ਰਾਹੁਲ ਗਾਂਧੀ ਤੇ UP ਪੁਲਿਸ ਵਿਚਕਾਰ ਝੜਪ ਦੀ ਤਸਵੀਰ ਨੂੰ ਗਲਤ ਤਰੀਕੇ ਨਾਲ ਕੀਤਾ ਜਾ ਰਿਹਾ ਹੈ ਵਾਇਰਲ
ਵਾਇਰਲ ਪੋਸਟ ਵਿਚ ਕੀਤਾ ਗਿਆ ਦਾਅਵਾ ਗਲਤ ਹੈ।
ਨਵੀਂ ਦਿੱਲੀ - ਯੂਪੀ ਦੇ ਹਾਥਰਸ ਬਲਤਾਕਾਰ ਦੇ ਮਾਮਲੇ ਵਿਚ 1 ਅਕਤੂਬਰ ਨੂੰ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਹਥਰਾਸ ਦੇ ਪਰਿਵਾਰ ਨੂੰ ਮਿਲਣ ਜਾ ਰਹੇ ਸਨ ਪਰ ਯੂਪੀ ਪੁਲਿਸ ਨੇ ਉਨ੍ਹਾਂ ਦੇ ਕਾਫਲੇ ਨੂੰ ਹਾਥਰਾਸ ਜਾਣ ਤੋਂ ਰੋਕ ਦਿੱਤਾ। ਇਸ ਤੋਂ ਬਾਅਦ ਉਹਨਾਂ ਨੇ ਪੈਦਲ ਚੱਲਣਾ ਹੀ ਸ਼ੁਰੂ ਕਰ ਦਿੱਤਾ। ਇਸ ਦੌਰਾਨ ਪੁਲਿਸ ਨਾਲ ਉਹਨਾਂ ਦੀ ਧੱਕਾ-ਮੁੱਕੀ ਹੋਈ ਅਤੇ ਰਾਹੁਲ ਗਾਂਧੀ ਡਿੱਗ ਗਏ।
ਰਾਹੁਲ ਗਾਂਧੀ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਸੀ ਕਿ ਪੁਲਿਸ ਨੇ ਉਹਨਾਂ ਨੂੰ ਧੱਕਾ ਦਿੱਤਾ ਪਰ ਕੁਝ ਸਮੇਂ ਬਾਅਦ ਉਹਨਾਂ ਨੇ ਕਿਹਾ ਕਿ ਥੋੜ੍ਹਾ ਜਿਹਾ ਧੱਕਾ ਲੱਗ ਗਿਆ ਤਾਂ ਕੋਈ ਗੱਲ ਨਹੀਂ। ਇਸ ਮਾਮਲੇ ਵਿਚ ਰਾਹੁਲ ਗਾਂਧੀ ਦੀ ਇਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਨੇ ਪੁਲਿਸ ਨੂੰ ਧੱਕਾ ਦਿੱਤਾ ਹੈ ਅਤੇ ਪੁਲਿਸ ਦੇ ਇਕ ਕਰਮਚਾਰੀ ਦਾ ਕਾਲਰ ਫੜ ਕੇ ਉਸ ਨੂੰ ਧੱਕਾ ਦਿੱਤਾ। ਇਹ ਦਾਅਵਾ ਭਾਜਪਾ ਦੇ ਵਿਧਾਇਕ ਪ੍ਰਤਾਪ ਅਰੁਣਭਾਓ ਅਡਸਡ ਨੇ ਕੀਤਾ ਹੈ।
ਕੀ ਹੈ ਵਾਇਰਲ ਪੋਸਟ - ਵਾਇਰਲ ਪੋਸਟ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਨੇ ਪੁਲਿਸ ਦਾ ਕਾਲਰ ਫੜ ਕੇ ਉਸ ਨੂੰ ਧੱਕਾ ਮਾਰਨ ਦੀ ਕੋਸ਼ਿਸ਼ ਕੀਤੀ। ਇਹ ਵਾਇਰਲ ਪੋਸਟ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਦੇ ਸਲਾਹਕਾਰ ਮਰਿਤਿਯੂਜੈ ਕੁਮਾਰ ਨੇ ਵੀ ਸਾਂਝੀ ਕੀਤੀ ਹੈ। ਉਹਨਾਂ ਨੇ ਨਾਲ ਕੈਪਸ਼ਨ ਵਿਚ ਲਿਖਿਆ ਕਿ ਉੱਤਰ ਪ੍ਰਦੇਸ਼ ਪੁਲਿਸ ਰਾਹੁਲ ਗਾਂਧੀ ਜੀ ਨੂੰ ਧੱਕਾ ਦਿੰਦੇ ਹੋਏ।
