਥ ਸ਼ੁਕਲਾ ਨਹੀਂ ਹੈ, ਵੀਡੀਓ ਮੁੰਬਈ ਦਾ ਵੀ ਨਹੀਂ ਹੈ ਅਤੇ ਕੁਝ ਮੀਡੀਆ ਰਿਪੋਰਟਾਂ ਅਨੁਸਾਰ ਇਹ ਵਿਅਕਤੀ ਜ਼ਿੰਦਾ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਬੰਗਲੁਰੂ ਦੇ ਜਿੰਮ ਦੇ ਵੀਡੀਓ ਨੂੰ ਵੱਖ-ਵੱਖ ਗਲਤ ਦਾਅਵਿਆਂ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਵੀਡੀਓ ਵਿਚ ਸਿਧਾਰਥ ਸ਼ੁਕਲਾ ਨਹੀਂ ਹੈ, ਵੀਡੀਓ ਮੁੰਬਈ ਦਾ ਵੀ ਨਹੀਂ ਹੈ ਅਤੇ ਕੁਝ ਮੀਡੀਆ ਰਿਪੋਰਟਾਂ ਅਨੁਸਾਰ ਇਹ ਵਿਅਕਤੀ ਜ਼ਿੰਦਾ ਹੈ।