ਤੱਥ ਜਾਂਚ: ਹਰਿਆਣਾ ਦੇ ਕਿਸਾਨਾਂ ਨੇ CM ਖੱਟੜ 'ਤੇ ਕੀਤਾ ਹਮਲਾ? ਨਹੀਂ, ਵਾਇਰਲ ਤਸਵੀਰ ਪੁਰਾਣੀ ਹੈ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ।
ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਤਸਵੀਰ ਵਿਚ ਹਰਿਆਣਾ ਦੇ CM ਮਨੋਹਰ ਲਾਲ ਖੱਟੜ ਦੇ ਮੂੰਹ 'ਤੇ ਲਾਲ ਦਾਗ ਦੇਖੇ ਜਾ ਸਕਦੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਵਿਚ ਭਾਜਪਾ ਲੀਡਰ 'ਤੇ ਹਮਲਾ ਹੋਣ ਦੇ ਬਾਅਦ ਹੁਣ ਹਰਿਆਣਾ ਦੇ ਕਿਸਾਨਾਂ ਨੇ CM ਖੱਟੜ 'ਤੇ ਹਮਲਾ ਕੀਤਾ ਹੈ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਜਿਹੜੀ ਤਸਵੀਰ ਦਾ ਇਸ ਪੋਸਟ ਵਿਚ ਇਸਤੇਮਾਲ ਕੀਤਾ ਗਿਆ ਹੈ ਉਹ ਅਸਲ ਵਿਚ ਮਈ 2018 ਦੀ ਹੈ ਅਤੇ ਇਸ ਦਾ ਹਾਲੀਆ ਕਿਸਾਨ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ।
ਵਾਇਰਲ ਪੋਸਟ
ਫੇਸਬੁੱਕ ਯੂਜ਼ਰ ਗੁਰਸੇਵਕ ਸਿੰਘ ਭਾਣਾ ਨੇ ਵਾਇਰਲ ਤਸਵੀਰ ਨੂੰ ਅਪਲੋਡ ਕਰਦਿਆਂ ਲਿਖਿਆ, "ਹਰਿਆਣੇ ਵਾਲਿਓ ਜਿਉਂਦੇ ਰਹੋ ਪੰਜਾਬ ਵਾਲਿਆਂ ਛੋਟਾ ਜਿਹਾ ਲੀਡਰ ਨੰਗਾ ਕੀਤੀ ਸੀ ਤੁਸੀਂ ਤਾਂ ਖੱਟੜ ਵੀ ਲਾਲ ਕਰ ਦਿੱਤਾ"
ਵਾਇਰਲ ਪੋਸਟ ਦਾ ਫੇਸਬੁੱਕ ਅਤੇ ਆਰਕਾਇਵਡ ਲਿੰਕ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਤਸਵੀਰਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। CM ਮਨੋਹਰ ਲਾਲ ਖੱਟਰ ਦੀ ਤਸਵੀਰ ਸਾਨੂੰ ਕਈ ਪੁਰਾਣੀਆਂ ਖਬਰਾਂ ਵਿਚ ਮਿਲੀ। ਅਮਰ ਉਜਾਲਾ ਨੇ ਇਸ ਤਸਵੀਰ ਨੂੰ 19 ਮਈ 2018 ਨੂੰ ਪ੍ਰਕਾਸ਼ਿਤ ਕਰਦਿਆਂ ਖਬਰ ਦਾ ਸਿਰਲੇਖ ਲਿਖਿਆ, "CM खट्टर पर फेंका काला तेल, जाट आरक्षण जिंदाबाद के नारे लगाए, काले झंडे दिखाए"
