Fact Check: BJP ਆਗੂ ਦੇ ਵਿਰੋਧ ਦਾ ਇਹ ਵੀਡੀਓ UP ਦੇ ਲਖੀਮਪੁਰ ਦਾ ਨਹੀਂ ਬਲਕਿ ਪੰਜਾਬ ਦੇ ਰਾਜਪੁਰਾ ਦਾ ਪੁਰਾਣਾ ਮਾਮਲਾ ਹੈ

ਸਪੋਕਸਮੈਨ ਸਮਾਚਾਰ ਸੇਵਾ

ਰੋਜ਼ਾਨਾ ਸਪੋਕਸਮੈਨ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ।

Fact Check Old video of BJP Spokesperson faced protest in Punjab shared recent in the name of Uttar pradesh

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇੱਕ ਵਿਅਕਤੀ ਨੂੰ ਭੱਜਦਿਆਂ ਵੇਖਿਆ ਜਾ ਸਕਦਾ ਹੈ। ਉਸ ਵਿਅਕਤੀ ਨਾਲ ਪੁਲਿਸ ਵੀ ਭੱਜ ਰਹੀ ਹੈ ਅਤੇ ਮੌਜੂਦਾ ਲੋਕ ਨਾਅਰੇਬਾਜ਼ੀ ਕਰਦੇ ਸੁਣਾਈ ਦੇ ਰਹੇ ਹਨ। ਹੁਣ ਇਸ ਵੀਡੀਓ ਨੂੰ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਾਮਲਾ ਉੱਤਰ ਪ੍ਰਦੇਸ਼ ਦੇ ਲਖੀਮਪੁਰ ਦਾ ਹੈ ਜਿਥੇ ਆਮ ਜਨਤਾ ਨੇ ਭਾਜਪਾ ਆਗੂ ਨਾਲ ਕੁੱਟਮਾਰ ਕੀਤੀ। 

ਰੋਜ਼ਾਨਾ ਸਪੋਕਸਮੈਨ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ ਅਤੇ ਉੱਤਰ ਪ੍ਰਦੇਸ਼ ਦਾ ਨਹੀਂ ਬਲਕਿ ਪੰਜਾਬ ਦੇ ਰਾਜਪੁਰਾ ਦਾ ਹੈ ਜਿਥੇ ਭਾਜਪਾ ਦੇ ਬੁਲਾਰੇ ਭੁਪੇਸ਼ ਅਗਰਵਾਲ ਦਾ ਵਿਰੋਧ ਕੀਤਾ ਗਿਆ ਸੀ।

ਵਾਇਰਲ ਪੋਸਟ

ਫੇਸਬੁੱਕ ਪੇਜ "Office of RG" ਨੇ 7 ਅਕਤੂਬਰ 2022 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਲੋਕਾਂ ਵੱਲੋਂ ਭਾਜਪਾ ਆਗੂ ਦੀ ਕੁੱਟਮਾਰ"

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਵੀਡੀਓ ਦੇ ਲਿੰਕ ਨੂੰ InVID ਟੂਲ ਵਿਚ ਪਾਇਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਸਰਚ ਕੀਤਾ।  

ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੇ ਵੀਡੀਓ ਨਾਲ ਮੇਲ ਖਾਂਦੀਆਂ ਤਸਵੀਰਾਂ News Click ਦੀ ਇੱਕ ਰਿਪੋਰਟ ਵਿਚ ਮਿਲੀਆਂ। ਇਹ ਰਿਪੋਰਟ 12 ਜੁਲਾਈ 2021 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ। 

ਰਿਪੋਰਟ ਅਨੁਸਾਰ, ਪਟਿਆਲਾ ਜ਼ਿਲ੍ਹਾ ਦੇ ਅਧੀਨ ਰਾਜਪੁਰਾ ਵਿਖੇ ਕਿਸਾਨਾਂ ਨੇ ਭਾਜਪਾ ਆਗੂ ਅਤੇ ਬੁਲਾਰੇ ਭੁਪੇਸ਼ ਅਗਰਵਾਲ ਦਾ ਵਿਰੋਧ ਕੀਤਾ ਅਤੇ ਉਨ੍ਹਾਂ ਨੂੰ 3 ਘੰਟਿਆਂ ਲਈ  ਨਜ਼ਰਬੰਦ ਰੱਖਿਆ।

