Fact Check: ਪੰਜਾਬ ਦੇ ਪ੍ਰਾਇਮਰੀ ਸਕੂਲ ਦੀ ਵਾਇਰਲ ਹੋ ਰਹੀ ਇਹ ਤਸਵੀਰ AAP ਕਾਰਜਕਾਲ ਦੀ ਨਹੀਂ ਹੈ

ਸਪੋਕਸਮੈਨ ਸਮਾਚਾਰ ਸੇਵਾ

ਵਾਇਰਲ ਹੋ ਰਹੀ ਇਹ ਤਸਵੀਰ ਹਾਲੀਆ ਨਹੀਂ ਬਲਕਿ ਪੁਰਾਣੀ ਹੈ ਅਤੇ ਇਹ ਆਮ ਆਦਮੀ ਪਾਰਟੀ ਦੇ ਕਾਰਜਕਾਲ ਦੀ ਨਹੀਂ ਹੈ।

Fact Check Old Image of Punjab Smart School Shared as Recent Praising AAP Government

RSFC (Team Mohali)- ਸੋਸ਼ਲ ਮੀਡਿਆ 'ਤੇ ਇੱਕ ਪ੍ਰਾਇਮਰੀ ਸਕੂਲ ਦੇ ਕਲਾਸ ਰੂਮ ਦੀ ਤਸਵੀਰ ਨੂੰ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਦਿੱਲੀ ਦੀ ਤਰਜ਼ 'ਤੇ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਪੰਜਾਬ 'ਚ ਵੀ ਸਿੱਖਿਆ ਦੇ ਖੇਤਰ ਵਿਚ ਤਬਦੀਲੀ ਲਿਆਂਦੀ ਜਾ ਰਹੀ ਹੈ। ਇਸ ਤਸਵੀਰ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਇਹ ਤਸਵੀਰ ਹਾਲੀਆ ਨਹੀਂ ਬਲਕਿ ਪੁਰਾਣੀ ਹੈ ਅਤੇ ਇਹ ਆਮ ਆਦਮੀ ਪਾਰਟੀ ਦੇ ਕਾਰਜਕਾਲ ਦੀ ਨਹੀਂ ਹੈ।

ਵਾਇਰਲ ਪੋਸਟ

 ਟਵਿੱਟਰ ਯੂਜ਼ਰ Anurag Dhanda ਨੇ 5 ਦਿਸੰਬਰ 2022 ਨੂੰ ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ, "दिल्ली के शानदार स्कूलों के बाद अब पंजाब में @ArvindKejriwal मॉडल का असर देखिये| ये पंजाब के मनेला गांव का सरकारी प्राइमरी स्कूल है| ऐसे ही बदलाव की उम्मीद में गुजरात भी 'परिवर्तन' मांग रहा है|"


ਇਸ ਤਸਵੀਰ ਨੂੰ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਸਣੇ ਆਮ ਆਦਮੀ ਪਾਰਟੀ ਦੇ ਕਈ ਆਗੂਆਂ ਨੇ ਸਾਂਝਾ ਕੀਤਾ। ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ,'ਜੀ ਹਾਂ, ਇਹ ਸਾਡਾ ਸਰਕਾਰੀ ਸਕੂਲ ਹੈ। ਪ੍ਰਾਇਮਰੀ ਸਰਕਾਰੀ ਸਕੂਲ, ਮਨੈਲਾ, ਜ਼ਿਲ੍ਹਾ ਫਤਹਿਗੜ੍ਹ ਸਾਹਿਬ।'

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਜਰੀਏ ਸਰਚ ਕੀਤਾ। ਇਸ ਸਰਚ ਦੌਰਾਨ ਸਾਨੂੰ ਹੁਬੂਹੁ ਤਸਵੀਰ ਮੀਡੀਆ ਅਦਾਰੇ ਪੰਜਾਬੀ ਜਾਗਰਣ ਦੀ 2 ਸਤੰਬਰ 2021 ਦੀ ਪ੍ਰਕਾਸ਼ਿਤ ਖਬਰ ਵਿਚ ਅਪਲੋਡ ਮਿਲੀ। ਦੱਸ ਦਈਏ ਕਿ ਸਾਲ 2021 ਵਿਚ ਪੰਜਾਬ 'ਚ ਕਾਂਗਰਸ ਦੀ ਸਰਕਾਰ ਸੀ। 

