ਤੱਥ ਜਾਂਚ: ਸਾਬਕਾ ਕ੍ਰਿਕਟਰ ਸੌਰਵ ਗਾਂਗੁਲੀ ਦੇ ਵਾਇਰਲ ਹੋ ਰਹੇ ਇਹ ਰਾਜਨੀਤਿਕ ਪੋਸਟਰ ਐਡਿਟਡ ਹਨ 

ਸਪੋਕਸਮੈਨ ਸਮਾਚਾਰ ਸੇਵਾ

Fact Check

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੇ ਇਹ ਸਾਰੇ ਪੋਸਟਰ ਐਡਿਟਡ ਹਨ।

Morphed images show Sourav Ganguly posing in front of banners of different parties

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਪੱਛਮੀ ਬੰਗਾਲ ਵਿਚ ਹੋਣ ਵਾਲੀਆਂ ਅਗਾਮੀ ਚੋਣਾਂ ਨੂੰ ਲੈ ਕੇ ਰਾਜਨੀਤਕ ਧਿਰਾਂ ਸਰਗਰਮ ਹਨ ਅਤੇ ਚੋਣ ਪ੍ਰਚਾਰ ਤੇਜੀ ਨਾਲ ਹੋ ਰਿਹਾ ਹੈ। ਹੁਣ ਇਸੇ ਕ੍ਰਮ ਵਿਚ ਸੋਸ਼ਲ ਮੀਡੀਆ 'ਤੇ ਬੰਗਾਲ ਟਾਈਗਰ ਕਹੇ ਜਾਣ ਵਾਲੇ ਸੌਰਵ ਗਾਂਗੁਲੀ ਦੇ ਕਈ ਪੋਸਟਰ ਵਾਇਰਲ ਹੋ ਰਹੇ ਹਨ। ਇਨ੍ਹਾਂ ਪੋਸਟਰਾਂ ਵਿਚ ਰਾਜਨੀਤਕ ਧਿਰਾਂ ਦੇ ਚਿੰਨ੍ਹ ਨਾਲ ਸੌਰਵ ਗਾਂਗੁਲੀ ਦੀ ਤਸਵੀਰ ਦਾ ਇਸਤੇਮਾਲ ਕਰਦੇ ਹੋਏ ਬੰਗਾਲੀ ਭਾਸ਼ਾ ਵਿਚ "ਸਵਾਗਤਮ ਦਾਦਾ" ਲਿਖਿਆ ਦੇਖਿਆ ਜਾ ਸਕਦਾ ਹੈ। ਕਈ ਯੂਜ਼ਰ ਇਨ੍ਹਾਂ ਪੋਸਟਰਾਂ ਨੂੰ ਸ਼ੇਅਰ ਕਰਦੇ ਹੋਏ ਆਪਣੀ ਪਾਰਟੀ ਦਾ ਚੋਣ ਪ੍ਰਚਾਰ ਕਰ ਰਹੇ ਹਨ ਅਤੇ ਕਈ ਯੂਜ਼ਰ ਸੌਰਵ ਗਾਂਗੁਲੀ 'ਤੇ ਤਨਜ਼ ਵੀ ਕਸ ਰਹੇ ਹਨ।

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੇ ਇਹ ਸਾਰੇ ਪੋਸਟਰ ਐਡਿਟਡ ਹਨ। ਇਕ ਅਗਰਬੱਤੀ ਦੇ ਪ੍ਰਮੋਸ਼ਨ ਪੋਸਟਰ ਤੋਂ ਸੌਰਵ ਗਾਂਗੁਲੀ ਦੀ ਤਸਵੀਰ ਕੱਟਕੇ ਗਲਤ ਦਾਅਵੇ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀ ਜਾ ਰਹੀ ਹੈ।

ਵਾਇਰਲ ਪੋਸਟ 
ਟਵਿੱਟਰ ਯੂਜ਼ਰ Rinku Modak ਨੇ 2 ਮਾਰਚ ਨੂੰ ਵਾਇਰਲ ਪੋਸਟਰ ਸ਼ੇਅਰ ਕੀਤਾ ਅਤੇ ਕੈਪਸ਼ਨ ਲਿਖਿਆ,''স্বাগতম দাদা।।।।। এবার বাংলায় দাদাকে চাই।।।।।  বাংলায় নতুন পরিবর্তন চাই।। খেলা হবে।।।। জমিয়ে খেলা হবে।।।।।।।''

ਪੰਜਾਬੀ ਅਨੁਵਾਦ ''ਜੀ ਆਇਆਂ ਨੂੰ ਦਾਦਾ…ਹੁਣ ਮੈਂ ਬੰਗਾਲ ਵਿਚ ਆਪਣੇ ਦਾਦਾ ਜੀ ਨੂੰ ਚਾਹੁੰਦਾ ਹਾਂ ...ਮੈਂ ਬੰਗਾਲ ਵਿਚ ਨਵੀਂ ਤਬਦੀਲੀ ਚਾਹੁੰਦਾ ਹਾਂ। ਖੇਡਣਗੇ ..ਖੇਡ ਨੂੰ ਜੰਮ ਕੇ ਖੇਡੋ ''

