Fact Check: ਪਤੰਜਲੀ ਦੇ CEO ਆਚਾਰੀਆ ਬਾਲਕ੍ਰਿਸ਼ਨ ਦਾ ਪੁਰਾਣਾ ਵੀਡੀਓ ਵਾਇਰਲ

ਸਪੋਕਸਮੈਨ ਸਮਾਚਾਰ ਸੇਵਾ

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਹਾਲੀਆ ਨਹੀਂ ਬਲਕਿ 2 ਸਾਲ ਪੁਰਾਣਾ 2019 ਦਾ ਹੈ।

Fact Check: Old video of Patanjali's CEO Acharya Balakrishnan goes viral

Rozana Spokesman (Team Fact Check)- ਪਿਛਲੇ ਦਿਨਾਂ ਯੋਗ ਗੁਰੂ ਬਾਬਾ ਰਾਮਦੇਵ (Ramdev) ਵੱਲੋਂ ਐਲੋਪੈਥੀ ਅਤੇ ਡਾਕਟਰਾਂ ਦਾ ਮਜ਼ਾਕ  ਉਡਾਇਆ ਗਿਆ ਸੀ ਜਿਸ ਤੋਂ ਬਾਅਦ IMA ਵੱਲੋਂ ਰਾਮਦੇਵ ਖਿਲਾਫ ਸਖਤ ਰੋਸ ਕੀਤਾ ਗਿਆ। ਹੁਣ ਰਾਮਦੇਵ ਦੇ ਸਾਥੀ ਅਤੇ ਪਤੰਜਲੀ ਦੇ CEO ਆਚਾਰੀਆ ਬਾਲਕ੍ਰਿਸ਼ਨ ਦਾ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਉਹ ਹਸਪਤਾਲ ਵਿਚ ਗੰਭੀਰ ਹਾਲਤ ਵਿਚ ਭਰਤੀ ਹਨ ਅਤੇ ਡਾਕਟਰ ਉਨ੍ਹਾਂ ਦਾ ਇਲਾਜ ਕਰ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਆਚਾਰੀਆ ਬਾਲਕ੍ਰਿਸ਼ਨ ਨੂੰ ਜਦੋਂ ਦਿਲ ਦਾ ਦੌਰਾ ਪਿਆ ਤਾਂ ਇਲਾਜ ਲਈ ਸਿੱਧਾ ਉਸਨੂੰ ਹਸਪਤਾਲ ਦਾਖਲ ਕਰਵਾਇਆ ਗਿਆ।

ਵਾਇਰਲ ਵੀਡੀਓ ਨਾਲ ਬਾਬਾ ਰਾਮਦੇਵ 'ਤੇ ਤੰਜ਼ ਕੱਸਿਆ ਜਾ ਰਿਹਾ ਹੈ ਕਿ ਰਾਮਦੇਵ ਜਿਹੜਾ ਐਲੋਪੈਥੀ ਅਤੇ ਡਾਕਟਰਾਂ ਦਾ ਮਜ਼ਾਕ ਉਡਾਉਂਦਾ ਹੈ ਉਸਦੇ ਚੇਲੇ ਦਾ ਇਲਾਜ ਡਾਕਟਰਾਂ ਨੇ ਹੀ ਕੀਤਾ। ਕਈ ਸਾਰੇ ਯੂਜ਼ਰ ਵਾਇਰਲ ਵੀਡੀਓ ਨੂੰ ਹਾਲੀਆ ਦੱਸਕੇ ਸ਼ੇਅਰ ਕਰ ਰਹੇ ਹਨ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਹਾਲੀਆ ਨਹੀਂ ਬਲਕਿ 2 ਸਾਲ ਪੁਰਾਣਾ 2019 ਦਾ ਹੈ ਜਦੋਂ ਤਬੀਯਤ ਖਰਾਬ ਹੋਣ ਕਰਕੇ ਆਚਾਰੀਆ ਬਾਲਕ੍ਰਿਸ਼ਨ ਨੂੰ ਰਿਸ਼ੀਕੇਸ਼ ਦੇ AIIMS ਵਿਚ ਭਰਤੀ ਕਰਵਾਇਆ ਗਿਆ ਸੀ।

