ਤੱਥ ਜਾਂਚ: ਨਵਜੋਤ ਸਿੱਧੂ ਅਤੇ ਅਮਿਤ ਸ਼ਾਹ ਵਿਚਾਲੇ ਗੁਪਤ ਮੀਟਿੰਗਾਂ ਦਾ ਦਾਅਵਾ ਕਰਦੀ ਖ਼ਬਰ ਫਰਜੀ

ਸਪੋਕਸਮੈਨ ਸਮਾਚਾਰ ਸੇਵਾ

Fact Check

ਇਹ ਵਾਇਰਲ ਕਟਿੰਗ ਫਰਜੀ ਹੈ। ਨਵਜੋਤ ਸਿੱਧੂ ਦੇ ਭਾਜਪਾ ਵਿਚ ਸ਼ਾਮਿਲ ਹੋਣ ਦੀਆਂ ਗੱਲਾਂ ਨੂੰ ਲੈ ਕੇ ਕੋਈ ਅਧਿਕਾਰਿਕ ਖਬਰ ਸਾਹਮਣੇ ਨਹੀਂ ਆਈ ਹੈ।

News cutting claiming secret meetings between Navjot Sidhu and Amit Shah is fake

RSFC (Team Mohali): ਪੰਜਾਬ ਵਿਚ ਪਿਛਲੇ ਦਿਨੀਂਂ ਕਾਂਗਰਸ ਸਰਕਾਰ ਵਿਚ ਸਿਆਸੀ ਭੂਚਾਲ ਵੇਖਣ ਨੂੰ ਮਿਲਿਆ। ਇਸ ਦੌਰਾਨ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਸਰਕਾਰੀ ਦੀ ਭੂਮਿਕਾ ਸਬੰਧੀ ਲੀਡਰਾਂ ਵਿਚ ਨਰਾਜ਼ਗੀ ਦੇਖਣ ਨੂੰ ਮਿਲੀ। ਇਹ ਘਮਾਸਾਨ ਇੰਨਾ ਵੱਧ ਗਿਆ ਸੀ ਕਿ ਇਸ ਦੇ ਹੱਲ ਲਈ ਪੰਜਾਬ ਕਾਂਗਰਸ ਵੱਲੋਂ ਪਾਰਟੀ ਹਾਈ ਕਮਾਨ ਦੇ ਬੂਹੇ ਖੜਕਾਏ ਗਏ। ਹੁਣ ਇਸੇ ਘਮਾਸਾਨ ਨੂੰ ਲੈ ਕੇ ਇੱਕ ਨਿਊਜ਼ਪੇਪਰ ਕਟਿੰਗ ਵਾਇਰਲ ਹੋ ਰਹੀ ਹੈ ਜਿਸ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਭਾਜਪਾ ਨਾਲ ਜਲਦੀ ਜੁੜ ਸਕਦੇ ਹਨ ਕਿਓਂਕਿ ਉਨ੍ਹਾਂ ਵੱਲੋਂ ਅਮਿਤ ਸ਼ਾਹ ਨਾਲ ਗੁਪਤ ਮੀਟਿੰਗਾਂ ਕੀਤੀ ਗਈਆਂ ਹਨ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵਾਇਰਲ ਕਟਿੰਗ ਫਰਜੀ ਹੈ। ਨਵਜੋਤ ਸਿੰਘ ਸਿੱਧੂ ਦੇ ਭਾਜਪਾ ਵਿਚ ਸ਼ਾਮਿਲ ਹੋਣ ਦੀਆਂ ਗੱਲਾਂ ਨੂੰ ਲੈ ਕੇ ਕੋਈ ਅਧਿਕਾਰਿਕ ਖਬਰ ਸਾਹਮਣੇ ਨਹੀਂ ਆਈ ਹੈ।

ਵਾਇਰਲ ਪੋਸਟ

ਫੇਸਬੁੱਕ ਯੂਜ਼ਰ "Sandeep Singh" ਨੇ ਵਾਇਰਲ ਕਟਿੰਗ ਸ਼ੇਅਰ ਕਰਦਿਆਂ ਲਿਖਿਆ, "ਸਿੱਧੂ ਸਾਬ ਪਿਉ ਬਦਲਣ ਦੀ ਫਿਰਾਕ ਚ"

ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸ ਭਤੋਂ ਪਹਿਲਾਂ ਵਾਇਰਲ ਕਟਿੰਗ ਨੂੰ ਧਿਆਨ ਨਾਲ ਪੜ੍ਹਿਆ। ਸਾਨੂੰ ਇਸ ਕਟਿੰਗ ਵਿਚ ਕਈ ਵਿਆਕਰਣ ਦੀਆਂ ਗਲਤੀਆਂ ਵੇਖਣ ਨੂੰ ਮਿਲੀਆਂ ਜਿਹੜੀਆਂ ਅਕਸਰ ਇੱਕ ਅਖਬਾਰ ਦੀ ਭਾਸ਼ਾ ਵਿਚ ਨਹੀਂ ਮਿਲਦੀਆਂ ਹਨ। ਇਨ੍ਹਾਂ ਗਲਤੀਆਂ ਨੂੰ ਹਾਈਲਾਈਟ ਕਰਦਾ ਸਕ੍ਰੀਨਸ਼ੋਟ ਹੇਠਾਂ ਵੇਖਿਆ ਜਾ ਸਕਦਾ ਹੈ।

ਅੱਗੇ ਵੱਧਦੇ ਹੋਏ ਅਸੀਂ ਇਸ ਕਟਿੰਗ ਨੂੰ ਅਧਾਰ ਬਣਾਕੇ ਖ਼ਬਰਾਂ ਸਰਚ ਕੀਤੀਆਂ। ਸਾਨੂੰ ਇਸ ਦਾਅਵੇ ਦੀ ਪੁਸ਼ਟੀ ਕਰਦੀ ਕੋਈ ਵੀ ਖਬਰ ਆਪਣੀ ਸਰਚ ਦੌਰਾਨ ਨਹੀਂ ਮਿਲੀ ਹੈ।

ਪੁਖਤਾ ਜਾਣਕਾਰੀ ਲਈ ਅਸੀਂ ਰੋਜ਼ਾਨਾ ਸਪੋਕਸਮੈਨ ਦੇ ਸੀਨੀਅਰ ਸਿਆਸੀ ਪੱਤਰਕਾਰ ਹਰਦੀਪ ਸਿੰਘ ਭੋਗਲ ਨਾਲ ਇਸ ਕਟਿੰਗ  ਨੂੰ ਲੈ ਕੇ ਗੱਲਬਾਤ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ, "ਇਹ ਕਲਿਪ ਫਰਜੀ ਹੈ। ਇਸ ਤਰ੍ਹਾਂ ਦੀਆਂ ਅਫਵਾਹਾਂ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਪਹਿਲਾਂ ਹੀ ਦੱਸ ਚੁੱਕੇ ਹਨ ਕਿ ਉਨ੍ਹਾਂ ਦੀ ਕਿਸੇ ਵੀ ਪਾਰਟੀ ਦੇ ਕਿਸੇ ਨੇਤਾ ਨਾਲ ਮੁਲਾਕਾਤ ਨਹੀਂ ਹੋਈ। ਉਨ੍ਹਾਂ ਕਿਹਾ ਕਿ ਜੇ ਕਿਸੇ ਕੋਲ ਅਜਿਹੇ ਦਾਅਵਿਆਂ ਨੂੰ ਲੈ ਕੇ ਸਬੂਤ ਹਨ ਤਾਂ ਪੇਸ਼ ਕੀਤਾ ਜਾਵੇ ਨਹੀਂ ਤਾਂ ਅਜਿਹੇ ਸਿਆਸੀ ਪੈਂਤੜੇ ਬੰਦ ਕੀਤੇ ਜਾਣ।

ਸਪੋਕਸਮੈਨ ਵੱਲੋਂ ਇਸ ਕਟਿੰਗ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਦਾ ਜਵਾਬ ਆਉਂਦੇ ਹੀ ਆਰਟੀਕਲ ਨੂੰ ਅਪਡੇਟ ਕੀਤਾ ਜਾਵੇਗਾ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵਾਇਰਲ ਕਟਿੰਗ ਫਰਜੀ ਹੈ। ਨਵਜੋਤ ਸਿੰਘ ਸਿੱਧੂ ਦੇ ਭਾਜਪਾ ਵਿਚ ਸ਼ਾਮਿਲ ਹੋਣ ਦੀਆਂ ਗੱਲਾਂ ਨੂੰ ਲੈ ਕੇ ਕੋਈ ਅਧਿਕਾਰਿਕ ਖਬਰ ਸਾਹਮਣੇ ਨਹੀਂ ਆਈ ਹੈ।

Claim- ਨਵਜੋਤ ਸਿੰਘ ਸਿੱਧੂ ਭਾਜਪਾ ਨਾਲ ਜੁੜਨਗੇ ਕਿਓਂਕਿ ਅਮਿਤ ਸ਼ਾਹ ਨਾਲ ਹੋ ਰਹੀ ਗੁਪਤ ਮੀਟਿੰਗਾਂ

Claimed By- ਫੇਸਬੁੱਕ ਯੂਜ਼ਰ ਸੰਦੀਪ ਸਿੰਘ

Fact Check- ਫਰਜੀ