Fact Check: ਲੋਕ ਸਭਾ 'ਚ ਕਾਂਗਰਸ MP ਨੇ ਅਮਿਤ ਸ਼ਾਹ ਤੇ ਜੇਪੀ ਨੱਢਾ ਸਬੰਧੀ ਕੀਤੇ ਫਰਜ਼ੀ ਦਾਅਵੇ
ਅਸੀਂ ਅਪਣੀ ਪੜਤਾਲ ਵਿਚ ਪਾਇਆ ਕਿ ਕਾਂਗਰਸ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ ਵੱਲੋਂ ਕੀਤੇ ਗਏ ਇਹ ਦਾਅਵੇ ਗਲਤ ਹਨ।
ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ): 8 ਫਰਵਰੀ 2021 ਨੂੰ ਲੋਕ ਸਭਾ ਵਿਚ ਕਾਂਗਰਸ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਪ੍ਰਧਾਨ ਜੇਪੀ ਨੱਢਾ ਸਬੰਧੀ ਦੋ ਦਾਅਵੇ ਕੀਤੇ।
ਇਹਨਾਂ ਵਿਚ ਪਹਿਲਾ ਦਾਅਵਾ ਸੀ- "ਅਮਿਤ ਸ਼ਾਹ ਅਪਣੇ ਹਾਲੀਆ ਬੰਗਾਲ ਦੌਰੇ ਦੌਰਾਨ ਰਬਿੰਦਰਨਾਥ ਟੈਗੋਰ ਦੀ ਕੁਰਸੀ 'ਤੇ ਬੈਠੇ"।
ਦੂਸਰਾ ਦਾਅਵਾ- "ਅਮਿਤ ਸ਼ਾਹ ਅਤੇ ਜੇਪੀ ਨੱਢਾ ਨੇ ਅਪਣੇ ਬੰਗਾਲ ਦੌਰੇ ਦੌਰਾਨ ਕਿਹਾ ਕਿ ਰਬਿੰਦਰਨਾਥ ਟੈਗੋਰ ਦਾ ਜਨਮ ਬੰਗਾਲ ਦੇ ਸ਼ਾਂਤੀ ਨਿਕੇਤਨ ਵਿਚ ਹੋਇਆ ਸੀ"
ਅਸੀਂ ਅਪਣੀ ਪੜਤਾਲ ਵਿਚ ਪਾਇਆ ਕਿ ਕਾਂਗਰਸ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ ਵੱਲੋਂ ਕੀਤੇ ਗਏ ਇਹ ਦਾਅਵੇ ਗਲਤ ਹਨ।
ਅਧੀਰ ਰੰਜਨ ਚੌਧਰੀ ਦਾ ਦਾਅਵਾ
ਲੋਕ ਸਭਾ ਵਿਚ 8 ਫਰਵਰੀ ਨੂੰ ਹੋਏ ਸੈਸ਼ਨ ਦੌਰਾਨ ਕਾਂਗਰਸ ਦੇ ਐਮਪੀ ਅਧੀਰ ਰੰਜਨ ਚੌਧਰੀ ਨੇ ਅਪਣੇ ਸੰਬੋਧਨ ਵਿਚ ਦਾਅਵੇ ਕੀਤੇ ਕਿ ਅਮਿਤ ਸ਼ਾਹ, ਰਬਿੰਦਰਨਾਥ ਟੈਗੋਰ ਦੀ ਕੁਰਸੀ 'ਤੇ ਬੈਠੇ। ਕਾਂਗਰਸ ਐਮਪੀ ਨੇ ਕਿਹਾ ਕਿ ਅਮਿਤ ਸ਼ਾਹ ਤੇ ਜੇਪੀ ਨੱਢਾ ਨੇ ਇਹ ਵੀ ਕਿਹਾ ਕੇ ਰਬਿੰਦਰਨਾਥ ਟੈਗੋਰ ਦਾ ਜਨਮ ਸ਼ਾਂਤੀ ਨਿਕੇਤਨ ਵਿਚ ਹੋਇਆ ਸੀ।
ਇਸ ਸੰਬੋਧਨ ਦੀ ਵੀਡੀਓ ਕਾਂਗਰਸ ਨੇ ਅਪਣੇ ਅਧਿਕਾਰਿਕ Youtube ਅਕਾਊਂਟ 'ਤੇ ਵੀ ਸ਼ੇਅਰ ਕੀਤੀ ਹੈ, ਜਿਸ ਨੂੰ ਹੇਠਾਂ ਕਲਿਕ ਕਰਕੇ ਸੁਣਿਆ ਜਾ ਸਕਦਾ ਹੈ।ਦੱਸ ਦਈਏ ਕਿ ਕਾਂਗਰਸ ਆਗੂ ਦੇ ਸੰਬੋਧਨ ਵਿਚ ਇਹ ਦਾਅਵੇ 21 ਮਿੰਟ 20 ਸੈਕੰਡ ਤੋਂ ਲੈ ਕੇ 25 ਮਿੰਟ ਵਿਚਕਾਰ ਸੁਣੇ ਜਾ ਸਕਦੇ ਹਨ।
