Fact Check News: ਈਸਾਈ ਧਾਰਮਿਕ ਰੈਲੀ ਦਾ ਇਹ ਵੀਡੀਓ ਪੰਜਾਬ ਦਾ ਨਹੀਂ ਹੈ- Fact Check ਰਿਪੋਰਟ

ਸਪੋਕਸਮੈਨ ਸਮਾਚਾਰ ਸੇਵਾ

Fact Check

Fact Check News: ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਹੈ ਅਤੇ ਇਹ ਪੰਜਾਬ ਦਾ ਵੀ ਨਹੀਂ ਹੈ।

Fact Check News

Claim 

ਸੋਸ਼ਲ ਮੀਡੀਆ ‘ਤੇ ਈਸਾਈ ਧਾਰਮਿਕ ਰੈਲੀ ਦਾ ਇੱਕ ਵੀਡੀਓ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਵਿਚ ਈਸਾਈ ਧਰਮ ਪਰਿਵਰਤਨ ਲਹਿਰ ਆਪਣੇ ਚਰਮ 'ਤੇ ਹੈ। ਇਸ ਵਾਇਰਲ ਵੀਡੀਓ ‘ਚ ਇਕ ਵਿਅਕਤੀ ਕਰਾਸ ਚੁੱਕੀ ਨਜ਼ਰ ਆ ਰਿਹਾ ਹੈ ਅਤੇ ਇਸ ਦੌਰਾਨ ਕੁਝ ਲੋਕ ਉਸ ਨੂੰ ਕੋੜੇ ਮਾਰ ਰਹੇ ਹਨ। ਇਸ ਰੈਲੀ 'ਚ ਸ਼ਾਮਲ ਭੀੜ ਦੇ ਹੱਥਾਂ 'ਚ ਤਖ਼ਤੀਆਂ ਨਜ਼ਰ ਆ ਰਹੀਆਂ ਹਨ ਜਿਸ 'ਚ ਯਿਸੂ ਮਸੀਹ ਨਾਲ ਸਬੰਧਤ ਵਿਚਾਰ ਲਿਖੇ ਹੋਏ ਹਨ।

ਟਵਿੱਟਰ 'ਤੇ ਯੋਗੀ ਦੇਵਨਾਥ ਨਾਂਅ ਦੇ ਅਕਾਊਂਟ ਨੇ ਇਹ ਵੀਡੀਓ ਸਾਂਝਾ ਕੀਤਾ ਅਤੇ ਦਾਅਵਾ ਕੀਤਾ ਕਿ ਪੰਜਾਬ ਵਿਚ ਈਸਾਈ ਧਰਮ ਪਰਿਵਰਤਨ ਲਹਿਰ ਆਪਣੇ ਚਰਮ 'ਤੇ ਹੈ। ਯੂਜ਼ਰ ਨੇ ਪੰਜਾਬ 'ਚ ਸਾਬਕਾ ਕਾਂਗਰਸ ਸਾਸ਼ਨ ਕਾਲ 'ਤੇ ਨਿਸ਼ਾਨੇ ਸਾਧੇ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਹੈ ਅਤੇ ਇਹ ਪੰਜਾਬ ਦਾ ਵੀ ਨਹੀਂ ਹੈ। ਇਹ ਵੀਡੀਓ ਪਿਛਲੇ ਸਾਲ ਮਾਰਚ 2024 ਦਾ ਹੈ ਅਤੇ ਜੰਮੂ ਦਾ ਹੈ। ਇਹ ਵੀਡੀਓ ਗੁੱਡ ਫਰਾਈਡੇ ਦੇ ਜਲੂਸ ਦਾ ਹੈ।

Investigation 

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭ ਤੋਂ ਪਹਿਲਾਂ ਇਸ ਵੀਡੀਓ ਵਿਚ ਦਿੱਸ ਰਹੀਆਂ ਦੁਕਾਨਾਂ ਦੇ ਨਾਂਅ ਅਤੇ ਦਿੱਸ ਰਹੇ ਸਿੰਬਲ ਆਦਿ ਨੂੰ ਧਿਆਨ ਨਾਲ ਵੇਖਿਆ। ਅਸੀਂ ਪਾਇਆ ਕਿ ਸੜਕ ਦੇ ਕਿਨਾਰੇ ਇੱਕ ਦੁਕਾਨ ‘ਤੇ ਅੰਗਰੇਜ਼ੀ 'ਚ “ਗੁਲਾਮ ਰਸੂਲ ਐਂਡ ਸਨਜ਼” ਲਿਖਿਆ ਹੋਇਆ ਸੀ।

