Fact Check: ਭਾਜਪਾ ਵਰਕਰਾਂ ਨੇ ਨਹੀਂ ਕੀਤੀ ਕਿਸਾਨਾਂ 'ਤੇ ਪੱਥਰਬਾਜ਼ੀ, ਬੰਗਾਲ ਦੀਆਂ ਤਸਵੀਰਾਂ ਵਾਇਰਲ
ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ। ਵਾਇਰਲ ਤਸਵੀਰਾਂ ਬੰਗਾਲ ਦੇ ਸਿਲੀਗੁੜੀ ਦੀਆਂ ਹਨ
ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ): ਸੋਸ਼ਲ ਮੀਡੀਆ 'ਤੇ ਇਕ ਪੋਸਟ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿਚ ਤਸਵੀਰਾਂ ਦੇ ਕੋਲਾਜ ਵਿਚ ਭਾਜਪਾ ਦਾ ਝੰਡਾ ਹੱਥ 'ਚ ਫੜੇ ਇਕ ਵਿਅਕਤੀ ਨੂੰ ਪੱਥਰਬਾਜ਼ੀ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਜਪਾ ਅਤੇ ਆਰਐਸਐਸ ਦੇ ਵਰਕਰਾਂ ਵੱਲੋਂ ਕਿਸਾਨੀ ਸੰਘਰਸ਼ ਦੀ ਹਮਾਇਤ ਕਰਨ ਵਾਲੇ ਲੋਕਾਂ 'ਤੇ ਪੱਥਰਬਾਜ਼ੀ ਕੀਤੀ ਗਈ ਅਤੇ ਇਸ ਦੌਰਾਨ ਕਈ ਕਿਸਾਨ ਗੰਭੀਰ ਜ਼ਖਮੀ ਵੀ ਹੋਏ।
ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ। ਵਾਇਰਲ ਤਸਵੀਰਾਂ ਬੰਗਾਲ ਦੇ ਸਿਲੀਗੁੜੀ ਦੀਆਂ ਹਨ ਜਦੋਂ ਦਸੰਬਰ ਵਿਚ ਭਾਜਪਾ ਦੇ ਪ੍ਰਦਰਸ਼ਨ ਦੌਰਾਨ ਪੁਲਿਸ ਨਾਲ ਭਾਜਪਾ ਵਰਕਰਾਂ ਦੀ ਝੜਪ ਹੋ ਗਈ ਸੀ।
ਵਾਇਰਲ ਦਾਅਵਾ
ਫੇਸਬੁੱਕ ਪੇਜ "Ferozepur Updates" ਨੇ ਤਸਵੀਰਾਂ ਦਾ ਕੋਲਾਜ ਅਪਲੋਡ ਕਰਦੇ ਹੋਏ ਲਿਖਿਆ, "#RSS ਅਤੇ #BJP ਵਾਲੇ #ਅੱਤਵਾਦੀਆਂ ਵੱਲੋਂ #ਕਿਸਾਨਅੰਦੋਲਨ ਦੀ #ਹਮਾਇਤ ਕਰਨ ਵਾਲੇ #ਲੋਕਾਂ ਵਿਰੁੱਧ #ਪੱਥਰਬਾਜ਼ੀ ਤੇ ਕਈ #ਕਿਸਾਨ ਹੋਏ #ਗੰਭੀਰ_ਜਖਮੀ #ModiMurderingFarmers ???????????? RSS and #BJP #terrorists pelting #stones against #people And many #farmers were # seriously_injured #ModiMurderingFarmers"