ਸਪੋਕਸਮੈਨ ਦੀ ਪੜਤਾਲ
ਕਾਂਗਰਸ ਸੰਸਦ ਮੈਂਬਰ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਦੀ ਪੜਤਾਲ ਦੌਰਾਨ ਅਸੀਂ ਪਹਿਲੇ ਦਾਅਵੇ ਬਾਰੇ ਸਰਚ ਕਰਨਾ ਸ਼ੁਰੂ ਕੀਤਾ।
ਪਹਿਲੇ ਦਾਅਵੇ ਸਬੰਧੀ ਪੜਤਾਲ-
ਦੱਸ ਦਈਏ ਕਿ ਅਮਿਤ ਸ਼ਾਹ ਨੇ ਪਿਛਲੇ ਸਾਲ ਦਸੰਬਰ ਵਿਚ ਬੰਗਾਲ ਦਾ ਦੌਰਾ ਕੀਤਾ ਸੀ। ਇਸ ਲਈ ਦਾਅਵੇ ਦੀ ਪੜਤਾਲ ਕਰਦੇ ਹੋਏ ਅਸੀਂ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਟਵਿਟਰ ਅਕਾਊਂਟ ਵੱਲ ਰੁਖ ਕੀਤਾ। ਸਾਨੂੰ ਉਨ੍ਹਾਂ ਦੇ ਅਕਾਊਂਟ 'ਤੇ 20 ਦਸੰਬਰ 2020 ਨੂੰ ਕੀਤਾ ਹੋਇਆ ਇਕ ਟਵੀਟ ਮਿਲਿਆ।
ਇਸ ਟਵੀਟ ਨੂੰ ਅਪਲੋਡ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ ਲਿਖਿਆ, "Paid tributes to one of India's greatest thinkers, Gurudev Rabindranath Tagore, at Rabindra Bhawan in Shantiniketan. Gurudev's contribution to India's freedom movement will forever be remembered and his thoughts will continue to inspire our generations to come."
ਇਸ ਟਵੀਟ ਵਿਚ ਅਮਿਤ ਸ਼ਾਹ ਦੇ ਰਬਿੰਦਰਨਾਥ ਟੈਗੋਰ ਦੇ ਸ਼ਾਂਤੀ ਨਿਕੇਤਨ ਭਵਨ ਦੇ ਦੌਰੇ ਦੀਆਂ ਤਸਵੀਰਾਂ ਨੂੰ ਵੇਖਿਆ ਜਾ ਸਕਦਾ ਹੈ। ਇਨ੍ਹਾਂ ਤਸਵੀਰਾਂ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਅਮਿਤ ਸ਼ਾਹ, ਰਬਿੰਦਰਨਾਥ ਟੈਗੋਰ ਦੀ ਕੁਰਸੀ ਨੂੰ ਸ਼ਰਧਾਂਜਲੀ ਦੇ ਰਹੇ ਹਨ। ਇਸ ਟਵੀਟ ਵਿਚ ਇਕ ਅਜਿਹੀ ਤਸਵੀਰ ਵੀ ਸੀ ਜਿਸ ਵਿਚ ਅਮਿਤ ਸ਼ਾਹ ਇੱਕ ਕੁਰਸੀ 'ਤੇ ਬੈਠੇ ਦਿਖਾਈ ਦਿੱਤੇ ਅਤੇ ਉਹ ਕਿਸੇ ਦਸਤਾਵੇਜ਼ ‘ਤੇ ਕੁਝ ਲਿਖ ਰਹੇ ਸਨ