ਖਬਰ ਅਨੁਸਾਰ ਮਾਮਲਾ ਮਈ 2018 ਦਾ ਹੈ ਜਦੋਂ ਹਿਸਾਰ ਵਿਚ ਇੱਕ ਰੈਲੀ ਦੌਰਾਨ ਜਾਟ ਆਰਕਸ਼ਣ ਨੂੰ ਲੈ ਕੇ CM ਮਨੋਹਰ ਲਾਲ ਖੱਟੜ 'ਤੇ ਕਾਲਾ ਤੇਲ ਸੁੱਟਿਆ ਗਿਆ ਸੀ। ਮਤਲਬ ਸਾਫ਼ ਸੀ ਕਿ ਵਾਇਰਲ ਤਸਵੀਰ ਹਾਲੀਆ ਨਹੀਂ ਹੈ ਅਤੇ ਨਾ ਹੀ ਇਸ ਤਸਵੀਰ ਦਾ ਹਾਲੀਆ ਕਿਸਾਨ ਸੰਘਰਸ਼ ਨਾਲ ਕੋਈ ਸਬੰਧ ਹੈ।
ਪੋਸਟ ਵਿਚ ਇਸਤੇਮਾਲ ਕੀਤੀ ਗਈ ਦੂਜੀ ਤਸਵੀਰ
ਦੂਜੀ ਤਸਵੀਰ ਬਾਰੇ ਸਰਚ ਕਰਨ 'ਤੇ ਸਾਨੂੰ ਪੰਜਾਬੀ ਟ੍ਰਿਬਿਊਨ ਦੀ ਖਬਰ ਵਿਚ ਬਜ਼ੁਰਗ ਦੀ ਵੱਖਰੀ ਤਸਵੀਰ ਮਿਲੀ। ਦੱਸ ਦਈਏ ਕਿ ਇਹ ਤਸਵੀਰ ਹਾਲੀਆ ਕਿਸਾਨ ਸੰਘਰਸ਼ ਨਾਲ ਸਬੰਧ ਰੱਖਦੀ ਹੈ। ਤਸਵੀਰ ਵਿਚ ਦਿਖ ਰਿਹਾ ਬੁਜ਼ੁਰਗ ਰੋਹਤਕ ਵਿਚ CM ਮਨੋਹਰ ਲਾਲ ਖੱਟੜ ਦਾ ਵਿਰੋਧ ਕਰ ਰਹੇ ਲੋਕਾਂ ਵਿਚ ਸ਼ਾਮਲ ਸੀ ਅਤੇ ਪੁਲਿਸ ਨਾਲ ਝੜਪ ਕਰਕੇ ਬੁਜ਼ੁਰਗ ਜਖ਼ਮੀ ਹੋਇਆ ਹੈ। ਇਹ ਮਾਮਲਾ ਅੱਜ (3 ਮਾਰਚ 2021) ਦਾ ਹੈ ਅਤੇ ਮਾਮਲੇ ਨੂੰ ਲੈ ਕੇ ਟ੍ਰਿਬਿਊਨ ਦੀ ਖਬਰ ਹੇਠਾਂ ਕਲਿਕ ਕਰ ਪੜ੍ਹੀ ਜਾ ਸਕਦੀ ਹੈ।
ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਜਿਹੜੀ ਤਸਵੀਰ ਦਾ ਇਸ ਪੋਸਟ ਵਿਚ ਇਸਤੇਮਾਲ ਕੀਤਾ ਗਿਆ ਹੈ ਉਹ ਅਸਲ ਵਿਚ ਮਈ 2018 ਦੀ ਹੈ ਅਤੇ ਇਸਦਾ ਹਾਲੀਆ ਕਿਸਾਨ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ।
Claim: ਹਰਿਆਣਾ ਦੇ ਕਿਸਾਨਾਂ ਨੇ CM ਖੱਟੜ 'ਤੇ ਹਮਲਾ ਕੀਤਾ ਹੈ
Claimed By: ਫੇਸਬੁੱਕ ਯੂਜ਼ਰ ਗੁਰਸੇਵਕ ਸਿੰਘ ਭਾਣਾ
Fact Check: ਫਰਜ਼ੀ