ਰਿਪੋਰਟ ਵਿਚ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, ਮਨੈਲਾ ਦੇ ਅਧਿਆਪਕ ਜਗਤਾਰ ਸਿੰਘ ਮਨੈਲਾ ਨੂੰ ਰਾਸ਼ਟਰਪਤੀ ਐਵਾਰਡ ਦਿੱਤੇ ਜਾਣ ਦੀ ਗੱਲ ਕਹੀ ਗਈ ਹੈ। ਜਗਤਾਰ ਸਿੰਘ ਨੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਨੈਲਾ 2015 ਵਿਚ ਜੁਆਇੰਨ ਕੀਤਾ ਸੀ ਜਿਥੇ ਲਗਭਗ 15-20 ਪਿੰਡਾਂ ਦੇ ਵਿਦਿਆਰਥੀ ਪੜ੍ਹਨ ਲਈ ਆਉਂਦੇ ਸਨ ਪਰ ਸਕੂਲ ਦੀ ਇਮਾਰਤ ਅਣ-ਸੁਰੱਖਿਅਤ ਸੀ ਅਤੇ ਸਕੂਲ ਦੇ ਇੱਕ ਏਕੜ ਗਰਾਊਂਡ 'ਤੇ ਕਈ ਲੋਕਾਂ ਨੇ ਕਬਜ਼ਾ ਕੀਤਾ ਹੋਇਆ ਸੀ, ਜਿਸ ਨੂੰ ਛੁਡਵਾ ਕੇ ਨਵੀਂ ਇਮਾਰਤ ਦਾ ਕੰਮ ਸ਼ੁਰੂ ਕੀਤਾ ਗਿਆ ਸੀ।

ਇਸ ਕੰਮ ਲਈ ਪਿੰਡ ਦੀ ਪੰਚਾਇਤ ਅਤੇ ਦਾਨੀ ਸੱਜਣਾਂ ਵੱਲੋਂ ਸਹਿਯੋਗ ਦਿੱਤਾ ਗਿਆ ਅਤੇ ਜਗਤਾਰ ਸਿੰਘ ਦੀ ਮਿਹਨਤ ਸਦਕਾ ਸਰਕਾਰੀ ਸਕੂਲ ਸਮਾਰਟ ਸਕੂਲ ਵਿਚ ਤਬਦੀਲ ਹੋ ਗਿਆ। ਸਕੂਲ ਵਿਚ ਸਿੱਖਿਆ ਸਬੰਧੀ ਹਰ ਤਕਨੀਕ ਉਪਲੱਬਧ ਹੈ। 

ਸਾਨੂੰ ਸਾਲ 2021 'ਚ ਅਧਿਆਪਕ ਜਗਤਾਰ ਸਿੰਘ ਮਨੈਲਾ ਦਾ ਨਿਊਜ਼ 18 ਪੰਜਾਬੀ ਦੁਆਰਾ ਲਿਆ ਗਿਆ ਇੰਟਰਵਿਊ ਵੀ ਮਿਲਿਆ। ਇਸ ਇੰਟਰਵਿਊ ਨੂੰ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ। 

ਸਾਨੂੰ ਜਗਤਾਰ ਸਿੰਘ ਮਨੈਲਾ ਦੀ ਅਧਿਕਾਰਿਕ ਫੇਸਬੁੱਕ ਆਈਡੀ ਵੀ ਮਿਲੀ ਅਤੇ ਸਾਨੂੰ ਵਾਇਰਲ ਤਸਵੀਰ ਜਗਤਾਰ ਸਿੰਘ ਮਨੈਲਾ ਦੁਆਰਾ ਸਾਲ 2021 ਵਿਚ ਸ਼ੇਅਰ ਕੀਤੀ ਮਿਲੀ। ਜਗਤਾਰ ਸਿੰਘ ਮਨੈਲਾ ਨੇ ਸਾਲ 2020 ਵਿਚ ਸਕੂਲ ਦੀਆਂ ਹੋਰ ਤਸਵੀਰਾਂ ਵੀ ਸਾਂਝੀ ਕੀਤੀਆਂ ਸਨ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਇਹ ਤਸਵੀਰ ਹਾਲੀਆ ਨਹੀਂ ਬਲਕਿ ਪੁਰਾਣੀ ਹੈ ਅਤੇ ਸਾਲ 2021 ਤੋਂ ਇੰਟਰਨੈੱਟ 'ਤੇ ਮੌਜੂਦ ਹੈ। ਦੱਸ ਦਈਏ ਕਿ 2021 ਵਿਚ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਨਹੀਂ ਬਲਕਿ ਕਾਂਗਰਸ ਦੀ ਸਰਕਾਰ ਸੀ।

Claim- Recent image of Smart School In Punjab redefined by AAP Government
Claimed By- AAP Leaders
Fact Check- Misleading