ਇਸ ਪੋਸਟ ਦਾ ਆਰਕਾਇਵਡ ਲਿੰਕ ਇੱਥੇ ਦੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਇਨ੍ਹਾਂ ਤਸਵੀਰਾਂ ਨੂੰ ਧਿਆਨ ਨਾਲ ਦੇਖਿਆ। ਇਨ੍ਹਾਂ ਤਸਵੀਰਾਂ ਦੇ ਕੋਲਾਜ ਵਿਚ ਭਾਜਪਾ ਦਾ ਝੰਡਾ ਹੱਥ 'ਚ ਫੜੇ ਇਕ ਵਿਅਕਤੀ ਨੂੰ ਪੱਥਰਬਾਜ਼ੀ ਕਰਦੇ ਹੋਏ ਦੇਖਿਆ ਜਾ ਸਕਦਾ ਹੈ ਅਤੇ ਤਸਵੀਰਾਂ ‘ਤੇ SK Live ਲਿਖਿਆ ਦਿਖਾਈ ਦੇ ਰਿਹਾ ਹੈ। ਸਰਚ ਕਰਨ 'ਤੇ ਸਾਨੂੰ ਪਤਾ ਚਲਿਆ ਕਿ SK Live ਬੰਗਾਲ ਅਤੇ ਸਿੱਕਮ ਦੀਆਂ ਖ਼ਬਰਾਂ ਦੀ ਕਵਰੇਜ ਕਰਨ ਵਾਲਾ ਇੱਕ ਨਿਊਜ਼ ਚੈਨਲ ਹੈ।
ਹੁਣ ਅਸੀਂ ਅੱਗੇ ਵੱਧਦੇ ਹੋਏ SK Live ਦੇ ਅਧਿਕਾਰਕ Youtube ਚੈਨਲ ਵੱਲ ਰੁਖ ਕੀਤਾ। ਕਾਫੀ ਸਰਚ ਤੋਂ ਬਾਅਦ ਸਾਨੂੰ 7 ਦਸੰਬਰ 2020 ਨੂੰ ਅਪਲੋਡ ਇਕ ਵੀਡੀਓ ਵਿਚ ਵਾਇਰਲ ਤਸਵੀਰ ਵਾਲਾ ਵਿਅਕਤੀ ਨਜ਼ਰ ਆਇਆ।
ਇਸ ਵੀਡੀਓ ਨੂੰ ਅਪਲੋਡ ਕਰਦੇ ਹੋਏ ਕੈਪਸ਼ਨ ਲਿਖਿਆ ਗਿਆ, "BJP Protest rally near Uttarkanya"
ਇਸ ਵੀਡੀਓ ਵਿਚ 23 ਮਿੰਟ 50 ਸੈਕੰਡ ਤੋਂ ਲੈ ਕੇ 23 ਮਿੰਟ 58 ਸੈਕੰਡ ਦੇ ਸਮੇਂ ਵਿਚਕਾਰ ਵਾਇਰਲ ਤਸਵੀਰ ਵਾਲਾ ਵਿਅਕਤੀ ਦੇਖਿਆ ਜਾ ਸਕਦਾ ਹੈ। ਵੀਡੀਓ ਦੇਖ ਕੇ ਸਾਫ ਹੋਇਆ ਕਿ ਤਸਵੀਰਾਂ ਇਸੇ ਵੀਡੀਓ ਤੋਂ ਲਈਆਂ ਗਈਆਂ ਹਨ। ਵੀਡੀਓ ਨੂੰ ਹੇਠਾਂ ਦੇਖਿਆ ਜਾ ਸਕਦਾ ਹੈ।
ਅੱਗੇ ਵਧਦੇ ਹੋਏ ਅਸੀਂ ਇਸ ਮਾਮਲੇ ਨੂੰ ਲੈ ਕੇ ਹੋਰ ਖ਼ਬਰਾਂ ਸਰਚ ਕਰਨੀਆਂ ਸ਼ੁਰੂ ਕੀਤੀਆਂ। ਇਸ ਮਾਮਲੇ ਨੂੰ ਲੈ ਕੇ ਸਾਨੂੰ NDTV ਦੀ ਇਕ ਖ਼ਬਰ ਮਿਲੀ। ਖ਼ਬਰ ਅਨੁਸਾਰ ਭਾਜਪਾ ਦਾ ਇਹ ਮਾਰਚ ਟੀਐਮਸੀ ਖਿਲਾਫ਼ ਸੀ। ਇਸ ਦੌਰਾਨ ਭਾਜਪਾ ਵਰਕਰਾਂ ਦੀ ਬੰਗਾਲ ਪੁਲਿਸ ਨਾਲ ਝੜਪ ਹੋ ਗਈ ਸੀ। ਇਸ ਖ਼ਬਰ ਨੂੰ ਇੱਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
ਨਤੀਜਾ: ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਵਾਇਰਲ ਤਸਵੀਰਾਂ ਬੰਗਾਲ ਦੇ ਸਿਲੀਗੁੜੀ ਦੀਆਂ ਹਨ ਜਦੋਂ ਦਸੰਬਰ ਵਿਚ ਭਾਜਪਾ ਦੇ ਪ੍ਰਦਰਸ਼ਨ ਦੌਰਾਨ ਵਰਕਰਾਂ ਦੀ ਪੁਲਿਸ ਨਾਲ ਝੜਪ ਹੋ ਗਈ ਸੀ।
Claim: ਭਾਜਪਾ ਵਰਕਰਾਂ ਨੇ ਕਿਸਾਨਾਂ 'ਤੇ ਕੀਤੀ ਪੱਥਰਬਾਜ਼ੀ
Claim By: ਫੇਸਬੁੱਕ ਪੇਜ Ferozepur Updates
Fact Check: ਫਰਜ਼ੀ