ਇਸ ਟਵੀਟ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।
https://twitter.com/AmitShah/status/1340581613722193922/photo/4
ਹੁਣ ਅਸੀਂ ਇਸ ਤਸਵੀਰ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਦੱਸ ਦਈਏ ਕਿ ਲੋਕ ਇਸ ਤਸਵੀਰ ਸਬੰਧੀ ਦਾਅਵਾ ਕਰ ਰਹੇ ਹਨ ਕਿ ਅਮਿਤ ਸ਼ਾਹ, ਰਬਿੰਦਰਨਾਥ ਟੈਗੋਰ ਦੀ ਕੁਰਸੀ 'ਤੇ ਬੈਠੇ ਹਨ ਪਰ ਅਸੀਂ ਅਪਣੀ ਪੜਤਾਲ ਵਿਚ ਪਾਇਆ ਕਿ ਇਹ ਕੁਰਸੀ ਰਬਿੰਦਰਨਾਥ ਟੈਗੋਰ ਦੀ ਨਹੀਂ ਹੈ। ਇਹ ਇਕ ਵਿਸਿਟਰ ਡੈਸਕ 'ਤੇ ਮੌਜੂਦ ਕੁਰਸੀ ਹੈ ਨਾ ਕਿ ਰਬਿੰਦਰਨਾਥ ਟੈਗੋਰ ਦੀ ਕੁਰਸੀ।
ਦੱਸ ਦਈਏ ਕਿ 2018 ਵਿਚ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਜਦੋਂ ਬੰਗਾਲ ਦੇ ਦੌਰੇ 'ਤੇ ਆਈ ਸੀ ਤਾਂ ਉਨ੍ਹਾਂ ਦੀ ਵੀ ਇਸ ਕੁਰਸੀ 'ਤੇ ਬੈਠਿਆਂ ਦੀ ਤਸਵੀਰ ਹੈ। ਸ਼ੇਖ ਹਸੀਨਾ ਦੇ ਦੌਰੇ ਨੂੰ ਲੈ ਕੇ ਖ਼ਬਰ ਇਥੇ ਕਲਿਕ ਕਰਕੇ ਪੜ੍ਹੀ ਜਾ ਸਕਦੀ ਹੈ।
ਸਾਨੂੰ ਅਪਣੀ ਪੜਤਾਲ ਦੌਰਾਨ India Today ਦੀ ਪੱਤਰਕਾਰ Poulomi Saha ਦਾ ਟਵੀਟ ਮਿਲਿਆ ਜਿਸ ਵਿਚ ਉਸਨੇ ਅਧੀਰ ਰੰਜਨ ਚੌਧਰੀ ਦੀ ਸਪੀਚ ਵਿਚ ਇਸ ਦਾਅਵੇ ਨੂੰ ਗਲਤ ਦੱਸਦੇ ਹੋਏ ਇੱਕ ਪੱਤਰ ਅਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ। ਇਹ ਟਵੀਟ ਹੇਠਾਂ ਵੇਖਿਆ ਜਾ ਸਕਦਾ ਹੈ।
https://twitter.com/PoulomiMSaha/status/1359097033244696576
ਟਵੀਟ ਵਿਚ ਮੌਜੂਦ ਪੱਤਰ ਅਧੀਰ ਰੰਜਨ ਚੌਧਰੀ ਨੂੰ ਸ਼ਾਂਤੀ ਨਿਕੇਤਨ ਦੇ ਵਾਈਸ ਚਾਂਸਲਰ ਵੱਲੋਂ ਲਿਖਿਆ ਗਿਆ ਸੀ। ਸ਼ਾਂਤੀ ਨਿਕੇਤਨ ਵੱਲੋਂ ਲਿਖੇ ਇਸ ਟਵੀਟ ਵਿਚ ਸਾਫ ਕਿਹਾ ਗਿਆ ਕਿ ਅਮਿਤ ਸ਼ਾਹ, ਗੁਰੂ ਰਬਿੰਦਰਨਾਥ ਟੈਗੋਰ ਦੀ ਕੁਰਸੀ 'ਤੇ ਨਹੀਂ ਬੈਠੇ ਸਨ। ਇਹ ਪੱਤਰ ਹੇਠਾਂ ਵੇਖਿਆ ਜਾ ਸਕਦਾ ਹੈ।
