Fact Check: ਪੇਸ਼ਾਵਰ ਦੀ ਮਸਜਿਦ 'ਚ ਹੋਏ ਹਾਲੀਆ ਬੰਬ ਧਮਾਕੇ ਦੇ ਨਾਂਅ ਤੋਂ ਵਾਇਰਲ ਕੀਤੀਆਂ ਪੁਰਾਣੀ ਤਸਵੀਰਾਂ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀਆਂ ਇਹ ਦੋਵੇਂ ਤਸਵੀਰਾਂ ਹਾਲੀਆ ਨਹੀਂ ਬਲਕਿ ਪੁਰਾਣੀਆਂ ਹਨ।
RSFC (Team Mohali)- 4 ਮਾਰਚ 2022 ਨੂੰ ਪਾਕਿਸਤਾਨ ਦੇ ਉੱਤਰ-ਪੱਛਮੀ ਸ਼ਹਿਰ ਪੇਸ਼ਾਵਰ 'ਚ ਇੱਕ ਮਸਜਿਦ ਵਿਖੇ ਬੰਬ ਧਮਾਕਾ ਹੋਇਆ ਅਤੇ ਤਕਰੀਬਨ 30 ਲੋਕਾਂ ਦੀ ਮੌਤ ਹੋਈ। ਇਸ ਧਮਾਕੇ ਵਿਚ 59 ਤੋਂ ਵੱਧ ਲੋਕ ਜ਼ਖ਼ਮੀ ਹੋਏ ਸਨ। ਹੁਣ ਇਸ ਧਮਾਕੇ ਨੂੰ ਲੈ ਕੇ ਕੁੱਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇੱਕ ਤਸਵੀਰ ਵਿਚ ਇੱਕ ਵਿਅਕਤੀ ਨੂੰ ਆਪਣੇ ਹੱਥ ਵਿਚ ਬੱਚੇ ਨੂੰ ਚੁੱਕ ਲਿਜਾਂਦੇ ਦੇਖਿਆ ਜਾ ਸਕਦਾ ਹੈ ਅਤੇ ਦੂਜੀ ਤਸਵੀਰ ਵਿਚ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਧਮਾਕੇ ਵਾਲੀ ਥਾਂ ਦਾ ਜਾਇਜ਼ਾ ਲੈਂਦਿਆਂ ਵੇਖਿਆ ਜਾ ਸਕਦਾ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀਆਂ ਇਹ ਦੋਵੇਂ ਤਸਵੀਰਾਂ ਹਾਲੀਆ ਨਹੀਂ ਬਲਕਿ ਪੁਰਾਣੀਆਂ ਹਨ।
ਵਾਇਰਲ ਪੋਸਟ
ਫੇਸਬੁੱਕ ਪੇਜ "RadioSpice" ਨੇ 4 ਮਾਰਚ ਨੂੰ ਵਾਇਰਲ ਤਸਵੀਰਾਂ ਦਾ ਕੋਲਾਜ ਸਾਂਝਾ ਕੀਤਾ। ਇਸ ਪੋਸਟ ਨੂੰ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਪੜਤਾਲ
ਰੋਜ਼ਾਨਾ ਸਪੋਕਸਮੈਨ ਨੇ ਵਾਇਰਲ ਪੋਸਟ ਦੀ ਪੜਤਾਲ ਕਰਦਿਆਂ ਇਨ੍ਹਾਂ ਦੋਵੇਂ ਤਸਵੀਰਾਂ ਦੀ ਇੱਕ-ਇੱਕ ਕਰਕੇ ਜਾਂਚ ਕਰਨੀ ਸ਼ੁਰੂ ਕੀਤੀ।
ਪਹਿਲੀ ਤਸਵੀਰ
ਪਹਿਲੀ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਅਸੀਂ ਲੱਭਿਆ। ਸਰਚ ਦੇ ਨਤੀਜਿਆਂ ਤੋਂ ਸਾਨੂੰ ਵਾਇਰਲ ਹੋ ਤਸਵੀਰ ਐਸੋਸੀਏਟ ਪ੍ਰੈੱਸ ਦੀ ਅਧਿਕਾਰਿਕ ਵੈੱਬਸਾਈਟ ਤੇ ਅਪਲੋਡ ਮਿਲੀ। AP ਮੁਤਾਬਕ ਵਾਇਰਲ ਤਸਵੀਰ ਸਾਲ 2013 ਦੀ ਹੈ। ਇਸ ਤਸਵੀਰ ਨੂੰ ਐਸੋਸੀਏਟ ਪ੍ਰੈੱਸ ਦੇ ਫੋਟੋ ਜਰਨਲਿਸਟ ਮੁਹੰਮਦ ਸੱਜਾਦ ਨੇ ਖਿੱਚਿਆ ਸੀ।
ਇਸਦੇ ਨਾਲ ਦਿੱਤੇ ਕੈਪਸ਼ਨ ਦੇ ਮੁਤਾਬਕ ਵਾਇਰਲ ਤਸਵੀਰ ਪਾਕਿਸਤਾਨ ਦੇ ਪੇਸ਼ਾਵਰ 'ਚ 29 ਸਤੰਬਰ 2013 ਨੂੰ ਹੋਏ ਬੰਬ ਧਮਾਕੇ ਦੀ ਹੈ।
ਦੂਜੀ ਤਸਵੀਰ
ਵਾਇਰਲ ਹੋ ਰਹੀ ਦੂਜੀ ਤਸਵੀਰ ਨੂੰ ਵੀ ਅਸੀਂ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਲੱਭਿਆ। ਸਰਚ ਦੇ ਨਤੀਜਿਆਂ ਦੌਰਾਨ ਸਾਨੂੰ ਵਾਇਰਲ ਹੋ ਰਹੀ ਦੂਜੀ ਤਸਵੀਰ AP ਦੀ ਅਧਿਕਾਰਿਕ ਵੈੱਬਸਾਈਟ ਤੇ ਜਨਵਰੀ 2022 ਵਿਚ ਅਪਲੋਡ ਮਿਲੀ।
ਨਾਲ ਲਿਖੇ ਕੈਪਸ਼ਨ ਮੁਤਾਬਕ ਇਹ ਤਸਵੀਰ ਪਾਕਿਸਤਾਨ ਦੇ ਲਾਹੌਰ 'ਚ ਹੋਏ ਬੰਬ ਧਮਾਕੇ ਦੀ ਹੈ। ਇਸ ਤਸਵੀਰ ਨੂੰ ਐਸੋਸੀਏਟ ਪ੍ਰੈੱਸ ਦੇ ਫੋਟੋ ਜਰਨਲਿਸਟ ਕੇ ਐਮ ਚੌਧਰੀ ਨੇ ਖਿੱਚਿਆ ਸੀ।
ਮਤਲਬ ਸਾਫ ਸੀ ਕਿ ਵਾਇਰਲ ਹੋ ਰਹੀਆਂ ਦੋਵੇਂ ਤਸਵੀਰਾਂ ਪੁਰਾਣੀਆਂ ਹਨ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀਆਂ ਇਹ ਦੋਵੇਂ ਤਸਵੀਰਾਂ ਹਾਲੀਆ ਨਹੀਂ ਬਲਕਿ ਪੁਰਾਣੀਆਂ ਹਨ।
Claim- Recent images of blast in Peshawar Mosque Blast
Claimed By- FB Page RadioSpice
Fact Check- Misleading