ਤੱਥ ਜਾਂਚ: ਪੁਲਿਸ ਨੇ ਸਰਕਾਰ ਖਿਲਾਫ਼ ਹੋਣ ਕਰਕੇ ਨਹੀਂ,ਕਿਸਾਨਾਂ ਨੂੰ ਸਮਝਾਉਣ ਲਈ ਕੀਤੀ ਸੀ ਨਾਅਰੇਬਾਜ਼ੀ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵੀਡੀਓ ਸਬੰਧੀ ਕੀਤਾ ਗਿਆ ਦਾਅਵਾ ਫਰਜ਼ੀ ਪਾਇਆ ਹੈ।
ਰੋਜ਼ਾਨਾ ਸਪੋਕਸਮੈਨ ( ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਕਿਸਾਨ ਅੰਦੋਲਨ ਨੂੰ ਲੈ ਕੇ ਅਫਵਾਹਾਂ ਫੈਲਾਉਣ ਦਾ ਦੌਰ ਲਗਾਤਾਰ ਜਾਰੀ ਹੈ। ਇਸੇ ਦੌਰਾਨ ਪੁਲਿਸ ਕਰਮਚਾਰੀਆਂ ਦੇ ਇਕੱਠ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਇਕ ਪੁਲਿਸ ਅਧਿਕਾਰੀ ਨੂੰ ਜੈ ਜਵਾਨ, ਜੈ ਕਿਸਾਨ ਦੇ ਨਾਅਰੇ ਲਗਾਉਂਗੇ ਹੋਏ ਸੁਣਿਆ ਜਾ ਸਕਦਾ ਹੈ। ਵੀਡੀਓ ਸਬੰਧੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਦਿੱਲੀ ਪੁਲਿਸ ਨੇ ਕਿਸਾਨਾਂ ਦੇ ਸਮਰਥਨ ਵਿਚ ਨਾਅਰੇ ਲਗਾਏ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵੀਡੀਓ ਸਬੰਧੀ ਕੀਤਾ ਗਿਆ ਦਾਅਵਾ ਫਰਜ਼ੀ ਪਾਇਆ ਹੈ। ਦਿੱਲੀ ਪੁਲਿਸ ਦੇ ਅਧਿਕਾਰੀ ਨੇ "ਜੈ ਜਵਾਨ, ਜੈ ਕਿਸਾਨ" ਦੇ ਨਾਅਰੇ ਲਾ ਕੇ ਉਨ੍ਹਾਂ ਕਿਸਾਨਾਂ ਨੂੰ ਜਾਗਰੂਕ ਕੀਤਾ ਜਿਹੜੇ ਆਪਣੇ ਤੈਅ ਰਸਤੇ ਤੋਂ ਵੱਖ ਹੋ ਕੇ ਰੈਲੀ ਕੱਢ ਰਹੇ ਸੀ।
ਵਾਇਰਲ ਦਾਅਵਾ
ਟਵਿੱਟਰ ਯੂਜ਼ਰ Gautam Singh ਨੇ 31 ਜਨਵਰੀ ਨੂੰ ਵਾਇਰਲ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ, ''पुलिस अधिकारी को भाजपा की किसानो के खिलाफ साजिश पता चलते ही उसका जमीर जाग गया और किसानो के खिलाफ एक्शन लेने से फाॅर्स को मना करते हुए और किसानो के समर्थन में नारे लगवाते देखा गया है। स्थिति को भांप कर प्रशासन ने गाजीपुर बॉर्डर से पुलिस बल हटा लिया बिकाऊ मीडिया नहीं दिखाएगा''
