Fact Check - ਰੇਲਵੇ ਨਹੀਂ ਹੈ ਅਡਾਨੀ ਦੀ ਨਿੱਜੀ ਜਾਇਦਾਦ, ਵਾਇਰਲ ਤਸਵੀਰ ਨਾਲ ਕੀਤੀ ਗਈ ਹੈ ਛੇੜਛਾੜ

ਸਪੋਕਸਮੈਨ ਸਮਾਚਾਰ ਸੇਵਾ

Fact Check

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਤਸਵੀਰ ਵਿਚ ਕੀਤਾ ਦਾਅਵਾ ਫਰਜ਼ੀ ਪਾਇਆ ਹੈ

Fact Check: No, Indian Railways Is Not Owned By Adani Wilmar

ਰੋਜ਼ਾਨਾ ਸਪੋਕਸਮੈਨ (ਮੁਹਾਲੀ ਟੀਮ) - ਕਿਸਾਨ ਅੰਦੋਲਨ ਦੇ ਚੱਲਦੇ ਅਡਾਨੀ ਤੇ ਅੰਬਾਨੀ ਨੂੰ ਕਾੜੀ ਟਾਰਗੇਟ ਕੀਤਾ ਜਾ ਰਿਹਾ ਹੈ। ਇਸ ਸਭ ਦੇ ਚਲਦੇ ਰੇਲਵੇ ਪਲੇਟਫਾਰਮ ਦਾ ਇਕ ਟਿਕਟ ਵਾਇਰਲ ਹੋ ਰਿਹਾ ਹੈ। ਜਿਸ ਵਿਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਹੁਣ ਰੇਲਵੇ ਵੀ ਅਡਾਨੀ ਦੀ ਆਪਣੀ ਨਿੱਜੀ ਜਾਇਦਾਦ ਬਣ ਗਈ ਹੈ ਤੇ ਉਹਨਾਂ ਨੇ ਨਾਲ ਹੀ ਟਿਕਟਾਂ ਦੀ ਕੀਮਤ ਵਧਾ ਦਿੱਤੀ ਹੈ।  

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਤਸਵੀਰ ਵਿਚ ਕੀਤਾ ਦਾਅਵਾ ਫਰਜ਼ੀ ਪਾਇਆ ਹੈ। ਇਸ ਤਸਵੀਰ ਨਾਲ ਛੇੜਛਾੜ ਕੀਤੀ ਗਈ ਹੈ। ਭਾਰਤੀ ਰੇਲਵੇ ਦੇ ਬੁਲਾਰੇ ਨੇ ਇਸ ਦਾਅਵੇ ਨੂੰ ਫਰਜੀ ਦੱਸਿਆ ਹੈ।

ਵਾਇਰਲ ਪੋਸਟ ਦਾ ਦਾਅਵਾ 
ਫੇਸਬੁੱਕ ਪੇਜ਼ Balvindar Harbhajan Singh ਨੇ 30 ਦਸੰਬਰ ਨੂੰ As Muhabatpur ਨਾਮ ਦੇ ਯੂਜ਼ਰ ਦੀ ਪੋਸਟ ਸ਼ੇਅਰ ਕੀਤੀ ਜਿਸ ਵਿਚ ਲਿਖਿਆ ਹੋਇਆ ਸੀ, ''ਬੇਸ਼ਰਮ ਮੋਦੀ ਦੀ ਵਜ੍ਹਾ ਕਰ ਕੇ ਦੇਸ਼ ਵਾਸੀਆਂ ਦੀ ਰੇਲਵੇ ਅਡਾਨੀ ਦੀ ਨਿੱਜੀ ਜਾਇਦਾਦ ਬਣ ਗਈ ਹੈ।'' ਇਸ ਪੋਸਟ ਵਿਚ ਇੱਕ ਪਲੇਟਫਾਰਮ ਟਿਕਟ ਦਾ ਸਕ੍ਰੀਨਸ਼ੋਟ ਹੈ ਜਿਸਦੇ ਵਿਚ ਸਬਤੋਂ ਉੱਤੇ ਲਿਖਿਆ ਹੈ "ਰੇਲਵੇ ਹੁਣ ਅਡਾਨੀ ਦੀ ਨਿਜੀ ਸੰਪਤੀ ਬਣ ਗਈ ਹੈ।"