ਵਾਇਰਲ ਪੋਸਟ

ਫੇਸਬੁੱਕ ਯੂਜ਼ਰ "Pritam Singh Bhana" ਨੇ 29 ਮਈ 2021 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਰਾਮਦੇਵ, ਐਲੋਪੈਥੀ ਵਿਰੁੱਧ ਬਕਵਾਸ ਕਰ ਰਿਹਾ ਹੈ, ਆਹ, ਵੀਡਿਓ ਉਸ ਦੇ ਚੇਲੇ ਬਾਲਕ੍ਰਿਸ਼ਨ ਦੀ ਹੈ, ਜਦੋਂ ਉਸ ਨੂੰ ਦਿਲ ਦਾ ਦੌਰਾ ਪਿਆ ਤਾਂ ਆਯੁਰਵੈਦਿਕ ਅਚਾਰੀਆ ਦੇ ਸਾਰੇ ਫਾਰਮੂਲੇ ਫੇਲ੍ਹ ਹੋ ਗਏ। ਹੱਥਾਂ, ਪੈਰ੍ਹਾ ਦੇ ਤੋਤੇ ਰਾਮਦੇਵ ਦੇ ਤੋਤੇ ਉੱਡ ਗਏ, ਬਾਲਕ੍ਰਿਸ਼ਨ ਨੂੰ ਏਮਜ ਹਸਪਤਾਲ ਲੈ ਕੇ ਗਿਆ, ਡਾਕਟਰਾਂ ਅੱਗੇ ਅਰਜੋਈਆਂ ਕਰਦਾ ਫਿਰਦਾ ਸੀ, ਕਿ ਬਚਾ ਲਵੋ, ਬਚਾ ਲਵੋ, ਹੁਣ ਕਾਣਾ ਜਿਹਾ ਹਕੂਮਤੀ ਨਸ਼ੇ ਚ ਬਕਵਾਸ ਕਰਦਾ ਹੈ, ਐਲੋਪੈਥੀਕ ਡਾਕਟਰਾ ਖਿਲਾਫ਼ ਬੋਲਦਾ ਹੈ।।"

ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਇਸ ਮਾਮਲੇ ਨਾਲ ਜੁੜੀਆਂ ਕਈ ਪੁਰਾਣੀ ਖਬਰਾਂ ਮਿਲੀਆਂ। ਇਹ ਖਬਰਾਂ ਅਗਸਤ 2019 ਵਿਚ ਪ੍ਰਕਾਸ਼ਿਤ ਕੀਤੀ ਗਈਆਂ ਸਨ। 

ਸਾਨੂੰ ਅਗਸਤ 2019 ਵਿਚ Nedrick News ਦੇ ਅਧਿਕਾਰਿਕ Youtube ਚੈੱਨਲ 'ਤੇ ਮਾਮਲੇ ਨੂੰ ਲੈ ਕੇ ਖਬਰ ਮਿਲੀ। ਇਸ ਖਬਰ ਵਿਚ ਵਾਇਰਲ ਵੀਡੀਓ ਦਾ ਵੀ ਇਸਤੇਮਾਲ ਕੀਤਾ ਗਿਆ ਸੀ। 26 ਅਗਸਤ 2019 ਨੂੰ ਇਹ ਵੀਡੀਓ ਅਪਲੋਡ ਕਰਦਿਆਂ ਸਿਰਲੇਖ ਲਿਖਿਆ ਗਿਆ, "दर्द से तड़पते Acharya Balkrishna का EXCLUSIVE वीडियो, जब मौत बेहद करीब थी!"

ਇਸ ਵੀਡੀਓ ਤੋਂ ਸਾਫ ਹੋਇਆ ਕਿ ਮਾਮਲਾ ਹਾਲੀਆ ਨਹੀਂ ਬਲਕਿ 2 ਸਾਲ ਪੁਰਾਣਾ ਹੈ। ਇਹ ਵੀਡੀਓ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਅਗਸਤ 2019 ਵਿਚ ਆਚਾਰੀਆ ਬਾਲਕ੍ਰਿਸ਼ਨ ਦੁਆਰਾ ਖਰਾਬ ਮਿਠਾਈ ਖਾਦੀ ਗਈ ਜਿਸਦੇ ਬਾਅਦ ਉਨ੍ਹਾਂ ਦੀ ਤਬੀਯਤ ਖਰਾਬ ਹੋ ਗਈ ਸੀ ਅਤੇ ਉਨ੍ਹਾਂ ਨੂੰ ਰਿਸ਼ੀਕੇਸ਼ ਦੇ AIIMS ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਮਾਮਲੇ ਨੂੰ ਲੈ ਕੇ ਦੈਨਿਕ ਜਾਗਰਣ ਦੀ 24 ਅਗਸਤ 2019 ਨੂੰ ਪ੍ਰਕਾਸ਼ਿਤ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਹਾਲੀਆ ਨਹੀਂ ਬਲਕਿ 2 ਸਾਲ ਪੁਰਾਣਾ 2019 ਦਾ ਹੈ ਜਦੋਂ ਸਿਹਤ ਖਰਾਬ ਹੋਣ ਕਰਕੇ ਆਚਾਰੀਆ ਬਾਲਕ੍ਰਿਸ਼ਨ ਨੂੰ ਰਿਸ਼ੀਕੇਸ਼ ਦੇ AIIMS ਵਿਚ ਭਰਤੀ ਕਰਵਾਇਆ ਗਿਆ ਸੀ।

Claimed By- Pritam Singh Bhana

Claim- ਪਤੰਜਲੀ ਦੇ CEO ਆਚਾਰੀਆ ਬਾਲਕ੍ਰਿਸ਼ਨ ਦਾ ਵੀਡੀਓ ਵਾਇਰਲ ਹੋ ਰਿਹਾ ਹੈ

Fact Check- Fake