ਇਸ ਰਿਪੋਰਟ ਨੂੰ ਧਿਆਨ ਵਿਚ ਰੱਖਦਿਆਂ ਅਸੀਂ ਅੱਗੇ ਵਧਦੇ ਹੋਏ ਕੀਵਰਡ ਸਰਚ ਨਾਲ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ The Tribune ਦਾ 11 ਜੁਲਾਈ 2021 ਨੂੰ ਪ੍ਰਕਾਸ਼ਿਤ ਆਰਟੀਕਲ ਮਿਲਿਆ ਜਿਸਦੇ ਵਿਚ ਵੀ ਸਾਨੂੰ ਵਾਇਰਲ ਵੀਡਿਓ ਨਾਲ ਮੇਲ ਖਾਂਦੀ ਤਸਵੀਰ ਮਿਲੀ। ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਕਿਸਾਨਾਂ ਨੇ ਭਾਜਪਾ ਦੇ ਬੁਲਾਰੇ ਭੁਪੇਸ਼ ਅਗਰਵਾਲ ਦਾ ਘਿਰਾਓ ਕੀਤਾ ਅਤੇ ਮੀਟਿੰਗ ਤੋਂ ਬਾਅਦ ਤਿੰਨ ਘੰਟਿਆਂ ਦੇ ਲਈ ਨਜ਼ਰਬੰਦ ਰੱਖਿਆ।

ਸਾਨੂੰ ਇਹ ਵੀਡੀਓ ਹੋਰ ਸਰਚ ਕਰਨ 'ਤੇ ਕਈ ਪੁਰਾਣੇ ਪੋਸਟਾਂ 'ਤੇ ਅਪਲੋਡ ਮਿਲਿਆ। ਮਾਮਲੇ ਦੇ ਸਾਫ ਵੀਡੀਓ ਨੂੰ BBC ਪੰਜਾਬੀ ਨੇ ਵੀ ਕਵਰ ਕੀਤਾ ਸੀ। BBC ਪੰਜਾਬੀ ਨੇ 11 ਜੁਲਾਈ 2021 ਨੂੰ ਇਸ ਮਾਮਲੇ ਦੇ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ, "ਰਾਜਪੁਰਾ ਵਿਚ ਕਿਸਾਨਾਂ ਦੇ ਵਿਰੋਧ ਕਾਰਨ ਭਾਜਪਾ ਆਗੂਆਂ ਨੂੰ ਵਿਚਾਲੇ ਛੱਡਣੀ ਪਈ ਬੈਠਕ ਤਾਂ ਹਰਿਆਣਾ ਵਿਚ ਭਾਜਪਾ ਦਫ਼ਤਰ ਉੱਤੇ ਚੜ੍ਹੇ ਕਿਸਾਨ"

ਫੇਸਬੁੱਕ ਪੇਜ Taaza Khabar 24 News ਨੇ 11 ਜੁਲਾਈ 2021 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਰਾਜਪੁਰਾ ਚ ਭਾਜਪਾ ਆਗੂ ਨੂੰ ਵੋਟਾਂ ਪਾਉਂਦੇ ਹੋਏ ਕਿਸਾਨ | Taaza Khabar 24 News"

ਮਤਲਬ ਸਾਫ ਸੀ ਕਿ ਪੰਜਾਬ ਦੇ ਪੁਰਾਣੇ ਵੀਡੀਓ ਨੂੰ ਹੁਣ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ ਅਤੇ ਉੱਤਰ ਪ੍ਰਦੇਸ਼ ਦਾ ਨਹੀਂ ਬਲਕਿ ਪੰਜਾਬ ਦੇ ਰਾਜਪੁਰਾ ਦਾ ਹੈ ਜਿਥੇ ਭਾਜਪਾ ਦੇ ਬੁਲਾਰੇ ਭੁਪੇਸ਼ ਅਗਰਵਾਲ ਦਾ ਵਿਰੋਧ ਕੀਤਾ ਗਿਆ ਸੀ।

Claim- People of Lakhimpur Kheri thrashed BJP Leader
Claimed By- FB Page Office of RG
Fact Check- Misleading