ਤੱਥ ਜਾਂਚ:ਕੈਪਟਨ ਅਮਰਿੰਦਰ ਦੀ ਪੋਤੀ ਦੇ ਵਿਆਹ 'ਚ ਸ਼ਾਮਲ ਨਹੀਂ ਹੋਏ ਜੇਪੀ ਨੱਡਾ, ਵਾਇਰਲ ਦਾਅਵਾ ਫਰਜ਼ੀ 

ਸਪੋਕਸਮੈਨ ਸਮਾਚਾਰ ਸੇਵਾ

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਭਾਜਪਾ ਪ੍ਰਧਾਨ ਜੇਪੀ ਨੱਡਾ ਨਹੀਂ ਬਲਕਿ ਐਡਵੋਕੇਟ ਅਤੁਲ ਨੰਦਾ ਹਨ।

Fake Post

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - 3 ਮਾਰਚ 2021 ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਪੋਤੀ ਸਹਿਰਇੰਦਰ ਕੌਰ ਦਾ ਵਿਆਹ ਹੋਇਆ ਸੀ। ਇਸੇ ਵਿਆਹ ਨੂੰ ਲੈ ਕੇ ਹੁਣ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ  ਅਤੇ ਕਈ ਹੋਰ ਹਸਤੀਆਂ ਨੂੰ ਨੱਚਦੇ ਹੋਏ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਫਾਰੂਕ ਅਬਦੁੱਲਾ ਤੇ ਭਾਜਪਾ ਦੇ ਪ੍ਰਧਾਨ ਜੇ ਪੀ ਨੱਡਾ ਇਕੱਠੇ ਨੱਚ ਰਹੇ ਹਨ।

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਨੂੰ ਗੁੰਮਰਾਹਕੁੰਨ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਵਾਇਰਲ ਵੀਡੀਓ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਭਾਜਪਾ ਪ੍ਰਧਾਨ ਜੇਪੀ ਨੱਡਾ ਮੌਜੂਦ ਨਹੀਂ ਹਨ।  

ਵਾਇਰਲ ਵੀਡੀਓ 
ਫੇਸਬੁੱਕ ਪੇਜ਼ ਸੰਗਰੂਰ ਦੇ ਰੰਗ ਨੇ 6 ਮਾਰਚ ਨੂੰ ਵਾਇਰਲ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ, ''ਕੈਪਟਨ ਦੀ ਪੋਤੀ ਦੇ ਵਿਆਹ ਚ ਕੈਪਟਨ ਸਾਹਿਬ, ਫਾਰੂਕ ਅਬਦੁੱਲ ਅਤੇ ਕਿਸਾਨ ਬਿੱਲ ਵਿਰੋਧੀ ਬੀਜੇਪੀ ਦੇ ਪ੍ਰਧਾਨ ਜੇ ਪੀ ਨੱਢਾ ਇੱਕਠੇ ਡਾਂਸ ਕਰਦੇ ਹੋਏ ਫਿਰ ਕਹਿੰਦੇ ਲੋਕ ਸਾਨੂੰ ਗਾਲਾਂ ਕਿਉਂ ਕੱਢਦੇ ਆ''

ਵਾਇਰਲ ਪੋਸਟ ਦਾ ਅਰਕਾਇਵਰਡ ਲਿੰਕ

ਪੜਤਾਲ 
ਪੜਤਾਲ ਸ਼ੁਰੂ ਕਰਦੇ ਹੋਏ ਅਸੀਂ ਪਹਿਲਾਂ ਵਾਇਰਲ ਵੀਡੀਓ ਨੂੰ ਧਿਆਨ ਨਾਲ ਦੇਖਿਆ ਅਤੇ ਵੀਡੀਓ ਨੂੰ ਲੈ ਕੁੱਝ ਕੀਵਰਡ ਸਰਚ ਕੀਤੇ। ਸਰਚ ਦੌਰਾਨ ਸਾਨੂੰ ਵੀਡੀਓ BBC News Punjabi ਦੇ ਅਧਿਕਾਰਕ ਯੂਟਿਊਬ ਪੇਜ਼ 'ਤੇ ਅਪਲੋਡ ਕੀਤਾ ਮਿਲਿਆ। ਵੀਡੀਓ ਨੂੰ ਕੈਪਸ਼ਨ ਦਿੱਤਾ ਗਿਆ ਸੀ, ''Farooq Abdullah ਨੇ Captain Amarinder Singh ਦੀ ਪੋਤੀ ਦੇ ਵਿਆਹ 'ਚ ਕੀਤਾ ਡਾਂਸ, Video Viral|''