ਅਸੀਂ ਇਸ ਨਾਂਅ ਨੂੰ ਗੂਗਲ ਸਰਚ ਕੀਤਾ ਅਤੇ ਪਾਇਆ ਕਿ ਇਹ ਦੁਕਾਨ ਜੰਮੂ-ਕਸ਼ਮੀਰ 'ਚ ਹੈ।

ਇਸ ਜਾਣਕਾਰੀ ਨੂੰ ਧਿਆਨ 'ਚ ਰੱਖਦਿਆਂ ਅਸੀਂ ਇਸ ਜਲੂਸ ਬਾਬਤ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਅਸੀਂ ਪਾਇਆ ਕਿ ਇਹ ਵੀਡੀਓ ਮਾਰਚ 2024 ਦਾ ਹੈ।

ਸਾਨੂੰ ਰੈਲੀ ਬਾਬਤ ਆਉਟਲੁੱਕ ‘ਤੇ 29 ਮਾਰਚ 2024 ਨੂੰ ਪ੍ਰਕਾਸ਼ਿਤ ਰਿਪੋਰਟ ਮਿਲੀ। ਇਸ ਰਿਪੋਰਟ 'ਚ ਵਾਇਰਲ ਵੀਡੀਓ ਨਾਲ ਸਬੰਧਤ ਦ੍ਰਿਸ਼ ਵੀ ਸਨ। ਰਿਪੋਰਟ 'ਚ ਇਸ ਨੂੰ ਜੰਮੂ-ਕਸ਼ਮੀਰ 'ਚ ਗੁੱਡ ਫਰਾਈਡੇ ਅਤੇ ਈਸਟਰ ਦੇ ਮੌਕੇ ‘ਤੇ ਈਸਾਈਆਂ ਦੁਆਰਾ ਕੱਢਿਆ ਗਿਆ ਜਲੂਸ ਦੱਸਿਆ ਗਿਆ ਸੀ।

https://www.outlookindia.com/national/christians-across-globe-attend-mock-crucifixions-to-mark-good-friday-in-pics

ਜਾਂਚ ਦੌਰਾਨ, ਸਾਨੂੰ ਯੂਟਿਊਬ ਪੋਰਟਲ 'ਤੇ 27 ਮਾਰਚ 2024 ਦਾ ਅਪਲੋਡ ਇਸ ਰੈਲੀ ਦਾ ਵੀਡੀਓ ਮਿਲਿਆ। ਇਸ ਵੀਡੀਓ 'ਚ ਵਾਇਰਲ ਵੀਡੀਓ ਦੇ ਦ੍ਰਿਸ਼ ਦੇਖੇ ਜਾ ਸਕਦੇ ਸਨ। ਮੌਜੂਦ ਜਾਣਕਾਰੀ ਅਨੁਸਾਰ ਇਸ ਨੂੰ ਜੰਮੂ ‘ਚ ਗੁੱਡ ਫਰਾਈਡੇ ਦੇ ਮੌਕੇ ‘ਤੇ ਕੱਢਿਆ ਗਿਆ ਜਲੂਸ ਦੱਸਿਆ ਗਿਆ ਹੈ।


Conclusion

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਹੈ ਅਤੇ ਇਹ ਪੰਜਾਬ ਦਾ ਵੀ ਨਹੀਂ ਹੈ। ਇਹ ਵੀਡੀਓ ਪਿਛਲੇ ਸਾਲ ਮਾਰਚ 2024 ਦਾ ਹੈ ਅਤੇ ਜੰਮੂ ਦਾ ਹੈ। ਇਹ ਵੀਡੀਓ ਗੁੱਡ ਫਰਾਈਡੇ ਦੇ ਜਲੂਸ ਦਾ ਹੈ।

Our Sources 

News Article Published By Outlook On 29th March 2024

Youtube Video Published By News JK On 27th March 2024