ਵਾਇਰਲ ਪੋਸਟ ਦਾ ਅਰਕਾਇਵਰਡ ਲਿੰਕ

ਫੇਸਬੁੱਕ 'ਤੇ ਵੀ ਹੈ ਕਾਫ਼ੀ ਵਾਇਰਲ

ਪੜਤਾਲ 
ਪੜਤਾਲ ਦੀ ਸ਼ੁਰੂਆਤ ਕਰਦਿਆਂ ਸਭ ਤੋਂ ਪਹਿਲਾਂ ਅਸੀਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ਼ ਕੀਤਾ। ਸਰਚ ਦੌਰਾਨ ਸਾਨੂੰ ਸੌਰਵ ਗਾਂਗੁਲੀ ਦੀ ਅਸਲ ਤਸਵੀਰ ਮਿਲੀ ਜਿਸ ਵਿਚ ਉਹ ਇਕ ਅਗਰਬੱਤੀ ਦਾ ਵਿਗਿਆਪਨ ਕਰ ਰਹੇ ਹਨ। ਤਸਵੀਰ ਦੇ ਪਿੱਛੇ ਦੇਖਿਆ ਜਾ ਸਕਦਾ ਹੈ ਕਿ ਕਿਸੇ ਵੀ ਪਾਰਟੀ ਦਾ ਕੋਈ ਚਿੰਨ੍ਹ ਨਹੀਂ ਹੈ। ਮਤਲਬ ਸਾਫ਼ ਹੈ ਕਿ ਸੌਰਵ ਗਾਂਗੁਲੀ ਦੀ ਇਸੇ ਤਸਵੀਰ ਨਾਲ ਛੇੜਛਾੜ ਕੀਤੀ ਗਈ ਹੈ ਅਤੇ ਪਾਰਟੀਆਂ ਦੇ ਚਿੰਨ੍ਹ ਵੀ ਐਡਿਟ ਕਰ ਕੇ ਲਗਾਏ ਗਏ ਹਨ। ਇਸ ਦੇ ਨਾਲ ਹੀ ਸੌਰਵ ਗਾਂਗੁਲੀ ਦੇ ਕੁੜਤੇ ਦੇ ਰੰਗ ਵੀ ਪਾਰਟੀ ਦੇ ਚਿੰਨ੍ਹ ਦੇ ਹਿਸਾਬ ਨਾਲ ਬਦਲੇ ਗਏ ਹਨ। 

ਅਸਲ ਤਸਵੀਰ ਨੂੰ ਹੇਠਾਂ ਦੇਖਿਆ ਜਾ ਸਕਦਾ ਹੈ। 

ਇਸ ਦੇ ਨਾਲ ਹੀ ਸਰਚ ਦੌਰਾਨ ਸਾਨੂੰ ਅਗਰਬੱਤੀ ਦੇ ਵਿਗਿਆਪਨ ਨਾਲ ਮਿਲਦੀ ਜੁਲਦੀ ਤਸਵੀਰ ਸੌਰਵ ਗਾਂਗੁਲੀ ਦੇ ਅਧਿਕਾਰਕ ਟਵਿੱਟਰ ਹੈਂਡਲ 'ਤੇ ਵੀ ਅਪਲੋਡ ਕੀਤੀ ਮਿਲੀ। ਤਸਵੀਰ ਵਿਚ ਉਹਨਾਂ ਨੂੰ ਅਗਰਬੱਤੀ ਦਾ ਵਿਗਿਆਪਨ ਕਰਦੇ ਹੋਏ ਦੇਖਿਆ ਜਾ ਸਕਦਾ ਹੈ ਅਤੇ ਤਸਵੀਰ ਦੇ ਪਿੱਛੇ ਵੀ ਸਾਈਕਲ ਅਗਰਬੱਤੀ ਨੂੰ ਲੈ ਕੇ ਪੋਸਟਰ ਲੱਗੇ ਦਿਖਾਈ ਦੇ ਰਹੇ ਹਨ। ਇਹ ਟਵੀਟ ਸੌਰਵ ਗਾਂਗੁਲੀ ਨੇ 4 ਮਾਰਚ 2016 ਵਿਚ ਕੀਤਾ ਸੀ। 

ਸਾਈਕਲ ਅਗਰਬੱਤੀ ਦੇ ਇਸ ਵਿਗਿਆਪਨ ਦਾ ਵੀਡੀਓ ਕੰਪਨੀ ਦੇ ਯੂਟਿਊਬ ਪੇਜ਼ 'ਤੇ ਵੀ ਦੇਖਿਆ ਜਾ ਸਕਦਾ ਹੈ। ਇਹ ਵੀਡੀਓ 5 ਅਕਤੂਬਰ 2016 ਨੂੰ ਅਪਲੋਡ ਕੀਤਾ ਗਿਆ ਸੀ। ਇਸ ਵੀਡੀਓ ਵਿਚ ਵੀ ਸੌਰਵ ਗਾਂਗੁਲੀ ਨੂੰ ਦੇਖਿਆ ਜਾ ਸਕਦਾ ਹੈ। ਇਹ ਵੀਡੀਓ 4 ਸਾਲ ਪੁਰਾਣਾ ਹੈ। 