ਵਾਇਰਲ ਪੋਸਟ ਦਾ ਅਰਕਾਇਵਰਡ ਲਿੰਕ
ਸਪੋਕਸਮੈਨ ਦੀ ਪੜਤਾਲ
ਪੜਤਾਲ ਸ਼ੁਰੂ ਕਰਨ ਦੌਰਾਨ ਅਸੀਂ ਸਭ ਤੋਂ ਪਹਿਲਾਂ ਵਾਇਰਲ ਵੀਡੀਓ ਸਬੰਧੀ ਕੁੱਝ ਕੀਵਰਡ ਸਰਚ ਕੀਤ, ਜਿਸ ਦੌਰਾਨ ਸਾਨੂੰ timesofindia.indiatimes.com ਦੀ ਇਕ ਰਿਪੋਰਟ ਮਿਲੀ। ਇਹ ਰਿਪੋਰਟ 27 ਜਨਵਰੀ 2021 ਦੀ ਸੀ। ਇਸ ਰਿਪੋਰਟ ਵਿਚ ਵੀ ਵਾਇਰਲ ਵੀਡੀਓ ਮੌਜੂਦ ਸੀ। ਰਿਪੋਰਟ ਦੀ ਹੈੱਡਲਾਈਨ ਸੀ, ''Viral video: Delhi cops chant 'jai jawan, jai kisan' to urge farmers to get back on designated route''
ਰਿਪੋਰਟ ਵਿਚ ਅਪਲੋਡ ਕੀਤੀ ਵੀਡੀਓ ਦੀ ਸ਼ੁਰੂਆਤ ਵਿਚ ਹੀ ਇਕ ਪੱਤਰਕਾਰ ਵਾਇਰਲ ਵੀਡੀਓ ਵਿਚ ਜੋ ਪੁਲਿਸ ਅਧਿਕਾਰੀ ਨਾਅਰੇ ਲਗਾ ਰਿਹਾ ਹੈ, ਉਸ ਦਾ ਨਾਮ ਜੁਆਇਟ ਕਮਿਸ਼ਨਰ ਐੱਸਐੱਸ ਯਾਦਵ ਦੱਸ ਰਿਹਾ ਹੈ। ਰਿਪੋਰਟ ਅਨੁਸਾਰ ਕਮਿਸ਼ਨਰ ਯਾਦਵ 26 ਜਨਵਰੀ ਨੂੰ ਹੋਈ ਕਿਸਾਨ ਟਰੈਕਟਰ ਰੈਲੀ ਦੌਰਾਨ ਕਿਸਾਨਾਂ ਨੂੰ ਅਪੀਲ ਕਰ ਰਹੇ ਹਨ ਕਿ ਕਿਸਾਨ ਤੈਅ ਰੂਟ ਤੋਂ ਹੀ ਰਸਤਾ ਪਾਰ ਕਰਨ।
ਵੀਡੀਓ ਵਿਚ ਪੁਲਿਸ ਅਧਿਕਾਰੀ ਕਹਿ ਰਿਹਾ ਹੈ, ''ਇਹਨਾਂ ਨੂੰ ਸ਼ਾਂਤੀ ਨਾਲ ਸਮਝਾਓ ਨਹੀਂ ਤਾਂ ਇਹ ਸਾਡੇ ਉੱਪਰ ਚੜ੍ਹ ਜਾਣਗੇ। ਇਸ ਤੋਂ ਬਾਅਦ ਸਾਰੇ ਪੁਲਿਸ ਅਧਿਕਾਰੀ ਜੈ ਜਵਾਨ, ਜੈ ਕਿਸਾਨ ਦੇ ਨਾਅਰ ਲਗਾਉਣ ਲੱਗ ਜਾਂਦੇ ਹਨ। ਰਿਪੋਰਟ ਅਨੁਸਾਰ ਇਹ ਵੀਡੀਓ ਮੁਕਰਬਾ ਚੌਕ ਦਾ ਹੈ।