ਇਸ ਦੇ ਨਾਲ ਹੀ ਵੀਡੀਓ ਨੂੰ ਡਿਸਕਰਿਪਸ਼ਨ ਦਿੱਤਾ ਗਿਆ ਸੀ, ''ਜੰਮੂ-ਕਸ਼ਮੀਰ ਨੈਸ਼ਨਲ ਕਾਨਫਰੰਸ ਦੇ ਆਗੂ ਫ਼ਾਰੁਕ ਅਬਦੁੱਲਾ ਦਾ ਇਹ ਵੀਡੀਓ ਵਾਇਰਲ ਹੋ ਰਿਹਾ ਹੈ। ਫ਼ਾਰੁਕ ਅਬਦੁੱਲਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿਦੰਰ ਸਿੰਘ ਦੀ ਪੋਤੀ ਦੇ ਵਿਆਹ ’ਚ ਡਾਂਸ ਕਰ ਰਹੇ ਹਨ। ਫ਼ਾਰੁਕ ਅਬਦੁੱਲਾ ਦੇ ਨਾਲ ਕੈਪਟਨ ਅਮਰਿਦੰਰ ਸਿੰਘ, ਪੰਜਾਬ ਦੇ ਮੰਤਰੀ ਰਾਣਾ ਸੋਢੀ ਅਤੇ ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਵੀ ਡਾਂਸ ਕਰਦੇ ਨਜ਼ਰ ਆਏ।ਇਹ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।''
ਵੀਡੀਓ ਦੀ ਡਿਸਕਰਿਪਸ਼ਨ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਦੇ ਨਾਲ, ਗੁਰਮੀਤ ਰਾਣਾ ਸੋਢੀ, ਫਾਰੂਕ ਅਬਦੁੱਲਾ ਅਤੇ ਐਡਵੋਕੇਟ ਅਤੁਲ ਨੰਦਾ ਹਨ। 

ਤੁਸੀਂ ਨੀਚੇ ਤਸਵੀਰ ਦੇ ਵਿੱਚ ਸਮਾਨਤਾ ਦੇਖ ਸਕਦੇ ਹੋ।

ਇਸ ਦੇ ਨਾਲ ਹੀ ਸਾਨੂੰ ਇੰਡੀਆ ਟੀਵੀ ਨਿਊਜ਼ ਦੀ ਵੈੱਬਸਾਈਟ 'ਤੇ ਵੀ ਵੀਡੀਓ ਅਪਲੋਡ ਕੀਤਾ ਮਿਲਿਆ। ਵੀਡੀਓ ਵਿਚ ਵੀ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਤੇ ਫਾਰੂਕ ਅਬਦੁੱਲਾ ਦੇ ਨਾਲ ਅਤੁਲ ਨੰਦਾ ਨੱਚ ਰਹੇ ਹਨ ਨਾ ਕਿ ਜੇਪੀ ਨੱਡਾ।  

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਕੈਪਟਨ ਅਮਰਿੰਦਰ ਸਿੰਘ ਦੇ ਨਾਲ ਭਾਜਪਾ ਪ੍ਰਧਾਨ ਜੇਪੀ ਨੱਡਾ ਨਹੀਂ ਬਲਕਿ ਐਡਵੋਕੇਟ ਅਤੁਲ ਨੰਦਾ ਨੱਚ ਰਹੇ ਹਨ।

Claim: ਵੀਡੀਓ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਫਾਰੂਕ ਅਬਦੁੱਲਾ ਤੇ ਭਾਜਪਾ ਦੇ ਪ੍ਰਧਾਨ ਜੇ ਪੀ ਨੱਡਾ ਇਕੱਠੇ ਨੱਚ ਰਹੇ ਹਨ।

Claimed By: ਫੇਸਬੁੱਕ ਪੇਜ਼ ਸੰਗਰੂਰ ਦੇ ਰੰਗ

Fact Check: ਫਰਜ਼ੀ