ਦੱਸ ਦਈਏ ਕਿ ਇਸ ਵਾਇਰਲ ਦਾਅਵੇ ਨੂੰ ਲੈ ਕੇ ਅਮਿਤ ਸ਼ਾਹ ਨੇ ਆਪ ਵੀ ਸਪਸ਼ਟੀਕਰਨ ਦਿੱਤਾ ਹੈ ਜਿਸ ਸਬੰਧੀ Times Now News ਦੀ ਖ਼ਬਰ ਇੱਥੇ ਕਲਿਕ ਕਰਕੇ ਪੜ੍ਹੀ ਜਾ ਸਕਦੀ ਹੈ।
ਦੂਜਾ ਦਾਅਵਾ- "ਜੇਪੀ ਨੱਢਾ ਅਤੇ ਅਮਿਤ ਸ਼ਾਹ ਨੇ ਅਪਣੇ ਬੰਗਾਲ ਦੌਰੇ ਦੌਰਾਨ ਕਿਹਾ ਕਿ ਰਬਿੰਦਰਨਾਥ ਟੈਗੋਰ ਸ਼ਾਂਤੀਨਿਕੇਤਨ ਵਿਚ ਪੈਦਾ ਹੋਏ ਸੀ"
ਇਸ ਦਾਅਵੇ ਨੂੰ ਲੈ ਕੇ ਅਸੀਂ ਗੂਗਲ 'ਤੇ ਖ਼ਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ 10 ਫਰਵਰੀ 2020 ਨੂੰ ਪ੍ਰਕਾਸ਼ਿਤ indianexpress ਦੀ ਇਕ ਖ਼ਬਰ ਮਿਲੀ ਜਿਸ ਵਿਚ ਅਮਿਤ ਸ਼ਾਹ ਨੇ ਸਪਸ਼ਟੀਕਰਨ ਦਿੱਤਾ ਕਿ ਨਾ ਤਾਂ ਉਹ ਰਬਿੰਦਰਨਾਥ ਟੈਗੋਰ ਦੀ ਕੁਰਸੀ 'ਤੇ ਬੈਠੇ ਸਨ ਅਤੇ ਨਾ ਹੀ ਜੇਪੀ ਨੱਢਾ ਨੇ ਕਿਹਾ ਹੈ ਕਿ ਰਬਿੰਦਰਨਾਥ ਟੈਗੋਰ ਦਾ ਜਨਮ ਸਥਾਨ ਸ਼ਾਂਤੀ ਨਿਕੇਤਨ ਹੈ। ਉਨ੍ਹਾਂ ਨੇ ਅਧੀਰ ਰੰਜਨ ਚੌਧਰੀ ਦੇ ਦਾਅਵਿਆਂ ਨੂੰ ਫਰਜ਼ੀ ਦੱਸਿਆ।
ਇਸ ਤੋਂ ਪਹਿਲਾਂ Boomlive ਨੇ ਵੀ ਇਸ ਦਾਅਵੇ ਨੂੰ ਲੈ ਕੇ ਰਿਪੋਰਟ ਲਿਖੀ ਸੀ ਜਿਸ ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ। ਹੁਣ ਅਸੀਂ ਇਹਨਾਂ ਦਾਅਵਿਆਂ ਸਬੰਧੀ ਭਾਜਪਾ ਦੇ ਬੁਲਾਰੇ ਤਜਿੰਦਰ ਪਾਲ ਸਿੰਘ ਬੱਗਾ ਨਾਲ ਸੰਪਰਕ ਕੀਤਾ। ਉਨ੍ਹਾਂ ਦੱਸਿਆ, "ਅਮਿਤ ਸ਼ਾਹ ਨੇ ਆਪ ਇਸ ਦਾਅਵੇ ਨੂੰ ਖਾਰਜ ਕੀਤਾ ਹੈ।"
ਨਤੀਜਾ: ਅਸੀਂ ਅਪਣੀ ਪੜਤਾਲ ਵਿਚ ਪਾਇਆ ਕਿ ਕਾਂਗਰਸ ਦੇ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ ਵੱਲੋਂ ਕੀਤੇ ਗਏ ਇਹ ਦਾਅਵੇ ਗਲਤ ਹਨ।
Claim By: ਕਾਂਗਰਸ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ
Fact Check: ਗਲਤ