ਵਾਇਰਲ ਪੋਸਟ ਦਾ ਅਰਕਾਇਵਰਡ ਲਿੰਕ 

ਸਪੋਕਸਮੈਨ ਦੀ ਪੜਤਾਲ 
ਸਪੋਕਸਮੈਨ ਨੇ ਪਹਿਲਾਂ ਇਸ ਵਾਇਰਲ ਤਸਵੀਰ ਦਾ ਗੂਗਲ ਰਿਵਰਸ ਇਮੇਜ ਕੀਤਾ ਤਾਂ ਸਾਨੂੰ ਕਈ ਅਜਿਹੇ ਲਿੰਕ ਮਿਲੇ ਜਿਸ ਵਿਚ ਵਾਇਰਲ ਤਸਵੀਰ ਮੌਜੂਦ ਸੀ, ਇਸ ਦੇ ਨਾਲ ਹੀ ਕਈ ਲਿੰਕ ਅਜਿਹੇ ਵੀ ਸਨ ਜਿਨ੍ਹਾਂ ਵਿਚ ਵਾਇਰਲ ਟਿਕਟ ਨਾਲ ਮੇਲ ਖਾਂਦੀ ਟਿਕਟ ਸੀ ਪਰ ਉਸ ਉੱਪਰ 'ਅਡਾਨੀ ਰੇਲਵੇ', ਜਾਂ ਰੇਲਵੇ ਗਰੁੱਪ ਦੀ ਨਿੱਜੀ ਸੰਪਤੀ ਹੋਣ ਵਰਗੀ ਕੋਈ ਗੱਲ ਨਹੀਂ ਲਿਖੀ ਸੀ। ਇਸ ਨਾਲ ਇਹ ਸਾਬਿਤ ਹੋ ਗਿਆ ਹੈ ਕਿ ਵਾਇਰਲ ਟਿਕਟ ਨਾਲ ਛੇੜਛਾੜ ਕੀਤੀ ਗਈ ਹੈ।

ਹੋਰ ਸਰਚ ਕਰਨ 'ਤੇ ਸਾਨੂੰ policenama.com ਦਾ ਇਕ ਲਿੰਕ ਮਿਲਿਆ ਜਿਸ ਵਿਚ ਟਿਕਟ ਦੀ ਸਹੀ ਤਸਵੀਰ ਪ੍ਰਕਾਸ਼ਿਤ ਕੀਤੀ ਗਈ ਸੀ। ਇਸ ਆਰਟੀਕਲ ਵਿਚ Spokesperson Railways ਨਾਮ ਦੇ ਟਵਿੱਟਰ ਹੈਂਡਲ ਦਾ ਇਕ ਟਵੀਟ ਵੀ ਸੀ, ਜਿਸ ਵਿਚ ਰੇਲਵੇ ਟਿਕਟ ਦੀ ਅਸਲ ਤਸਵੀਰ ਸ਼ੇਅਰ ਕਰ ਕੇ ਕੈਪਸ਼ਨ ਲਿਖ ਕੇ ਟਿਕਟਾਂ ਦੇ ਵਧਾਏ ਰੇਟ ਦਾ ਕਾਰਨ ਵੀ ਦੱਸਿਆ। ਕੈਪਸ਼ਨ ਵਿਚ ਲਿਖਿਆ ਗਿਆ, ''पुणे जंक्शन द्वारा प्लेटफार्म टिकट का मूल्य 50 रखने का उद्देश्य अनावश्यक रूप से स्टेशन पर आने वालों पर रोक लगाना है जिस से सोशल डिसटेनसिंग का पालन किया जा सके। रेलवे प्लेटफार्म टिकट की दरों को कोरोना महामारी के शुरुआती दिनों से ही इसी प्रकार नियंत्रित करता आया है।''