ਸਾਨੂੰ ਆਪਣੀ ਸਰਚ ਦੌਰਾਨ ਆਈਪੀਐੱਸ ਅਧਿਕਾਰੀ Arun Bothra ਦਾ ਇਕ ਟਵੀਟ ਮਿਲਿਆ ਜਿਨ੍ਹਾਂ ਨੇ ਪੱਤਰਕਾਰ ਅਦਿੱਤਿਆ ਰਾਜ ਕੌਲ ਦਾ ਵਾਇਰਲ ਵੀਡੀਓ ਵਾਲਾ ਟਵੀਟ ਕੋਟ ਕਰ ਕੇ ਇਕ ਟਵੀਟ ਕੀਤਾ। ਬੋਥਰਾ ਨੇ ਆਪਣੇ ਟਵੀਟ ਵਿਚ ਸੁਰਿੰਦਰ ਸਿੰਘ ਯਾਦਵ ਨੂੰ ਟੈਗ ਕਰ ਕੇ ਉਹਨਾਂ ਨੂੰ ਇਕ ਕਿਸਾਨ ਦਾ ਬੇਟਾ ਦੱਸਿਆ। ਬੋਥਰਾ ਨੇ ਸੁਰਿੰਦਰ ਸਿੰਘ ਨੂੰ ਇੱਕ ਸ਼ਾਨਦਾਰ ਅਧਿਕਾਰੀ ਅਤੇ ਹਮੇਸ਼ਾ ਨਿਆਂ ਲਈ ਲੜਨ ਵਾਲਾ ਵਿਅਕਤੀ ਦੱਸਿਆ। ਉਹਨਾਂ ਯਾਦਵ ਨੂੰ ਆਪਣਾ ਬੈਚਮੇਟ ਵੀ ਦੱਸਿਆ ਹੈ।
ਦੱਸ ਦਈਏ ਕਿ ਜਿਸ ਪੱਤਰਕਾਰ ਦਾ ਟਵੀਟ ਬੋਥਰਾ ਨੇ ਕੋਟ ਕੀਤਾ ਹੈ ਉਹਨਾਂ ਨੇ ਵੀ ਵਾਇਰਲ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ ਸੀ ਕਿ ''ਦਿੱਲੀ ਪੁਲਿਸ ਦੇ ਮੁਲਾਜ਼ਮ ਨੇ "ਜੈ ਹਿੰਦ, ਜੈ ਜਵਾਨ, ਜੈ ਕਿਸਾਨ" ਦੇ ਨਾਅਰੇ ਲਾ ਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਤਾਂ ਜੋ ਕਿਸਾਨ ਆਪਣੇ ਤੇਯ ਰਸਤੇ ਤੋਂ ਵੱਖ ਨਾ ਹੋਣ ਅਤੇ ਹਿੰਸਾ ਨਾ ਕਰਨ। ਇਸ ਅਧਿਕਾਰੀ ਨੂੰ ਉਸਦੇ ਸਬਰ, ਸੰਜਮ ਅਤੇ ਮਨ ਦੀ ਮੌਜੂਦਗੀ ਲਈ ਸਲਾਮ!
ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਪੁਲਿਸ ਅਧਿਕਾਰੀਆਂ ਨੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਜੈ ਜਵਾਨ ਜੈ ਕਿਸਾਨ ਦੇ ਨਾਅਰੇ ਲਗਾਏ ਸਨ ਕਿਉਂਕਿ ਕਿਸਾਨ ਆਪਣੇ ਤੈਅ ਰਸਤੇ ਤੋਂ ਵੱਖ ਹੋ ਕੇ ਰੈਲੀ ਕੱਢ ਰਹੇ ਸੀ।
Claim - ਪੁਲਿਸ ਕਰਮਚਾਰੀਆਂ ਨੂੰ ਸਰਕਾਰ ਦੀ ਕਿਸਾਨਾਂ ਖਿਲਾਫ਼ ਕੀਤੀ ਸਾਜਿਸ਼ ਦਾ ਪਤਾ ਚੱਲਣ ਤੋਂ ਬਾਅਦ ਪੁਲਿਸ ਅਧਿਕਾਰੀ ਨੇ ਲਗਾਏ ਕਿਸਾਨਾਂ ਦੇ ਹੱਕ ਵਿਚ ਨਾਅਰੇ
Claimed By - ਟਵਿੱਟਰ ਯੂਜ਼ਰ Gautam Singh
fact Check - ਫਰਜ਼ੀ