ਦੱਸ ਦਈਏ ਕਿ 27 ਮਾਰਚ ਤੋਂ ਲੈ ਕੇ 29 ਅ੍ਰਪੈਲ ਤੱਕ 8 ਪੜਾਅ ਵਿਚ ਬੰਗਾਲ ਦੀਆਂ ਚੋਣਾਂ ਹੋਣੀਆਂ ਹਨ ਅਤੇ ਇਨ੍ਹਾਂ ਚੋਣਾਂ ਨੂੰ ਲੈ ਸੋਸ਼ਲ ਮੀਡੀਆ 'ਤੇ ਪਹਿਲਾਂ ਵੀ ਕਾਫ਼ੀ ਫਰਜ਼ੀ ਦਾਅਵੇ ਕੀਤੇ ਗਏ ਹਨ । ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਸਰਗਰਮ ਹਨ ਤੇ ਤਿਆਰੀਆਂ ਜ਼ੋਰਾਂ ਸ਼ੋਰਾਂ 'ਤੇ ਚੱਲ ਰਹੀਆਂ ਹਨ। ਇਸ ਦੇ ਨਾਲ ਹੀ ਸੌਰਵ ਗਾਂਗੁਲੀ ਨੂੰ ਲੈ ਕੇ ਵੀ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਉਹ ਰਾਜਨੀਤੀ ਵਿਚ ਕਦਮ ਰੱਖ ਸਕਦੇ ਹਨ ਅਤੇ 7 ਮਾਰਚ ਨੂੰ ਪੀਐੱਮ ਮੋਦੀ ਵੱਲੋਂ ਕੋਲਕਾਤਾ ਦੇ ਬ੍ਰਿਗੇਡ ਮੈਦਾਨ ਵਿਚ ਕੀਤੀ ਗਈ ਰੈਲੀ ਵਿਚ ਵੀ ਸ਼ਾਮਲ ਹੋ ਸਕਦੇ ਹਨ ਪਰ ਅਜਿਹਾ ਕੁੱਝ ਵੀ ਨਹੀਂ ਹੋਇਆ।   

ਇਸ ਦੇ ਨਾਲ ਹੀ ਬੰਗਾਲ ਤੋਂ ਭਾਜਪਾ ਆਗੂ ਦਿਲੀਪ ਘੋਸ਼ ਨੇ ਇਹ ਬਿਆਨ ਦਿੱਤਾ ਸੀ ਕਿ ਸੌਰਵ ਗਾਂਗੁਲੀ ਬਾਰੇ ਜੋ ਵੀ ਖ਼ਬਰਾਂ ਫੈਲਾਈਆਂ ਜਾ ਰਹੀਆਂ ਹਨ ਉਨ੍ਹਾਂ ਵਿਚ ਕੋਈ ਦਮ ਨਹੀਂ ਹੈ। ਸੌਰਵ ਗਾਂਗੁਲੀ ਨੇ ਅਜੇ ਤੱਕ ਪਾਰਟੀ ਨਾਲ ਕੋਈ ਗੱਲਬਾਤ ਨਹੀਂ ਕੀਤੀ ਹੈ ਅਤੇ ਨਾ ਹੀ ਪਾਰਟੀ ਨੇ ਕੋਈ ਗੱਲਬਾਤ ਕੀਤੀ ਹੈ। ਹਾਂ ਜੇ ਕੋਈ ਪਾਰਟੀ ਵਿਚ ਸ਼ਾਮਲ ਹੋਣਾ ਚਾਹੁੰਦਾ ਹੈ ਤਾਂ ਉਨ੍ਹਾਂ ਸਭ ਦਾ ਸਵਾਗਤ ਹੋਵੇਗਾ। 

ਨਤੀਜਾ- ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਪੋਸਟਰ ਨੂੰ ਐਡਿਟ ਕੀਤਾ ਗਿਆ ਹੈ। ਅਸਲ ਪੋਸਟਰ ਵਿਚ ਸੌਰਵ ਗਾਂਗੁਲੀ ਸਾਈਕਲ ਅਗਰਬੱਤੀ ਕੰਪਨੀ ਦੇ ਉਤਪਾਦ ਦਾ ਵਿਗਿਆਪਨ ਕਰ ਰਹੇ ਹਨ।

Claim: ਸੌਰਵ ਗਾਂਗੁਲੀ ਦੇ ਰਾਜਨੀਤਿਕ ਪਾਰਟੀਆਂ ਨੂੰ ਲੈ ਕੇ ਵਾਇਰਲ ਪੋਸਟਰ 
Claimed By: ਟਵਿੱਟਰ ਯੂਜ਼ਰ Rinku Modak
Fact Check: ਫਰਜ਼ੀ