ਹੋਰ ਪੁਸ਼ਟੀ ਕਰਨ ਲਈ ਅਸੀਂ ਰੇਲਵੇ ਦੇ ਬੁਲਾਰੇ ਧਰਮਿੰਦਰ ਜੈਨ ਨਰਾਇਣ ਨਾਲ ਗੱਲਬਾਤ ਕੀਤੀ। ਸਾਡੇ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਇਸ ਵਾਇਰਲ ਪੋਸਟ ਨੂੰ ਫਰਜੀ ਦੱਸਿਆ। ਉਹਨਾਂ ਨੇ ਵਟਸਐੱਪ ਦੇ ਜਰੀਏ ਸਾਨੂੰ ਵੀਡੀਓ ਵੀ ਸ਼ੇਅਰ ਕੀਤਾ ਜਿਸ ਵਿਚ ਇਕ ਟ੍ਰੇਨ 'ਤੇ ਸਾਨੂੰ ਅਡਾਨੀ ਵਿਲਮਰ ਲਿਖਿਆ ਹੋਇਆ ਮਿਲਿਆ, ਜੋ ਕਿ ਸਿਰਫ਼ ਇਕ ਵਿਗਿਆਪਨ ਸੀ। ਧਰਮਿੰਦਰ ਸਿੰਘ ਨੇ ਦੱਸਿਆ ਕਿ ਰੇਲਵੇ ਕਿਸੇ ਵੀ ਤਰ੍ਹਾਂ ਦੀ ਇਸ਼ਿਤਿਹਾਰਬਾਜ਼ੀ ਕਰਨ ਦੀ ਆਗਿਆ ਦਿੰਦਾ ਹੈ ਤੇ ਕੋਈ ਵੀ ਕੰਪਨੀ ਆਪਣੇ ਪ੍ਰੋਡਕਟ ਜਾਂ ਕਿਸੇ ਵੀ ਤਰ੍ਹਾਂ ਦਾ ਇਸ਼ਿਤਿਹਾਰ ਦੇ ਸਕਦੀ ਹੈ। ਸੋ ਇਸ ਤੋਂ ਸਾਬਿਤ ਹੋਇਆ ਕਿ ਰੇਲਵੇ ਨੂੰ ਅੰਡਾਨੀ ਦੀ ਨਿੱਜੀ ਜਾਇਦਾਦ ਕਹਿਣ ਵਾਲਾ ਦਾਅਵਾ ਫਰਜ਼ੀ ਹੈ।

ਨਤੀਜਾ - ਵਾਇਰਲ ਟਿਕਟ ਨਾਲ ਛੇੜਛਾੜ ਕੀਤੀ ਗਈ ਹੈ, ਰੇਲਵੇ ਦੀ ਅਸਲ ਟਿਕਟ ਉੱਪਰ 'ਅਡਾਨੀ ਰੇਲਵੇ', ਜਾਂ ਰੇਲਵੇ ਗਰੁੱਪ ਦੀ ਨਿੱਜੀ ਸੰਪਤੀ ਹੋਣ ਵਰਗੀ ਕੋਈ ਗੱਲ ਨਹੀਂ ਲਿਖੀ ਹੈ। ਰੇਲਵੇ ਟਿਕਟ ਦੀ ਕੀਮਤ ਵੀ ਕੋਰੋਨਾ ਮਹਾਂਮਾਰੀ ਵਿਚ ਦੂਰੀ ਬਣਾਏ ਰੱਖਣ ਲਈ ਵਧਾਈ ਗਈ ਸੀ।
Claim- ਰੇਲਵੇ ਵੀ ਅਡਾਨੀ ਦੀ ਆਪਣੀ ਨਿੱਜੀ ਜਾਇਦਾਦ ਬਣ ਗਈ ਹੈ 
Claimed By - Facebook User Balvindar Harbhajan Singh 
Fact Check - ਫਰਜ਼ੀ