ਫੈਕਟ ਚੈੱਕ - ਦੱਸ ਦੀਏ ਕਿ ਜਿਸ ਤਸਵੀਰ ਨੂੰ ਭਾਜਪਾ ਵਿਧਾਇਕਾਂ ਨੇ ਸ਼ੇਅਰ ਕੀਤਾ ਹੈ ਇਸ ਘਟਨਾ ਦੀਆਂ ਵੀਡੀਓਜ਼ ਵੀ ਹਨ ਜਿਸ ਵਿਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਰਾਹੁਲ ਗਾਂਧੀ ਨੇ ਪੁਲਿਸ ਕਰਮਚਾਰੀ ਦਾ ਕਾਲਰ ਨਹੀਂ ਫੜਿਆ ਹੋਇਆ। ਇਕ ਵੀਡੀਓ ਤਾਂ ਕਾਂਗਰਸ ਦੇ ਆਫੀਸ਼ੀਅਲ ਟਵਿੱਟਰ ਹੈਂਡਲ 'ਤੇ ਸ਼ੇਅਰ ਕੀਤਾ ਗਿਆ ਹੈ।
ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਰਾਹੁਲ ਗਾਂਧੀ ਕਾਫੀ ਪੁਲਿਸ ਕਰਮਚਾਰੀਆਂ ਨਾਲ ਘਿਰੇ ਹੋਏ ਹਨ ਜੋ ਉਹਨਾਂ ਨੂੰ ਹਾਥਰਸ ਜਾਣ ਤੋਂ ਰੋਕ ਰਹੇ ਹਨ। ਇਸ ਘਟਨਾ ਦੌਰਾਨ ਇਕ ਪੁਲਿਸ ਕਰਮਚਾਰੀ ਰਾਹੁਲ ਗਾਂਧੀ ਦੇ ਸਾਹਮਣੇ ਆਉਂਦਾ ਹੈ ਰਾਹੁਲ ਗਾਂਧੀ ਸਾਈਡ ਤੋਂ ਨਿਕਲਣ ਦੀ ਕੋਸ਼ਿਸ਼ ਕਰਦੇ ਹਨ ਅਤੇ ਆਪਣੇ ਖੱਬੇ ਹੱਥ ਨਾਲ ਸਿਰਫ਼ ਪੁਲਿਸ ਕਰਮਚਾਰੀ ਨੂੰ ਪਾਸੇ ਹਟਾਉਂਦੇ ਹਨ ਪਰ ਉਹਨਾਂ ਦਾ ਹੱਥ ਕਾਲਰ ਤੱਕ ਨਹੀਂ ਪਹੁੰਚਦਾ।
ਦਰਅਸਲ ਇਸ ਵੀਡੀਓ ਦਾ ਐਂਗਲ ਹੀ ਅਜਿਹਾ ਹੈ ਕਿ ਇਕ ਵਾਰ ਤਾਂ ਅਜਿਹਾ ਲੱਗ ਸਕਦਾ ਹੈ ਕਿ ਰਾਹੁਲ ਗਾਂਧੀ ਪੁਲਿਸ ਵਾਲੇ ਦਾ ਕਾਲਰ ਫੜ ਰਹੇ ਹਨ ਪਰ ਜੇ ਵੀਡੀਓ ਧਿਆਨ ਨਾਲ ਦੇਖੀ ਜਾਵੇ ਤਾਂ ਇਹ ਦਾਅਵੇ ਗਲਤ ਲੱਗਣਗੇ।
ਨਤੀਜਾ - ਸੋ ਨਤੀਜਾ ਇਹ ਨਿਕਲਿਆ ਹੈ ਕਿ ਰਾਹੁਲ ਗਾਂਧੀ ਦੀ ਵਾਇਰਲ ਕੀਤੀ ਜਾ ਰਹੀ ਤਸਵੀਰ ਨੂੰ ਗਲਤ ਤਰੀਕੇ ਨਾਲ ਐਡਿਟ ਕੀਤਾ ਗਿਆ ਹੈ ਤੇ ਐਡਿਟ ਕਰ ਕੇ ਇਹ ਦਿਖਾਇਆ ਗਿਆ ਹੈ ਕਿ ਰਾਹੁਲ ਗਾਂਧੀ ਪੁਲਿਸ ਦਾ ਕਾਲਰ ਫੜ ਕੇ ਉਹਨਾਂ ਨਾਲ ਧੱਕਾ ਮੁੱਕੀ ਕਰ ਰਹੇ ਹਨ ਜੋ ਬਿਲਕੁਲ ਗਲਤ ਹੈ।
ਸੱਚ/ਝੂਠ - ਵਾਇਰਲ ਪੋਸਟ ਵਿਚ ਕੀਤਾ ਗਿਆ ਦਾਅਵਾ ਗਲਤ ਹੈ।